ਲਗਾਤਾਰ ਵਧ ਰਹੀ ਮਹਿੰਗਾਈ ਨੇ ਲੋਕਾਂ ਦੇ ਤੋਡ਼ੇ ਲੱਕ, ਗਰੀਬ ਫਾਕੇ ਕੱਟਣ ਲਈ ਹੋਏ ਮਜਬੂਰ

09/18/2020 2:28:50 PM

ਨਾਭਾ(ਰਾਹੁਲ ਖੁਰਾਣਾ) - ਦਿਨੋਂ-ਦਿਨ ਵਧ ਰਹੇ ਸਬਜ਼ੀ ਦੇ ਰੇਟਾਂ ਨੇ ਆਮ ਲੋਕਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਜਿੱਥੇ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਲੋਕਾਂ ਨੇ ਅਜੇ ਭੁਲਾਇਆਂ ਵੀ ਨਹੀਂ ਅਤੇ ਹੁਣ ਸਬਜ਼ੀ ਦੇ ਵਧੇ ਰੇਟਾਂ ਨੇ ਘਰ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਨਾਭਾ ਦੀ ਸਬਜ਼ੀ ਮੰਡੀ ਵਿਚ ਸਬਜ਼ੀਆਂ ਦੇ ਭਾਅ ਆਸਮਾਨ ਨੂੰ ਛੋਹ ਰਹੇ ਹਨ। ਬੀਤੇ ਸਮੇਂ ਦੌਰਾਨ ਆਲੂ 10 ਰੁਪਏ ਕਿਲੋ ਵਿਕ ਰਿਹਾ ਸੀ ਉਹ ਅੱਜ 40 ਰੁਪਏ ਕਿੱਲੋ ਹੋ ਗਿਆ ਹੈ, ਪਿਆਜ਼ 40, ਗੋਭੀ 80, ਟਮਾਟਰ 40 ਅਤੇ 70, ਸ਼ਿਮਲਾ ਮਿਰਚ 60, ਮਟਰ 250 ਰੁਪਏ ਕਿੱਲੋ ਹੋਣ ਨਾਲ ਗਰੀਬ ਲੋਕ ਸਬਜ਼ੀ ਖਾਣ ਨੂੰ ਤਰਸ ਰਹੇ ਹਨ।

ਦੇਸ਼ ਅੰਦਰ ਦਿਨੋਂ-ਦਿਨ ਵੱਧ ਰਹੀ ਲੱਕ-ਤੋੜ ਮਹਿੰਗਾਈ ਅਤੇ ਵੱਧ ਰਹੇ ਸਬਜ਼ੀ ਦੇ ਰੇਟਾਂ ਦੇ ਨਾਲ ਗਰੀਬਾਂ ਦੀਅਾਂ ਜੇਬਾਂ ਤੇ ਡਾਕਾ ਵੱਜਣ ਦੇ ਬਰਾਬਰ ਹੈ। ਨਾਭਾ ਦੀ ਸਬਜ਼ੀ ਮੰਡੀ ਵਿਚ ਹਰ ਸਬਜ਼ੀ ਦੇ ਰੇਟ ਆਸਮਾਨ ਨੂੰ ਛੋਹ ਰਹੇ ਹਨ ਅਤੇ ਗਰੀਬ ਵਿਅਕਤੀ ਸਬਜ਼ੀ ਵੇਖ ਕੇ ਹੀ ਘਰ ਪਰਤ ਆਉਂਦਾ ਹੈ। ਗਰੀਬ ਵਿਅਕਤੀ ਦੀ ਸਭ ਤੋਂ ਸਸਤੀ ਸਬਜ਼ੀ ਆਲੂ ਸੀ ਅਤੇ ਹੁਣ ਉਹ ਵੀ 40 ਰੁਪਏ ਕਿੱਲੋ ਹੋ ਗਈ ਹੈ ਅਤੇ ਗਰੀਬ ਖਾਵੇ ਤਾਂ ਕੀ ਖਾਵੇ।

ਇਸ ਮੌਕੇ 'ਤੇ ਸਬਜ਼ੀ ਮੰਡੀ ਵਿਚ ਸਬਜ਼ੀ ਲੈਣ ਆਏ ਅਸ਼ੋਕ ਕੁਮਾਰ ਨੇ ਕਿਹਾ ਕਿ ਸਬਜ਼ੀ ਦੇ ਰੇਟ ਇੰਨੇ ਵੱਧ ਚੁੱਕੇ ਹਨ ਕਿ ਗ਼ਰੀਬ ਵਿਅਕਤੀ ਖਾਵੇ ਤਾਂ ਕੀ ਖਾਵੇ ਕਿਉਂਕਿ ਆਲੂ, ਪਿਆਜ਼ ,ਟਮਾਟਰ ਗੋਭੀ ਹਰ ਚੀਜ਼ ਦੇ ਰੇਟ ਗਰੀਬ ਦੀ ਪਹੁੰਚ ਤੋਂ ਬਾਹਰ ਹਨ।

ਇਸ ਮੌਕੇ 'ਤੇ ਸਬਜ਼ੀ ਵਿਕਰੇਤਾ ਰਹੀਮ ਮੁਹੰਮਦ ਨੇ ਕਿਹਾ ਕਿ ਜਦੋਂ ਅਸੀਂ ਸਬਜ਼ੀ ਦਾ ਰੇਟ ਦੱਸਦੇ ਹਾਂ ਤਾਂ ਗਾਹਕ ਸਾਡੇ ਨਾਲ ਲੜਨ ਲੱਗ ਪੈਂਦੇ ਹਨ। ਕਿਉਂਕਿ ਸਬਜ਼ੀਆਂ ਦੇ ਰੇਟ ਇੰਨੇ ਵਧ ਚੁੱਕੇ ਹਨ ਕਿ ਸਬਜ਼ੀ ਗਰੀਬ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ।

ਇਸ ਮੌਕੇ 'ਤੇ ਖਰੀਦਦਾਰ ਦਵਿੰਦਰ ਸਿੰਘ ਨੇ ਕਿਹਾ ਕਿ ਹਰ ਸਬਜ਼ੀ ਦੇ ਰੇਟ ਵੱਧ ਗਏ ਹਨ। ਜਿਸ ਕਰਕੇ ਗ਼ਰੀਬ ਲਈ ਰੋਟੀ ਖਾਣਾ ਇਸ ਮਹਿੰਗਾਈ ਦੇ ਦੌਰ ਵਿਚ ਔਖਾ ਹੋ ਗਿਆ ਹੈ। ਪਹਿਲਾਂ ਜਿੱਥੇ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਕਾਰਨ ਪਹਿਲਾਂ ਹੀ ਕੰਮ ਕਾਰ ਠੱਪ ਹੋ ਗਏ ਹਨ। ਦੂਜੇ ਪਾਸੇ ਹੁਣ ਸਬਜ਼ੀ ਦੇ ਵਧ ਰਹੇ ਰੇਟਾਂ ਨੇ ਗਰੀਬਾਂ ਨੂੰ ਸਬਜ਼ੀ ਤੋਂ ਮੁਹਤਾਜ ਕਰ ਦਿੱਤਾ ਹੈ।


Harinder Kaur

Content Editor

Related News