ਸਿੱਖਿਆ ਵਿਭਾਗ ਦੀ ਨਵੀਂ ਤਬਾਦਲਾ ਨੀਤੀ ਦਾ ਅਧਿਆਪਕਾਂ ਵਲੋਂ ਵਿਰੋਧ

02/09/2018 12:56:27 PM

ਕਪੂਰਥਲਾ (ਮੱਲ੍ਹੀ) — ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਸਥਾਨਕ  ਸ਼ਹਿਰ 'ਚ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਧਿਆਪਕ ਦਲ ਕਪੂਰਥਲਾ ਦੇ ਪ੍ਰਧਾਨ ਸੁਖਦਿਆਲ ਝੰਡ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਨਵੀਂ ਤਬਾਦਲਾ ਨੀਤੀ, ਜਿਸ 'ਚ 50 ਸਾਲ ਦੀ ਉਮਰ ਤੋਂ ਵੱਧ ਵਾਲੇ ਅਧਿਆਪਕਾਂ ਨੂੰ ਲੜਕੀਆਂ ਦੇ ਸਕੂਲਾਂ 'ਚੋਂ ਹਟਾਉਣ ਦੀ ਕੀਤੀ ਜਾ ਰਹੀ ਸਕੂਲਾਂ 'ਚੋਂ ਹਟਾਉਣ ਦੀ ਕੀਤੀ ਜਾ ਰਹੀ ਬਿਆਨਬਾਜ਼ੀ ਗਲਤ ਸੰਦੇਸ਼ ਦਿੰਦੀ ਹੈ, ਜਿਸ ਦੀ ਉਹ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਡੱਟ ਕੇ ਜ਼ੋਰਦਾਰ ਵਿਰੋਧ ਕਰਨਗੇ। ਸਰਕਾਰ ਤੇ ਸਿੱਖਿਆ ਅਧਿਕਾਰੀਆਂ ਵਲੋਂ ਅਧਿਆਪਕ ਜਿਸ ਨੂੰ ਸਮਾਜ 'ਚ ਬਹੁਤ ਹੀ ਸਤਿਕਾਰ ਨਾਲ ਵੇਖਿਆ ਜਾਂਦਾ ਹੈ ਤੇ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ, ਪ੍ਰਤੀ ਅਜਿਹੀ ਸ਼ੱਕੀ ਸੋਚ ਰੱਖਣਾ ਸਰਕਾਰ ਤੇ ਸਿੱਖਿਆ ਅਧਿਕਾਰੀ ਲਈ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਕਤ ਨਵੀਂ ਤਬਾਦਲਾ ਨੀਤੀ ਦਾ ਜਾਰੀ ਕੀਤਾ ਪੱਤਰ ਤੁਰੰਤ ਰੱਦ ਕਰੇ, ਨਹੀਂ ਤਾਂ ਅਧਿਆਪਕ ਦਲ ਸੂਬਾ ਪੱਧਰ 'ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ। ਅਧਿਆਪਕ ਦਲ ਪੰਜਾਬ ਦੇ ਆਗੂ ਰਾਜੇਸ਼ ਭਾਸਕਰ, ਰਾਜੇਸ਼ ਜੌਲੀ, ਭਜਨ ਸਿੰਘ ਮਾਨ, ਗੁਰਮੁੱਖ ਸਿੰਘ ਬਾਬਾ ਆਦਿ ਨੇ ਕਿਹਾ ਕਿ ਸਰਕਾਰ ਨਵੀਂ ਤਬਾਦਲਾ ਨੀਤੀ ਵਰਗੇ ਨਵੇਂ-ਨਵੇਂ 'ਸ਼ੋਸ਼ੇ' ਛੱਡ ਕੇ ਟੀਚਰਾਂ ਦਾ ਧਿਆਨ ਭੜਕਾਉਣਾ ਚਾਹੁੰਦੀ ਹੈ, ਜਦ ਕਿ ਅਧਿਆਪਕ ਵਰਗ ਤਾਂ 4-5 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਰਕੇ ਪ੍ਰੇਸ਼ਾਨ ਹੈ। ਉਪਰੋਂ ਵਿਦਿਅਕ ਸੈਸ਼ਨ ਦਾ ਅੰਤਿਮ ਸਮਾਂ ਚੱਲ ਰਿਹਾ ਹੈ ਤੇ ਜਲਦ ਹੀ ਸਾਲਾਨਾ ਪ੍ਰੀਖਿਆਵਾਂ ਲਈ ਅਧਿਆਪਕ ਵਰਗ ਬੱਚਿਆਂ ਦੀ ਤਿਆਰੀ 'ਚ ਰੁੱਝਿਆ ਹੋਇਆ ਹੈ ਤੇ ਅਜਿਹੇ ਸਮੇਂ 'ਚ ਟੀਚਰਾਂ ਦੀ ਅਦਲਾ ਬਦਲੀ ਸਰਕਾਰ ਦੀ ਸਿੱਖਿਆ ਨੀਤੀ ਨੂੰ ਨਕਾਰਾ ਬਣਾਉਣ ਦੀ ਚਾਲ ਹੈ, ਜਿਸ ਨੂੰ ਹਰਗਿਜ਼ ਸਫਲ ਨਹੀਂ ਹੋਣ ਦਿੱਤਾ ਜਾਵੇਗਾ।
ਅਧਿਆਪਕ ਦਲ ਆਗੂ ਮਨਜਿੰਦਰ ਸਿੰਘ ਧੰਜ, ਮੁਖਤਾਰ ਲਾਲ, ਵੱਸਣਦੀਪ ਸਿੰਘ ਧੰਜੂ ਤੇ ਮਨਜਿੰਦਰ ਰੂਬਲ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਨਵੀਂ ਤਬਾਦਲਾ ਨੀਤੀ ਰੱਦ ਕਰਕੇ ਅਧਿਆਪਕਾਂ ਦੀਆਂ ਤਨਖਾਹਾਂ ਦਾ ਬਜਟ ਜਾਰੀ ਕਰਨ ਵੱਲ ਗੰਭੀਰਤਾ ਦਿਖਾਵੇ।