ਕੁੜੱਤਣ ਤੋਂ ਮਿਠਾਸ ਵੱਲ ਪਹਿਲ : ਵਾਹਗਾ ਵਾਂਗ ਜੰਮੂ-ਕਸ਼ਮੀਰ ''ਚ ਵੀ ਸ਼ੁਰੂ ਹੋਵੇਗੀ ਬੀਟਿੰਗ ਰੀਟ੍ਰੀਟ ਸੈਰੇਮਨੀ

12/10/2017 8:43:47 AM

ਅੰਮ੍ਰਿਤਸਰ (ਕੱਕੜ/ਨੀਰਜ)- ਵਾਹਗਾ ਬਾਰਡਰ 'ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਵਾਂਗ ਛੇਤੀ ਹੀ ਬੀ. ਐੱਸ. ਐੱਫ. ਵੱਲੋਂ ਜੰਮੂ-ਕਸ਼ਮੀਰ 'ਚ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਆਕਟ੍ਰਾਏ 'ਤੇ ਬੀਟਿੰਗ ਰੀਟ੍ਰੀਟ ਸੈਰੇਮਨੀ ਸ਼ੁਰੂ ਕੀਤੀ ਜਾ ਰਹੀ ਹੈ। ਸਰਹੱਦ ਦਾ ਸੜਕ ਮਾਰਗ ਆਜ਼ਾਦੀ ਤੋਂ ਪਹਿਲਾਂ ਮੌਜੂਦਾ ਪਾਕਿਸਤਾਨ ਦੇ ਸਿਆਲਕੋਟ ਤੱਕ ਜਾਂਦਾ ਹੈ।
ਇਸ ਸਬੰਧੀ ਹਾਸਲ ਕੀਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਜੰਮੂ-ਕਸ਼ਮੀਰ 'ਚ ਭਾਰਤ-ਪਾਕਿ ਦੀ ਇਸ ਸਰਹੱਦ 'ਤੇ ਰੀਟ੍ਰੀਟ ਸੈਰੇਮਨੀ ਸ਼ੁਰੂ ਕਰਨ ਦਾ ਮੁੱਖ ਉਦੇਸ਼ ਇਸ ਖੇਤਰ ਖਾਸ ਕਰ ਕੇ ਜੰਮੂ-ਕਸ਼ਮੀਰ ਦੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਤੇ ਦੋਵੇਂ ਦੇਸ਼ਾਂ ਦੇ ਤਣਾਅਪੂਰਨ ਰਿਸ਼ਤਿਆਂ ਦੀ ਖਟਾਸ ਨੂੰ ਘੱਟ ਕਰਨਾ ਹੈ।
ਵਾਹਗਾ ਬਾਰਡਰ ਦੀ ਤਰਜ਼ 'ਤੇ ਜੰਮੂ-ਕਸ਼ਮੀਰ ਦੀ ਰੀਟ੍ਰੀਟ ਸੈਰੇਮਨੀ ਨੂੰ ਖਾਸ ਬਣਾਉਣ ਲਈ ਵੀ ਵਿਸ਼ੇਸ਼ ਕਦਮ ਉਠਾਏ ਜਾ ਰਹੇ ਹਨ ਅਤੇ ਇਸ ਸਥਾਨ 'ਤੇ ਵੀ ਹਜ਼ਾਰਾਂ ਲੋਕਾਂ ਨੂੰ ਜੁਟਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਵਾਹਗਾ ਬਾਰਡਰ 'ਤੇ 1959 ਤੋਂ ਲਗਾਤਾਰ ਜਾਰੀ ਹੈ ਸੈਰੇਮਨੀ : ਜ਼ਿਕਰਯੋਗ ਹੈ ਕਿ ਵਾਹਗਾ ਬਾਰਡਰ 'ਤੇ ਰੀਟ੍ਰੀਟ ਸੈਰੇਮਨੀ ਦੀ ਸ਼ੁਰੂਆਤ ਸਾਲ 1959 'ਚ ਹੋਈ ਸੀ, ਉਸ ਤੋਂ ਬਾਅਦ ਇਹ ਲਗਾਤਾਰ ਜਾਰੀ ਹੈ ਅਤੇ ਇੰਨੇ ਵੱਡੇ ਅਰਸੇ ਦੌਰਾਨ ਜਿਥੇ ਕਰੋੜਾਂ ਦੀ ਗਿਣਤੀ 'ਚ ਲੋਕਾਂ ਨੇ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਝੰਡੇ ਲਾਹੁਣ ਤੇ ਸਲਾਮੀ ਦਾ ਨਜ਼ਾਰਾ ਦੇਖਿਆ ਹੈ, ਉਥੇ ਪਰੇਡ ਦੌਰਾਨ ਕਈ ਵਾਰ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਵੀ ਪਾਕਿ ਸੈਨਿਕਾਂ ਵੱਲੋਂ ਕੀਤੀ ਗਈ ਹੈ।
ਬੀਟਿੰਗ ਰੀਟ੍ਰੀਟ ਸੈਰੇਮਨੀ ਦੇ ਮਾਰਚ ਦੌਰਾਨ ਜੁੱਤੀਆਂ ਪਟਕਣ ਦੀ ਰਵਾਇਤ ਕਾਰਨ ਅਤੇ ਬੀ. ਐੱਸ. ਐੱਫ. ਅਤੇ ਪਾਕਿ ਰੇਂਜਰਸ ਦੇ ਜਵਾਨ ਜਦੋਂ ਸੈਰੇਮਨੀ ਸ਼ੁਰੂ ਹੁੰਦੀ ਹੈ ਤਾਂ ਜਿੰਨੀ ਵਾਰ ਉਹ ਜ਼ੋਰ ਨਾਲ ਬੋਲਦੇ ਹਨ, ਦਰਸ਼ਕ ਓਨੇ ਜ਼ੋਰ ਨਾਲ ਨਾਅਰੇ ਲਾ ਕੇ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਨ ਤਾਂ ਕਿ ਜਵਾਨ ਇਕ-ਦੂਸਰੇ ਦੇ ਦੇਸ਼ ਤੋਂ ਬਿਹਤਰ ਪ੍ਰਦਰਸ਼ਨ ਕਰ ਸਕਣ। ਉਸ ਤੋਂ ਬਾਅਦ ਜਵਾਨ ਆਪਣੇ ਦੇਸ਼ ਦੇ ਰਾਸ਼ਟਰੀ ਝੰਡੇ ਨੂੰ ਇਕੱਠੇ ਸਨਮਾਨ ਨਾਲ ਲਾਹੁੰਦੇ ਹਨ ਅਤੇ ਸਮਾਪਤੀ 'ਤੇ ਇਕ-ਦੂਜੇ ਨਾਲ ਹੱਥ ਮਿਲਾਉਂਦੇ ਹਨ।


ਕਈ ਵਾਰ ਸਾਹਮਣੇ ਆ ਚੁੱਕੀਆਂ ਹਨ ਕੌੜੀਆਂ ਯਾਦਾਂ :

ਇਸ ਪ੍ਰਕਿਰਿਆ ਦੌਰਾਨ ਵੀ ਕਈ ਵਾਰ ਕੌੜੀਆਂ ਯਾਦਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਫਿਰ ਦੋਵੇਂ ਦੇਸ਼ਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ ਤੇ ਕੁਝ ਇਸੇ ਤਰਜ਼ 'ਤੇ ਹੀ ਰੀਟ੍ਰੀਟ ਦੇ ਨਜ਼ਾਰੇ ਜੰਮੂ-ਕਸ਼ਮੀਰ ਦੇ ਆਕਟ੍ਰਾਏ ਦੀ ਸੈਰੇਮਨੀ 'ਚ ਦੇਖਣ ਨੂੰ ਮਿਲਣਗੇ, ਜਿਸ ਪ੍ਰਤੀ ਜੰਮੂ-ਕਸ਼ਮੀਰ ਦੇ ਲੋਕਾਂ 'ਚ ਭਾਰੀ ਉਤਸ਼ਾਹ ਹੈ, ਜੋ ਰੀਟ੍ਰੀਟ ਸੈਰੇਮਨੀ ਦੇਖਣ ਲਈ ਬਹੁਤ ਉਤਸ਼ਾਹਿਤ ਹਨ ਕਿਉਂਕਿ ਉਨ੍ਹਾਂ ਨੂੰ ਪੰਜਾਬ ਦੇ ਅਟਾਰੀ ਅਤੇ ਫਾਜ਼ਿਲਕਾ ਬਹੁਤ ਦੂਰ ਪੈਂਦੇ ਹਨ।
ਰੀਟ੍ਰੀਟ ਸੈਰੇਮਨੀ ਦੌਰਾਨ ਦੋਵਾਂ ਦੇਸ਼ਾਂ ਦੇ ਜਵਾਨ ਮਾਰਚ ਕਰਦੇ ਹੋਏ ਸਰਹੱਦ ਤੱਕ ਆਉਂਦੇ ਹਨ। ਉਹ ਮਾਰਚ ਦੌਰਾਨ ਜਿੰਨਾ ਉੱਚਾ ਪੈਰ ਲਿਜਾਂਦੇ ਹਨ, ਉਸ ਨੂੰ ਓਨਾ ਹੀ ਬਿਹਤਰ ਮੰਨਿਆ ਜਾਂਦਾ ਹੈ। ਦੋਵਾਂ ਦੇਸ਼ਾਂ ਦੇ ਜਵਾਨਾਂ ਵੱਲੋਂ ਜੋਸ਼ ਵਾਲੀ ਆਵਾਜ਼ ਅਤੇ ਪਰੇਡ ਦੀ ਧਮਕ ਨਾਲ ਕੁਝ ਅਜਿਹਾ ਮਾਹੌਲ ਬਣ ਜਾਂਦਾ ਹੈ ਕਿ ਸਾਰੇ ਦਰਸ਼ਕਾਂ 'ਚ ਦੇਸ਼ਭਗਤੀ ਦਾ ਜਜ਼ਬਾ ਭਰ ਜਾਂਦਾ ਹੈ ਤੇ ਬੱਚੇ ਦੇਸ਼ਭਗਤੀ ਦੇ ਗੀਤ ਵੀ ਗਾਉਂਦੇ ਹਨ।
ਪਤਾ ਲੱਗਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਜੰਮੂ-ਕਸ਼ਮੀਰ 'ਚ ਮਾਹੌਲ ਠੀਕ ਹੋਣ ਤੋਂ ਬਾਅਦ ਕੇਂਦਰੀ ਕਮੇਟੀ ਵੱਲੋਂ ਜੰਮੂ-ਕਸ਼ਮੀਰ 'ਚ ਰੀਟ੍ਰੀਟ ਸੈਰੇਮਨੀ ਦੇ ਆਯੋਜਨ ਨਾਲ ਮਾਹੌਲ ਨੂੰ ਹੋਰ ਵੱਧ ਚੰਗਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਥੇ ਉਧਰ ਦੇ ਲੋਕਾਂ ਦੀ ਰੀਟ੍ਰੀਟ ਸੈਰੇਮਨੀ ਦੇਖਣ ਦੀ ਇੱਛਾ ਵੀ ਪੂਰੀ ਹੋ ਜਾਵੇਗੀ।


ਕੀ ਸ਼ਾਂਤੀ ਦੀ ਭਾਸ਼ਾ ਸਮਝੇਗਾ ਪਾਕਿ! :

ਦੂਜੇ ਪਾਸੇ ਕਸ਼ਮੀਰ 'ਚ ਪਿਛਲੇ ਕਈ ਸਾਲਾਂ ਤੋਂ ਪਾਕਿ ਵੱਲੋਂ ਅੱਤਵਾਦੀਆਂ ਤੇ ਫੌਜੀਆਂ ਦੀ ਘੁਸਪੈਠ ਨਾਲ ਜੰਮੂ-ਕਸ਼ਮੀਰ ਦੇ ਮਾਹੌਲ ਨੂੰ ਅਸ਼ਾਂਤ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੁਝ ਮਹੀਨੇ ਪਹਿਲਾਂ ਪੁਲਸ ਤੇ ਸੁਰੱਖਿਆ ਕਰਮਚਾਰੀਆਂ 'ਤੇ ਪੱਥਰ ਸੁੱਟਣ ਦੀਆਂ ਜੋ ਘਟਨਾਵਾਂ ਸਾਹਮਣੇ ਆਈਆਂ ਹਨ, ਉਨ੍ਹਾਂ ਨੂੰ ਕੰਟਰੋਲ ਕਰ ਦਿੱਤਾ ਗਿਆ ਹੈ ਤੇ ਜੰਮੂ-ਕਸ਼ਮੀਰ ਦੀ ਇਸ ਸੜਕ ਸੀਮਾ ਮਾਰਗ ਤੋਂ ਭਾਰਤ ਵੱਲੋਂ ਆਕਟ੍ਰਾਏ ਸਥਿਤ ਰੀਟ੍ਰੀਟ ਸੈਰੇਮਨੀ ਤੋਂ ਪਾਕਿ ਨਾਲ ਸਬੰਧ ਚੰਗੇ ਕਰਨ ਦੀ ਜੋ ਨਵੀਂ ਕੋਸ਼ਿਸ਼ ਸ਼ੁਰੂ ਕੀਤੀ ਗਈ ਹੈ, ਇਸ ਦਾ ਕੀ ਲਾਭ ਹੋਵੇਗਾ ਤੇ ਜੰਮੂ-ਕਸ਼ਮੀਰ 'ਚ ਸ਼ਾਂਤੀ ਕਾਇਮ ਰਹੇਗੀ। ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿਉਂਕਿ ਭਾਰਤ ਦੇ ਸ਼ਾਂਤੀ ਸਬੰਧਾਂ ਦੀਆਂ ਲਗਭਗ ਸਾਰੀਆਂ ਕੋਸ਼ਿਸ਼ਾਂ ਪਾਕਿ ਨੇ ਅਸ਼ਾਂਤੀ 'ਚ ਬਦਲ ਕੇ ਇਹ ਸਿੱਧ ਕੀਤਾ ਹੈ ਕਿ ਉਹ ਸ਼ਾਂਤੀ ਦੀ ਭਾਸ਼ਾ ਨਹੀਂ ਸਮਝਦਾ।