ਸਤਿਕਾਰ ਕਮੇਟੀ ਵੱਲੋਂ ਪੁਲਸ ਖਿਲਾਫ ਰੋਸ ਮਾਰਚ, ਲਾਇਆ ਥਾਣੇ ਮੂਹਰੇ ਧਰਨਾ

04/26/2018 7:10:20 AM

ਸੁਲਤਾਨਪੁਰ ਲੋਧੀ, (ਸੋਢੀ)- ਮਿਤੀ 16 ਅਪ੍ਰੈਲ 2018 ਨੂੰ ਥਾਣਾ ਸੁਲਤਾਨਪੁਰ ਲੋਧੀ ਪੁਲਸ ਵਲੋਂ ਇਕ ਲੜਕੀ ਦੇ ਭਰਾ ਦੇ ਬਿਆਨਾਂ 'ਤੇ ਕੌਂਸਲਰ ਪ੍ਰਿਤਪਾਲ ਸਿੰਘ ਉਰਫ ਬਾਬਾ ਪਾਲੀ ਖਿਲਾਫ ਦਰਜ ਕਰਵਾਏ ਜਬਰ-ਜ਼ਨਾਹ ਦੇ ਕੇਸ 'ਚ ਕੋਈ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਪੀੜਤ ਲੜਕੀ ਦੇ ਪਰਿਵਾਰ ਤੇ ਹੋਰਨਾਂ ਸੰਗਠਨਾਂ ਦੇ ਸਹਿਯੋਗ ਨਾਲ ਅੱਜ ਥਾਣਾ ਸੁਲਤਾਨਪੁਰ ਲੋਧੀ ਮੂਹਰੇ ਰੋਸ ਧਰਨਾ ਦਿੱਤਾ ਗਿਆ ਤੇ ਪੁਲਸ ਪ੍ਰਸ਼ਾਸਨ ਦੀ ਢਿੱਲ ਮੱਠ ਦੀ ਨੀਤੀ ਦੇ ਵਿਰੋਧ 'ਚ ਹੱਥਾਂ 'ਚ ਵੱਖ-ਵੱਖ ਤਖਤੀਆਂ ਫੜੀ ਨਾਅਰੇਬਾਜ਼ੀ ਕੀਤੀ ਗਈ।
ਇਸ ਸਮੇਂ ਜਿਉਂ ਹੀ ਭਾਈ ਸੁਖਜੀਤ ਸਿੰਘ ਖੋਸੇ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੀ ਅਗਵਾਈ ਹੇਠ ਪਹਿਲਾਂ ਸਿੱਖ ਸੰਗਤਾਂ ਦਾ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਭਾਰੀ ਇੱਕਠ ਹੋਇਆ, ਜਿਸ 'ਚ ਬੀਬੀਆਂ ਨੇ ਵੀ ਸ਼ਿਰਕਤ ਕੀਤੀ। ਉਪਰੰਤ ਗੁ. ਸ੍ਰੀ ਬੇਰ ਸਾਹਿਬ ਤੋਂ ਪੁਲਸ ਪ੍ਰਸ਼ਾਸਨ ਖਿਲਾਫ ਸ਼ਾਂਤਮਈ ਰੋਸ ਮਾਰਚ ਆਰੰਭ ਹੋਇਆ, ਜੋ ਕਿ ਤਲਵੰਡੀ ਪੁਲ ਚੌਕ, ਆਰੀਆ ਸਮਾਜ ਚੌਕ, ਕੱਟੜਾ ਬਾਜ਼ਾਰ, ਸਦਰ ਬਾਜ਼ਾਰ ਤੋਂ ਹੁੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਮੁੱਖ ਗੇਟ ਮੂਹਰੇ ਪਹੁੰਚਿਆ, ਜਿਥੇ 2 ਘੰਟੇ ਥਾਣੇ ਦਾ ਘਿਰਾਓ ਕਰਦੇ ਹੋਏ ਮੰਗ ਕੀਤੀ ਕਿ ਜਬਰ-ਜ਼ਨਾਹ ਦੇ 16 ਅਪ੍ਰੈਲ ਨੂੰ ਦਰਜ ਹੋਏ ਕੇਸ 'ਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਇਸ ਕੇਸ ਦੀ ਜਾਂਚ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਤੋਂ ਵਾਪਸ ਲੈ ਕੇ ਕਿਸੇ ਹੋਰ ਥਾਣੇ ਦੇ ਐੱਸ. ਐੱਚ. ਓ. ਨੂੰ ਦਿੱਤੀ ਜਾਵੇ। ਜਿਉਂ ਹੀ ਥਾਣਾ ਸੁਲਤਾਨਪੁਰ ਲੋਧੀ ਮੂਹਰੇ ਸਤਿਕਾਰ ਕਮੇਟੀ ਵਲੋਂ ਰੋਸ ਧਰਨਾ ਲਗਾਇਆ ਗਿਆ ਤਾਂ ਭਾਰੀ ਗਿਣਤੀ 'ਚ ਆਈ ਵਰਦੀਧਾਰੀ ਤੇ ਸਿਵਲ ਵਰਦੀ 'ਚ ਪੁਲਸ ਫੋਰਸ ਨੇ ਆਪਣੇ ਬਲ ਦਾ ਪ੍ਰਦਰਸ਼ਨ ਕਰ ਕੇ ਧਰਨਾ ਚੁਕਵਾਉਣ ਲਈ ਯਤਨ ਕੀਤੇ, ਜਿਸ ਦੌਰਾਨ ਪੁਲਸ ਤੇ ਸਤਿਕਾਰ ਕਮੇਟੀ ਮੈਂਬਰਾਂ ਵਿਚਕਾਰ ਧੱਕਾ ਮੁੱਕੀ ਤੇ ਤੂੰ-ਤੂੰ ਮੈਂ-ਮੈਂ ਹੋਈ। 
ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦੇ ਹੋਏ ਭਾਈ ਖੋਸੇ ਨੇ ਦੋਸ਼ ਲਾਇਆ ਕਿ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਸ਼ਰੇਆਮ ਜਬਰ-ਜ਼ਨਾਹ ਦੇ ਕੇਸ 'ਚ ਸ਼ਾਮਲ ਮੁਲਜ਼ਮਾਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਲ 2002 'ਚ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਕਿਸੇ ਲੜਕੀ ਨੇ ਗੁੰਮਨਾਮ ਚਿੱਠੀ ਲਿਖੀ ਸੀ ਕਿ ਉਸ ਨਾਲ ਧਰਮ ਦੀ ਆੜ ਹੇਠ ਬਾਬੇ ਰਾਮ ਰਹੀਮ ਨੇ ਘਿਨਾਉਣਾ ਅਪਰਾਧ ਕੀਤਾ ਹੈ ਤੇ ਕਾਨੂੰਨ ਨੇ ਉਸ ਦੀ ਇਨਕੁਆਰੀ ਕਰਵਾਈ ਤੇ ਸੌਦਾ ਸਾਧ ਨੂੰ ਜੇਲ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਨਗਰੀ 'ਚ ਇਕ ਗਰੀਬ ਤੇ ਲਾਚਾਰ ਧੀ ਨਾਲ ਕਥਿਤ ਬਾਬੇ ਵਲੋਂ ਜਬਰ-ਜ਼ਨਾਹ ਕਰ ਕੇ ਜੋ ਘਿਨਾਉਣਾ ਅਪਰਾਧ ਕੀਤਾ ਗਿਆ ਤੇ ਉਸ ਦੀ ਜ਼ਿੰਦਗੀ ਬਰਬਾਦ ਕੀਤੀ ਗਈ ਹੈ, ਉਸ ਦੀ ਸਜ਼ਾ ਵੀ ਇਕ ਦਿਨ ਜ਼ਰੂਰ ਮਿਲ ਕੇ ਰਹੇਗੀ। ਭਾਈ ਖੋਸੇ ਨੇ ਦੋਸ਼ ਲਾਇਆ ਕਿ ਸੁਲਤਾਨਪੁਰ ਲੋਧੀ ਪੁਲਸ ਬਲਾਤਕਾਰ ਦੇ ਦੋਸ਼ੀਆਂ ਨੂੰ ਬਚਾਉਣ ਲਈ ਵਿਰੋਧੀ ਧਿਰ ਨਾਲ ਮਿਲੀ ਹੋਈ ਹੈ, ਇਸ ਲਈ ਇਹ ਜਾਂਚ ਇਸ ਤੋਂ ਪਾਸੇ ਕਿਸੇ ਹੋਰ ਦੂਜੇ ਜ਼ਿਲੇ ਦੇ ਥਾਣੇ 'ਚ ਤਬਦੀਲ ਕੀਤੀ ਜਾਵੇ। 
ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀ. ਜੀ. ਪੀ. ਪੰਜਾਬ ਨੂੰ ਵੀ ਮਿਲ ਕੇ ਮੰਗ ਕਰਨਗੇ ਤਾਂ ਜੋ ਕਿਸੇ ਦੀ ਵੀ ਧੀ-ਭੈਣ ਦੀ ਇੱਜ਼ਤ ਨਾਲ ਖਿਲਵਾੜ ਕਰਨ ਦੀ ਕਿਸੇ ਦੀ ਹਿੰਮਤ ਨਾ ਪਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਲਾਤਕਾਰ ਦੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਹੋਈ ਤਾਂ ਸਿੱਖ ਜਥੇਬੰਦੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਮੇਂ ਮੁੱਖ ਮੰਤਰੀ ਪੰਜਾਬ ਦਾ ਵਿਰੋਧ ਕਰਨਗੀਆਂ। ਇਸ ਸਮੇਂ ਪੁਲਸ ਨਾਲ ਕਈ ਵਾਰ ਸਤਿਕਾਰ ਕਮੇਟੀ ਦੀਆਂ ਝੜਪਾਂ ਹੋਈਆਂ ਪਰ ਬਚਾਅ ਰਿਹਾ। ਸਤਿਕਾਰ ਕਮੇਟੀ ਵਲੋਂ ਇਸ ਸਮੇਂ ਮੌਕੇ ਪਹੁੰਚੀ ਸੁਲਤਾਨਪੁਰ ਲੋਧੀ ਦੀ ਨਾਇਬ ਤਹਿਸੀਲਦਾਰ ਮੈਡਮ ਸੁਖਬੀਰ ਕੌਰ ਨਾਲ ਗੱਲਬਾਤ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ। ਤਹਿਸੀਲਦਾਰ ਸੁਖਬੀਰ ਕੌਰ ਨੇ ਭਰੋਸਾ ਦਿਵਾਇਆ ਕਿ ਜਬਰ-ਜ਼ਨਾਹ ਦੇ ਕੇਸ 'ਚ ਸ਼ਾਮਲ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ ਤੇ ਇਹ ਕੇਸ ਹੋਰ ਥਾਣੇ ਨੂੰ ਇਨਕੁਆਰੀ ਲਈ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਰੋਸ ਧਰਨਾ ਉਠਾ ਦਿੱਤਾ ਗਿਆ। 
ਇਸ ਸਮੇਂ ਧਰਨੇ 'ਚ ਭਾਈ ਮੱਖਣ ਸਿੰਘ ਰੌਂਤਾ, ਤਰਲੋਚਨ ਸਿੰਘ ਸੋਹਲ, ਲਖਵੀਰ ਸਿੰਘ ਮਾਲਮ, ਗੁਰਭੇਜ ਸਿੰਘ ਫਿਰੋਜ਼ਪੁਰ, ਸੁਖਦੀਪ ਸਿੰਘ ਧੰਦਲ, ਸੁੱਚਾ ਸਿੰਘ, ਜਤਿੰਦਰ ਸਿੰਘ, ਸੁਖਜੀਤ ਸਿੰਘ ਨੀਲੂ, ਰਣਜੀਤ ਸਿੰਘ ਸਰਕਲ ਪ੍ਰਧਾਨ ਮੱਲਾਂਵਾਲ, ਗੁਰਭੇਜ ਸਿੰਘ ਜ਼ਿਲਾ ਪ੍ਰਧਾਨ ਫਿਰੋਜ਼ਪੁਰ, ਗੁਰਜੰਟ ਸਿੰਘ ਕਮਾਲ ਬੋਦਲਾ, ਸ਼ਿੰਦਰ ਸਿੰਘ ਮਹਾਵਨ, ਸਵਰਨ ਸਿੰਘ ਫੱਤਾ ਬੋੜਾ, ਟਹਿਲ ਸਿੰਘ ਸ਼ੇਰਖਾਂ, ਬਲਬੀਰ ਸਿੰਘ ਜੈਮਲਵਾਲਾ ਆਦਿ ਨੇ ਸ਼ਿਰਕਤ ਕੀਤੀ।