ਮੁੱਖ ਰਸਤੇ ''ਤੇ ਪਏ ਡੂੰਘੇ ਟੋਇਆਂ ਕਾਰਨ ਸ਼ਹਿਰ ਵਾਸੀਆਂ ਪ੍ਰਗਟਾਇਆ ਰੋਸ

11/19/2017 12:57:43 PM

ਰੂਪਨਗਰ (ਕੈਲਾਸ਼)— ਸ਼ਹਿਰ ਦੀ ਮੁੱਖ ਸੜਕ, ਜਿਸ ਨੂੰ ਰਿੰਗ ਰੋਡ ਵੀ ਕਿਹਾ ਜਾਂਦਾ ਹੈ, ਉਸ 'ਤੇ ਪਏ ਟੋਏ ਲੋਕਾਂ ਲਈ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਪਰ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਵੱਲ ਧਿਆਨ ਨਾ ਦੇਣ ਕਾਰਨ ਲੋਕਾਂ 'ਚ ਰੋਸ ਹੈ।
ਇਸ ਸਬੰਧੀ ਸ਼ਨੀਵਾਰ ਨੂੰ ਸਮਾਜ ਸੇਵੀ ਸੁਦੀਪ ਵਿਜ, ਮਹਿੰਦਰ ਸਿੰਘ ਓਬਰਾਏ ਜਨਰਲ ਸਕੱਤਰ ਗੁਰਦੁਆਰਾ ਸ੍ਰੀ ਕਲਗੀਧਰ ਕੰਨਿਆ ਪਾਠਸ਼ਾਲਾ, ਆਰ. ਕੇ. ਭੱਲਾ ਜਨਰਲ ਸਕੱਤਰ ਸਿਟੀਜ਼ਨ ਵੈੱਲਫੇਅਰ ਕੌਂਸਲ ਅਤੇ ਮਦਨ ਮੋਹਨ ਗੁਪਤਾ ਪ੍ਰਧਾਨ ਨੇ ਦੱਸਿਆ ਕਿ ਪਾਣੀ ਦੀ ਵੱਡੀ ਬਣੀ ਟੈਂਕੀ ਦੀ ਚੈਕਿੰਗ ਸਮੇਂ ਕਈ ਥਾਵਾਂ 'ਤੇ ਹੋਈ ਲੀਕੇਜ ਕਾਰਨ ਸ਼ਹਿਰ ਦੀ ਮੁੱਖ ਸੜਕ ਦੇ ਟੁੱਟਣ ਨਾਲ ਟੋਏ ਪੈ ਗਏ ਸਨ। ਉਨ੍ਹਾਂ ਦੱਸਿਆ ਕਿ ਹਸਪਤਾਲ ਚੌਕ, ਲਹਿਰੀਸ਼ਾਹ ਮੰਦਿਰ ਰੋਡ, ਬੇਲਾ ਚੌਕ, ਗੁਰਦੁਆਰਾ ਸ੍ਰੀ ਸਿੰਘ ਸਭਾ ਮਾਰਗ ਤੇ ਹੋਰ ਕਈ ਥਾਵਾਂ 'ਤੇ ਸੜਕ ਟੁੱਟਣ ਕਾਰਨ ਡੂੰਘੇ ਟੋਏ ਪੈ ਚੁੱਕੇ ਹਨ। ਦੂਜੇ ਪਾਸੇ, ਜ਼ਿਲਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਟੋਇਆਂ ਨੂੰ ਲੰਬੇ ਸਮੇਂ ਤੋਂ ਨਾ ਭਰਨ ਕਾਰਨ ਦੁਕਾਨਦਾਰਾਂ ਨੇ ਲੋਕਾਂ ਦੀ ਜਾਨ ਦੀ ਸੁਰੱਖਿਆ ਲਈ ਖੁਦ ਹੀ ਮਿੱਟੀ ਪਾਈ ਤਾਂ ਕਿ ਰੋਜ਼ਾਨਾ ਹੋ ਰਹੇ ਹਾਦਸਿਆਂ ਤੋਂ ਕੁਝ ਰਾਹਤ ਮਿਲ ਸਕੇ।


ਉਨ੍ਹਾਂ ਦੱਸਿਆ ਕਿ ਭਾਵੇਂ ਕੁਝ ਥਾਵਾਂ 'ਤੇ ਨਵੀਆਂ ਸੜਕਾਂ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ ਪਰ ਸੜਕ ਮੁਰੰਮਤ ਨਾ ਕਰਨ ਕਰਕੇ ਵਾਹਨ ਚਾਲਕਾਂ ਅਤੇ ਸ਼ਹਿਰ ਵਾਸੀਆਂ 'ਚ ਰੋਸ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਟੋਇਆਂ ਨੂੰ ਪਹਿਲ ਦੇ ਆਧਾਰ 'ਤੇ ਭਰਿਆ ਜਾਵੇ।
ਇਸੇ ਤਰ੍ਹਾਂ ਲਹਿਰੀਸ਼ਾਹ ਮੰਦਿਰ ਦੇ ਸਾਹਮਣੇ ਰਹਿੰਦੇ ਇਕ ਵਿਅਕਤੀ ਵੱਲੋਂ ਪਾਣੀ ਦੀ ਪਾਈਪ ਪਾਉਣ ਲਈ ਸੜਕ ਪੁੱਟੀ ਗਈ ਸੀ, ਜਿਸ ਦੀ ਬਣਦੀ ਰਕਮ ਵੀ ਨਗਰ ਕੌਂਸਲ ਕੋਲ ਜਮ੍ਹਾ ਕਰਵਾਈ ਗਈ ਪਰ 6 ਮਹੀਨਿਆਂ ਤੋਂ 60 ਫੁੱਟ ਸੜਕ ਦੇ ਟੋਟੇ 'ਤੇ ਪ੍ਰੀਮਿਕਸ ਨਾ ਪਾਉਣ ਕਾਰਨ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਦੁਕਾਨਦਾਰ ਵੀ ਮੁਸ਼ਕਿਲ 'ਚ ਹਨ। ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਉਕਤ ਸੜਕ 'ਤੇ ਜਲਦ ਪ੍ਰੀਮਿਕਸ ਪਾਈ ਜਾਵੇ।