ਰਾਵੀ ਨਦੀ ''ਚ ਨੌਜਵਾਨ ਨੇ ਮਾਰੀ ਛਾਲ, ਰੁੜ੍ਹਿਆ

07/18/2018 5:16:44 PM

ਜੁਗਿਆਲ (ਸ਼ਰਮਾ) : ਬਾਬਾ ਮੁਕਤੇਸ਼ਵਰ ਮੰਦਰ ਹੇਠਾਂ ਵਗਣ ਵਾਲੀ ਰਾਵੀ ਨਦੀ 'ਚ ਇਕ ਨੌਜਵਾਨ ਦੇ ਰੁੜ੍ਹਨ ਦਾ ਸਮਾਚਾਰ ਮਿਲਿਆ ਹੈ। ਨੌਜਵਾਨ ਦੀ ਪਛਾਣ ਪ੍ਰਯਾਂਸ਼ੂ ਮਹਾਜਨ ਪੁੱਤਰ ਨਰੇਸ਼ ਮਹਾਜਨ ਪਿੰਡ ਮਰਾੜਾ ਦੀਨਾਨਗਰ ਵਜੋਂ ਹੋਈ ਹੈ। ਸ਼ਾਹਪੁਰਕੰਢੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਅਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੇਖਿਆ। ਡੀ. ਐੱਸ. ਪੀ. ਕੁਲਦੀਪ ਸਿੰਘ ਤੇ ਥਾਣਾ ਮੁਖੀ ਦਲਵਿੰਦਰ ਸ਼ਰਮਾ ਨੇ ਦੱਸਿਆ ਕਿ ਉਕਤ ਨੌਜਵਾਨ ਸਵੇਰੇ ਲਗਭਗ ਅੱਠ ਵਜੇ ਧਾਮ 'ਚ ਰਾਵੀ ਨਦੀ ਦੇ ਕਿਨਾਰੇ ਆ ਗਿਆ ਸੀ ਪਰ ਪਾਣੀ ਅੰਦਰ ਨਹੀਂ ਜਾ ਰਿਹਾ ਸੀ। ਉਕਤ ਨੌਜਵਾਨ ਦੇ ਕੋਲ ਮੋਬਾਇਲ ਵੀ ਸੀ, ਜਿਸ 'ਤੇ ਉਹ ਗੱਲਾਂ ਕਰ ਰਿਹਾ ਸੀ। 
ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਅਨੁਸਾਰ ਉਕਤ ਨੌਜਵਾਨ ਨੇ ਲਗਭਗ 10 ਵਜੇ ਪਹਿਲਾਂ ਮੋਬਾਇਲ ਉਪਰ ਗੱਲ ਕੀਤੀ, ਇਸ ਤੋਂ ਬਾਅਦ ਮੋਬਾਇਲ ਨੂੰ ਹੱਥ 'ਚ ਲੈ ਕੇ ਉਸ ਨੇ ਪਾਣੀ ਵਿਚ ਛਾਲ ਮਾਰ ਦਿੱਤੀ ਅਤੇ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ ਜਦਕਿ ਸੀ. ਸੀ. ਟੀ. ਵੀ. ਕੈਮਰੇ ਵਿਚ ਸਾਫ ਦਿਖਾਈ ਦੇ ਰਿਹਾ ਸੀ ਕਿ ਉਸ ਨੂੰ ਬਚਣ ਦੇ ਦੋ ਮੌਕੇ ਮਿਲੇ ਪਰ ਸ਼ਾਇਦ ਪ੍ਰਯਾਂਸ਼ੂ ਦੇ ਮਨ 'ਚ ਕੁਝ ਹੋਰ ਹੀ ਸੀ। ਨੌਜਵਾਨ ਦੇ ਪਿਤਾ ਅਨਿਲ ਮਹਾਜਨ ਨੇ ਦੱਸਿਆ ਕਿ ਸਵੇਰੇ ਪ੍ਰਯਾਂਸ਼ੂ ਬਾਬਾ ਮੁਕਤੇਸ਼ਵਰ ਮੰਦਰ ਵਿਚ ਮੱਥਾ ਟੇਕਣ ਲਈ ਗਿਆ ਸੀ। ਡੈਮ ਅਧਿਕਾਰੀਆਂ ਨੇ ਪਾਣੀ ਨੂੰ ਘੱਟ ਕਰ ਦਿੱਤਾ ਹੈ ਤਾਂ ਕਿ ਪ੍ਰਯਾਂਸ਼ੂ ਦਾ ਕੋਈ ਪਤਾ ਲੱਗ ਸਕੇ। ਸਮਾਚਾਰ ਲਿਖੇ ਜਾਣ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ।