ਦੋ ਪਿੰਡਾਂ ਦੇ ਵਸਨੀਕ ਪਾਣੀ ਨੂੰ ਤਰਸੇ
Wednesday, Aug 22, 2018 - 06:42 AM (IST)
ਖਰਡ਼, (ਅਮਰਦੀਪ)- ਨਗਰ ਕੌਂਸਲ ਖਰਡ਼ ਅਧੀਨ ਪੈਂਦੇ ਪਿੰਡ ਜੰਡਪੁਰ ਦੇ ਵਸਨੀਕ 20 ਦਿਨਾਂ ਤੋਂ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਅਤੇ ਖੁਦ ਪੈਸੇ ਖਰਚ ਕੇ ਪਾਣੀ ਦੇ ਟੈਂਕਰ ਲਿਆ ਕੇ ਡੰਗ ਟਪਾ ਰਹੇ ਹਨ। ਅੱਜ ਵਸਨੀਕਾਂ ਨੇ ਨਗਰ ਕੌਂਸਲ ਖਰਡ਼ ਦੇ ਅਧਿਕਾਰੀਆਂ ਖਿਲਾਫ ਰੋਸ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਜੰਡਪੁਰ ਦੇ ਵਸਨੀਕ ਵਿਸਾਖਾ ਸਿੰਘ, ਅਮਰਜੀਤ ਸਿੰਘ, ਹਰਪਾਲ ਸਿੰਘ, ਕਰਨੈਲ ਸਿੰਘ, ਮਨਮੋਹਣ ਸਿੰਘ, ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਜੋ ਪਹਿਲਾਂ ਟਿਊਬਵੈੱਲ ਲੱਗਾ ਹੋਇਆ ਸੀ, ਉਹ 20-25 ਸਾਲ ਪੁਰਾਣਾ ਹੈ ਤੇ ਇਸ ਦੀ ਮੋਟਰ ਖਰਾਬ ਹੋ ਗਈ ਸੀ ਪਰ ਵਾਟਰ ਸਪਲਾਈ ਦੇ ਕਰਮਚਾਰੀਆਂ ਵਲੋਂ ਮੋਟਰ ਨੂੰ ਕੱਢਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਉਸ ’ਤੇ ਹੀ ਹੋਰ ਮੋਟਰ ਰਖਵਾ ਦਿੱਤੀ ਗਈ। ਹੁਣ ਟਿਊਬਵੈੱਲ ਅੰਦਰ ਮੋਟਰ ਫਸਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਚੁੱਕੀ ਹੈ ਤੇ ਵਸਨੀਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿੰਡ ਵਿਚ 400 ਘਰ ਹਨ ਤੇ ਵਸਨੀਕ ਪੀਣ ਵਾਲੇ ਪਾਣੀ ਦੇ ਟੈਂਕਰਾਂ ਦੇ ਨਾਲ ਗੁਜ਼ਾਰਾ ਕਰ ਰਹੇ ਹਨ, ਗਰਮੀ ਹੋਣ ਕਰਕੇ ਟੈਂਕਰਾਂ ਦਾ ਪਾਣੀ ਵੀ ਪੂਰਾ ਨਹੀਂ ਪੈਂਦਾ। ਉਨ੍ਹਾਂ ਆਖਿਆ ਕਿ ਵਾਰਡ ਦੇ ਕੌਂਸਲਰ ਨੂੰ ਕੋਈ ਵੀ ਪ੍ਰਵਾਹ ਨਹੀਂ ਹੈ ਕਿ ਪਿੰਡ ਵਿਚ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਉਨ੍ਹਾਂ ਨਗਰ ਕੌਂਸਲ ਦੇ ਉਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜੰਡਪੁਰ ਵਿਚ ਤੁਰੰਤ ਨਵੀਂ ਮੋਟਰ ਲਾਈ ਜਾਵੇ, ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਜਰਨੈਲ ਸਿੰਘ ਢਿੱਲੋਂ, ਪਾਲ ਸਿੰਘ, ਜਰਨੈਲ ਸਿੰਘ ਜ਼ੈਲੀ, ਵਿਕਰਮ ਸਿੰਘ, ਹਰਵਿੰਦਰ ਸਿੰਘ, ਨਰਿੰਦਰ ਸਿੰਘ, ਹਰਨੇਕ ਸਿੰਘ, ਗੁਰਦੀਪ ਸਿੰਘ, ਪ੍ਰੀਤਮ ਸਿੰਘ, ਕ੍ਰਿਪਾਲ ਸਿੰਘ, ਬਲਬੀਰ ਸਿੰਘ, ਦਿਆਲ ਸਿੰਘ, ਅਮਰ ਸਿੰਘ ਤੇ ਸੁਖਪਾਲ ਸਿੰਘ ਵੀ ਹਾਜ਼ਰ ਸਨ।
ਕੁਰਾਲੀ, (ਬਠਲਾ)-ਪਿੰਡ ਪਡਿਆਲਾ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਪਿੰਡ ਵਾਸੀਆਂ ਨੇ ਪਾਣੀ ਦੀ ਸਪਲਾਈ ਵਿਚ ਸੁਧਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਨਗਰ ਕੌਂਸਲ ਅਧੀਨ ਆਉਂਦੇ ਪਿੰਡ ਪਡਿਆਲਾ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਕਾਫੀ ਸਮਾਂ ਪਹਿਲਾਂ ਲਾਇਆ ਟਿਊਬਵੈੱਲ ਦਮ ਤੋਡ਼ ਚੁੱਕਿਆ ਹੈ। ਟਿਊਬਵੈੱਲ ਖਰਾਬ ਹੋਣ ਕਾਰਨ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਪਾਣੀ ਦੀ ਇਸ ਸਮੱਸਿਆ ਦੇ ਆਰਜ਼ੀ ਹੱਲ ਲਈ ਕੌਂਸਲ ਵਲੋਂ ਕੁਝ ਦਿਨ ਪਹਿਲਾਂ ਪਿੰਡ ਦੇ ਪਾਣੀ ਦੀ ਸਪਲਾਈ ਨੂੰ ਬਾਲੀਵੁੱਡ ਰਿਹਾਇਸ਼ ਕਾਲੋਨੀ ਦੇ ਜਲ ਘਰ ਦੇ ਨਾਲ ਜੋਡ਼ਿਆ ਗਿਆ ਸੀ ਪਰ ਫਿਰ ਵੀ ਅਜੇ ਤਕ ਪਾਣੀ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕੀ।
ਪਿੰਡ ਵਾਸੀ ਨਰਿੰਦਰ ਸਿੰਘ, ਗੁਰਦਰਸ਼ਨ ਸਿੰਘ, ਪਾਲ ਸਿੰਘ, ਗੁਰਦੀਪ ਸਿੰਘ, ਅਵਤਾਰ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਕਈ ਕਾਲੋਨੀਆਂ ਵਿਚ ਇਕ ਮਹੀਨੇ ਤੋਂ ਪਾਣੀ ਦੀ ਬੂੰਦ ਤਕ ਨਹੀਂ ਗਈ। ਉਨ੍ਹਾਂ ਪਾਣੀ ਦੀ ਸਪਲਾਈ ਵਿਚ ਸੁਧਾਰ ਦੀ ਮੰਗ ਕੀਤੀ ਹੈ। ਇਸੇ ਦੌਰਾਨ ਕੌਂਸਲਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਵਾਂ ਟਿਊਬਵੈੱਲ ਲਾਉਣ ਦਾ ਕੰਮ ਵੀ ਸ਼ੁਰੂ ਕੀਤਾ ਸੀ।
ਉਨ੍ਹਾਂ ਕਿਹਾ ਕਿ ਬੋਰ ਹੋਣ ਤੋਂ ਬਾਅਦ ਪਾਈਪ ਲਾਈਨ ਵੀ ਪਾ ਦਿੱਤੀ ਗਈ ਸੀ ਪਰ ਅਾਖਰੀ ਪੜਾਅ ਵਿਚ ਆ ਕੇ ਬੋਰ ਟੁੱਟ ਗਿਆ। ਇਸ ਤੋਂ ਬਾਅਦ ਠੇਕੇਦਾਰ ਕੰਮ ਛੱਡ ਕੇ ਚਲਿਆ ਗਿਆ ਤੇ ਪਿੰਡ ਦੀ ਪਾਣੀ ਦੀ ਸਮੱਸਿਆ ਹੱਲ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਪਾਣੀ ਦੀ ਸਮੱਸਿਆ ਦੇ ਹੱਲ ਦੇ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।
ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਵਾਟਰ ਸਪਲਾਈ ਬਰਾਂਚ ਦੇ ਇੰਚਾਰਜ ਅਜਮੇਰ ਸਿੰਘ ਨੇ ਦੱਸਿਆ ਕਿ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਪੰਚਾਇਤ ਦੇ ਸਮੇਂ ਤੋਂ ਚਲਦਾ ਆ ਰਿਹਾ ਟਿਊਬਵੈੱਲ ਖਰਾਬ ਹੋ ਗਿਆ ਹੈ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਦੇ ਹੱਲ ਲਈ ਪਿੰਡ ਦੇ ਪਾਣੀ ਦੀ ਸਪਲਾਈ ਨੂੰ ਹਾਲੀਵੁੱਡ ਕਾਲੋਨੀ ਦੇ ਜਲ ਘਰ ਨਾਲ ਜੋਡ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਦੋ-ਤਿਹਾਈ ਹਿੱਸੇ ਨੂੰ ਪਾਣੀ ਪਹੁੰਚਾ ਦਿੱਤਾ ਗਿਆ ਹੈ, ਜਦੋਂਕਿ ਕੁਝ ਹਿੱਸੇ ਵਿਚ ਪਾਣੀ ਦੀ ਸਪਲਾਈ ਪਹੁੰਚਾਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
