ਚੌਥੀ ਮੰਜ਼ਿਲ ਤੋਂ ਡਿਗਣ ਨਾਲ ਰਿਟਾ. ਬੈਂਕ ਮੁਲਾਜ਼ਮ ਦੀ ਮੌਤ

04/03/2018 6:35:27 AM

ਖਰੜ, (ਰਣਬੀਰ, ਅਮਰਦੀਪ, ਸ਼ਸ਼ੀ)- ਅੱਜ ਸਵੇਰੇ ਸਥਾਨਕ ਗਿਲਕੋ ਹਾਈਟਸ ਅੰਦਰ ਇਕ ਫਲੈਟ ਦੀ ਚੌਥੀ ਮੰਜ਼ਿਲ ਤੋਂ ਡਿਗ ਕੇ ਬਜ਼ੁਰਗ ਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਫੌਰੀ ਸਿਟੀ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਵੱਲੋਂ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈਂਦਿਆਂ ਲਾਸ਼ ਨੂੰ ਸਿਵਲ ਹਸਪਤਾਲ ਖਰੜ ਅੰਦਰ ਮੌਰਚਰੀ 'ਚ ਰਖਵਾ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। 
ਘਟਨਾ ਦੀ ਤਫਤੀਸ਼ ਕਰ ਰਹੇ ਏ. ਐੱਸ. ਆਈ. ਸਿਕੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਨੌਰਬੂ ਚੈਰਿੰਗ (60) ਵਾਸੀ ਕੁੱਲੂ ਵੈਲੀ ਵਜੋਂ ਹੋਈ ਹੈ, ਜੋ ਆਪਣੀਆਂ 2 ਬੇਟੀਆਂ ਸਮੇਤ ਉਕਤ ਥਾਂ ਫਲੈਟ ਨੰ. ਆਰ-407 'ਚ ਰਹਿ ਰਿਹਾ ਸੀ। ਉਸ ਦੀ ਪਤਨੀ ਸਰਕਾਰੀ ਮੁਲਾਜ਼ਮ ਹੈ, ਜੋ ਇਥੋਂ ਦੂਰ ਆਪਣੀ ਪੋਸਟਿੰਗ ਵਾਲੀ ਥਾਂ 'ਤੇ ਰਹਿ ਰਹੀ ਹੈ। ਨੌਰਬੂ ਬੈਂਕ 'ਚੋਂ ਰਿਟਾਇਰ ਹੋਣ ਮਗਰੋਂ ਇਥੇ ਰਹਿ ਰਿਹਾ ਸੀ। 
ਅੱਜ ਸਵੇਰੇ ਉਹ ਆਪਣੇ ਫਲੈਟ ਦੀ ਇਕ ਖਿੜਕੀ 'ਚੋਂ ਬਾਹਰ ਡਿਗੀ ਸ਼ੇਵਿੰਗ ਮਾਊਜ਼ਰ ਨੂੰ ਚੁੱਕਣ ਲਈ ਝੁਕਿਆ ਤਾਂ ਅਚਾਨਕ ਹੇਠਾਂ ਡਿਗ ਪਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਅੱਜ ਪੋਸਟਮਾਰਟਮ ਕਰਵਾ ਕੇ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।