ਰਾਤੋ-ਰਾਤ ਅਮੀਰ ਬਣਨ ਦੀ ਲਾਲਸਾ ’ਚ ਦੋ ਵਿਅਕਤੀਆਂ ਨੇ ਔਰਤ ਨਾਲ ਕੀਤਾ ਘਿਨੌਣਾ ਕਾਰਾ, ਪੁਲਸ ਵੱਲੋਂ ਵੱਡੇ ਖ਼ੁਲਾਸੇ

04/21/2023 2:09:46 AM

ਚੰਡੀਗੜ੍ਹ (ਰਮਨਜੀਤ ਸਿੰਘ)–ਪੰਜਾਬ ਪੁਲਸ ਨੇ ਵੀਰਵਾਰ ਨੂੰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇਕ ਅੱਧਖੜ੍ਹ ਉਮਰ ਦੀ ਔਰਤ ਦੀ ‘ਮਨੁੱਖੀ ਬਲੀ’ ਦੀ ਕੋਸ਼ਿਸ਼ ਸਬੰਧੀ ਸਨਸਨੀਖੇਜ਼ ਮਾਮਲੇ ਨੂੰ ਹੱਲ ਕਰ ਲਿਆ ਹੈ। ਉਕਤ ਮੁਲਜ਼ਮਾਂ ਵੱਲੋਂ ਅਮੀਰ ਬਣਨ ਦੀ ਇੱਛਾ ਰੱਖਦਿਆਂ ਜਾਦੂ-ਟੂਣੇ ਦੇ ਹਿੱਸੇ ਵਜੋਂ ਪੀੜਤ ਔਰਤ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਰੋਪੜ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫੜੇ ਗਏ ਦੋਵਾਂ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ਼ ਕੀਪਾ ਅਤੇ ਜਸਵੀਰ ਸਿੰਘ ਉਰਫ ਜੱਸੀ, ਦੋਵੇਂ ਵਾਸੀ ਪਿੰਡ ਫਿਰੋਜ਼ਪੁਰ, ਫ਼ਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਜੁਰਮ ਵਿਚ ਵਰਤਿਆ ਇਕ ਹੀਰੋ ਡੀਲਕਸ ਮੋਟਰਸਾਈਕਲ (ਪੀ.ਬੀ. 52ਬੀ 2187) ਅਤੇ ਦਾਤਰੀ ਵੀ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਅੱਤਵਾਦੀ ਹਮਲਾ : ਪੰਜਾਬ ਦਾ ਫ਼ੌਜੀ ਜਵਾਨ ਹੌਲਦਾਰ ਮਨਦੀਪ ਸਿੰਘ ਹੋਇਆ ਸ਼ਹੀਦ

ਜਾਣਕਾਰੀ ਅਨੁਸਾਰ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਫਰੌਰ ਦੀ ਇਕ 50 ਸਾਲਾ ਔਰਤ ਬਲਵੀਰ ਕੌਰ ਬੁੱਧਵਾਰ ਸਵੇਰੇ ਪਿੰਡ ਫਿਰੋਜ਼ਪੁਰ ਵਿਖੇ ਨਹਿਰ ਦੇ ਨੇੜੇ ਖੇਤਾਂ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ’ਚ ਪਈ ਮਿਲੀ ਸੀ। ਪੀੜਤਾ ਹੁਣ ਖ਼ਤਰੇ ਤੋਂ ਬਾਹਰ ਹੈ ਅਤੇ ਉਹ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ। ਆਈ. ਜੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਸਰਕਸ ਦੇ ਕਲਾਕਾਰ ਸਨ ਅਤੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਸਾਈਕਲ ਸ਼ੋਅ ਕਰਦੇ ਸਨ। ਮੁਲਜ਼ਮ ਕੀਪਾ ਅਤੇ ਜੱਸੀ ਦੀ ਮੁਲਾਕਾਤ ਬਲਵੀਰ ਕੌਰ ਨਾਲ ਉਸ ਦੇ ਲੜਕੇ ਧਰਮਪ੍ਰੀਤ ਰਾਹੀਂ ਹੋਈ ਸੀ, ਜਿਸ ਦੀ ਤਕਰੀਬਨ ਅੱਠ ਮਹੀਨੇ ਪਹਿਲਾਂ ਪਿੰਡ ਫਰੌਰ ਵਿਖੇ ਸ਼ੋਅ ਦੌਰਾਨ ਇਨ੍ਹਾਂ ਨਾਲ ਦੋਸਤੀ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : 23 ਸਾਲਾ ਨੌਜਵਾਨ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਐੱਸ. ਐੱਸ. ਪੀ. ਫ਼ਤਿਹਗੜ੍ਹ ਸਾਹਿਬ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਅਮੀਰ ਬਣਨ ਦੇ ਇੱਛੁਕ ਸਨ ਅਤੇ ਇਕ ‘ਤਾਂਤਰਿਕ’ ਦੇ ਸੰਪਰਕ ਵਿਚ ਆਏ, ਜਿਸ ਨੇ ਉਨ੍ਹਾਂ ਨੂੰ ਇਕ ਔਰਤ ਦਾ ‘ਮਨੁੱਖੀ ਬਲੀਦਾਨ’ ਕਰਨ ਲਈ ਉਕਸਾਇਆ। ਮੁਲਜ਼ਮ ਕੀਪਾ ਅਤੇ ਜੱਸੀ ਨੇ ਮੰਗਲਵਾਰ ਨੂੰ ਬਲਵੀਰ ਕੌਰ ਨੂੰ ਤਾਂਤਰਿਕ ਕੋਲ ਮੱਥਾ ਟੇਕਣ ਦੇ ਬਹਾਨੇ ਬੁਲਾਇਆ ਅਤੇ ਉਸ ਦਾ ਕਤਲ ਕਰਨ ਲਈ ਉਸ ਨੂੰ ਪਿੰਡ ਫਿਰੋਜ਼ਪੁਰ ਦੀ ਇਕ ਸੁੰਨਸਾਨ ਜਗ੍ਹਾ ’ਤੇ ਲੈ ਗਏ, ਜਿਥੇ ਉਨ੍ਹਾਂ ਨੇ ਦਾਤਰੀ ਨਾਲ ਮਹਿਲਾ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਗਰਦਨ ਅਤੇ ਸਰੀਰ ਦੇ ਹੋਰ ਅੰਗਾਂ ’ਤੇ ਗੰਭੀਰ ਸੱਟਾਂ ਲੱਗੀਆਂ। ਐੱਸ. ਐੱਸ. ਪੀ. ਰਵਜੋਤ ਕੌਰ ਨੇ ਕਿਹਾ ਕਿ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਉਪਰੰਤ ਪੁਲਸ ਨੇ ਤੁਰੰਤ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਥਾਣਾ ਫ਼ਤਿਹਗੜ੍ਹ ਸਾਹਿਬ ਵਿਖੇ ਮੁੱਕਦਮਾ ਦਰਜ ਕਰ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : CM ਕੇਜਰੀਵਾਲ ਦਾ ਅਹਿਮ ਐਲਾਨ, ਜਲੰਧਰ ’ਚ PGI ਪੱਧਰ ਦਾ ਖੋਲ੍ਹਿਆ ਜਾਵੇਗਾ ਹਸਪਤਾਲ

Manoj

This news is Content Editor Manoj