ਖੰਡਰ ਹੋ ਚੁੱਕੀਆਂ ਸਰਕਾਰੀ ਇਮਾਰਤਾਂ ''ਚ ਬਣਾਏ ਜਾਣ ਰਿਹਾਇਸ਼ੀ ਆਸ਼ੀਆਨੇ

11/18/2017 1:20:55 AM

ਰੂਪਨਗਰ, (ਵਿਜੇ)- ਸ਼ਹਿਰ 'ਚ ਖੰਡਰ ਬਣ ਚੁੱਕੀਆਂ ਸਰਕਾਰੀ ਇਮਾਰਤਾਂ ਦੀ ਕੀਮਤੀ ਜ਼ਮੀਨ 'ਤੇ ਸਰਕਾਰ ਤੋਂ ਗਰੀਬ ਵਰਗ ਦੇ ਲੋਕਾਂ ਲਈ ਆਸ਼ੀਆਨੇ ਬਣਾਉਣ ਦੀ ਮੰਗ ਉੱਠਣ ਲੱਗੀ ਹੈ।
ਜਾਣਕਾਰੀ ਅਨੁਸਾਰ ਸ਼ਹਿਰ 'ਚ ਬੱਚਤ ਚੌਕ ਨੇੜੇ ਲੜਕਿਆਂ ਦੇ ਸਕੂਲ ਦੀ ਇਮਾਰਤ ਲੰਬੇ ਸਮੇਂ ਤੋਂ ਖਸਤਾ ਹਾਲਤ 'ਚ ਹੈ। ਇਥੋਂ ਤੱਕ ਕਿ ਸਕੂਲ ਦੇ ਖੇਡ ਮੈਦਾਨ ਨੇ ਵੀ ਜੰਗਲ ਦਾ ਰੂਪ ਧਾਰਨ ਕਰ ਲਿਆ ਹੈ। ਇਸ ਸੰਬੰਧੀ ਸਮਾਜ ਸੇਵੀ ਤੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਕੁਮਾਰ ਵਾਹੀ ਨੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਆਫਿਸਰ ਕਾਲੋਨੀ ਸਮੇਤ ਹੋਰ ਸਰਕਾਰੀ ਇਮਾਰਤਾਂ ਦਾ ਸਰਕਾਰ ਵੱਲੋਂ ਨਿਰੀਖਣ ਕੀਤਾ ਜਾਂਦਾ ਤਾਂ ਉਨ੍ਹਾਂ ਦੀ ਹਾਲਤ ਖਸਤਾ ਨਾ ਹੁੰਦੀ। ਉਕਤ ਇਮਾਰਤਾਂ, ਜੋ ਬਿਲਕੁਲ ਹੀ ਖਸਤਾ ਹੋ ਚੁੱਕੀਆਂ ਹਨ, ਦੀ ਜਗ੍ਹਾ ਸਰਕਾਰੀ ਪ੍ਰਾਜੈਕਟ ਤਹਿਤ ਗਰੀਬ ਵਰਗ ਦੇ ਲੋਕਾਂ ਨੂੰ ਮਕਾਨ ਬਣਾ ਕੇ ਅਲਾਟ ਕੀਤੇ ਜਾਣੇ ਚਾਹੀਦੇ ਹਨ, ਨਹੀਂ ਤਾਂ ਖਿਡਾਰੀਆਂ ਲਈ ਹੋਸਟਲ ਬਣਾਏ ਜਾਣ ਕਿਉਂਕਿ ਰੂਪਨਗਰ 'ਚ ਰੋਜ਼ਾਨਾ ਖੇਡਾਂ ਹੁੰਦੀਆਂ ਰਹਿੰਦੀਆਂ ਹਨ ਤੇ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੇ ਖਿਡਾਰੀਆਂ, ਜਿਨ੍ਹਾਂ 'ਚ ਮਹਿਲਾ ਖਿਡਾਰੀ ਵੀ ਸ਼ਾਮਲ ਹੁੰਦੇ ਹਨ, ਨੂੰ ਇਥੇ ਠਹਿਰਣ 'ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
'ਦੂਜੇ ਸ਼ਹਿਰਾਂ ਤੋਂ ਆਉਂਦੇ ਲੋਕਾਂ ਲਈ ਖੰਡਰ ਇਮਾਰਤਾਂ ਦੀ ਥਾਂ ਹੋਸਟਲ ਬਣਾਏ ਜਾਣ'
ਇਸੇ ਤਰ੍ਹਾਂ ਵਪਾਰ ਮੰਡਲ ਦੇ ਪ੍ਰਧਾਨ ਪਰਵਿੰਦਰਪਾਲ ਸਿੰਘ ਬਿੰਟਾ ਨੇ ਕਿਹਾ ਕਿ ਰੂਪਨਗਰ ਸ਼ਹਿਰ 'ਚ ਆਈ. ਆਈ. ਟੀ. ਸੰਸਥਾ ਖੁੱਲ੍ਹਣ ਨਾਲ ਦੇਸ਼ ਦੇ ਕੋਨੇ-ਕੋਨੇ ਤੋਂ ਵਿਦਿਆਰਥੀ ਪਹੁੰਚਣ ਲੱਗੇ ਹਨ। ਇਸ ਤੋਂ ਇਲਾਵਾ ਇਥੇ ਵਪਾਰੀ ਵਰਗ ਦਾ ਆਉਣਾ-ਜਾਣਾ ਵੀ ਹੈ। ਜੇਕਰ ਸਰਕਾਰ ਪੁਰਾਣੀਆਂ ਤੇ ਖਸਤਾਹਾਲ ਇਮਾਰਤਾਂ 'ਚ ਬਾਹਰੋਂ ਆਉਣ ਵਾਲੇ ਲੋਕਾਂ ਲਈ ਹੋਸਟਲ ਵਰਗੀ ਵਿਵਸਥਾ ਕਰਵਾ ਦੇਵੇ ਤਾਂ ਇਸ ਨਾਲ ਸਰਕਾਰੀ ਆਮਦਨ 'ਚ ਵੀ ਵਾਧਾ ਹੋ ਸਕਦਾ ਹੈ ਤੇ ਉਕਤ ਥਾਵਾਂ ਦਾ ਵਿਕਾਸ ਵੀ ਹੋ ਸਕਦਾ ਹੈ।