ਜਲੂਸ ਕੱਢਣ ਤੇ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ''ਤੇ ਪਾਬੰਦੀ

02/08/2018 6:46:44 AM

ਕਪੂਰਥਲਾ, (ਮਲਹੋਤਰਾ, ਗੁਰਵਿੰਦਰ ਕੌਰ)- ਵਧੀਕ ਜ਼ਿਲਾ ਮੈਜਿਸਟਰੇਟ ਕਪੂਰਥਲਾ ਰਾਹੁਲ ਚਾਬਾ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ ਵਿਚ ਕਿਸੇ ਕਿਸਮ ਦੇ ਜਲੂਸ ਕੱਢਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ, ਨਾਅਰੇਬਾਜ਼ੀ ਕਰਨ, ਲਾਠੀਆਂ, ਗੰਡਾਸੇ, ਤੇਜ਼ਧਾਰ ਟਕੂਏ, ਕੁਹਾੜੀ, ਬੰਦੂਕ, ਪਿਸਤੌਲ ਅਤੇ ਕਿਸੇ ਵੀ ਕਿਸਮ ਦੇ ਵਿਸਫੋਟਕ ਹਥਿਆਰ ਆਦਿ ਜਨਤਕ ਥਾਵਾਂ 'ਤੇ ਚੁੱਕਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਅਦਾਰੇ/ਸੰਸਥਾ ਨੇ ਜ਼ਿਲਾ ਕਪੂਰਥਲਾ ਵਿਚ ਜਲੂਸ/ਧਰਨਾ ਦੇਣਾ ਹੋਵੇ ਤਾਂ ਉਸ ਲਈ ਉੱਪ ਮੰਡਲ ਪੱਧਰ 'ਤੇ ਸਥਾਨ ਨਿਸ਼ਚਿਤ ਕੀਤੇ ਗਏ ਹਨ। ਇਸ ਸਬੰਧੀ ਸਬੰਧਤ ਅਦਾਰਾ/ਸੰਸਥਾ ਧਰਨੇ ਦੀ ਅਗੇਤਰੀ ਸੂਚਨਾ/ਪ੍ਰਵਾਨਗੀ ਸਬੰਧਤ ਉੱਪ ਮੰਡਲ ਮੈਜਿਸਟ੍ਰੇਟ ਪਾਸੋਂ ਪ੍ਰਾਪਤ ਕਰੇਗਾ।  ਇਹ ਹੁਕਮ 8 ਅਪ੍ਰੈਲ 2018 ਤਕ ਲਾਗੂ ਰਹਿਣਗੇ।