ਮੋਹਾਲੀ 'ਚ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੌਰਾਨ ਮੁੱਖ ਮੰਤਰੀ ਲਹਿਰਾਉਣਗੇ ਤਿਰੰਗਾ

01/07/2020 8:20:17 PM

ਮੋਹਾਲੀ, (ਨਿਆਮੀਆਂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੋਹਾਲੀ ਦੇ ਸਰਕਾਰੀ ਕਾਲਜ ਫ਼ੇਜ਼-6 ਵਿਚ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਰਾਜ ਪੱਧਰੀ ਸਮਾਰੋਹ ਦੌਰਾਨ ਤਿਰੰਗਾ ਲਹਿਰਾਉਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲੇ ਦੇ ਅਧਿਕਾਰੀਆਂ ਤੇ ਬੀ. ਐੱਸ. ਐੱਫ. ਅਧਿਕਾਰੀਆਂ ਨਾਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਸਮਾਗਮ ਦੀਆਂ ਤਿਆਰੀਆਂ ਬਾਰੇ ਹੋਈ ਮੀਟਿੰਗ ਦੌਰਾਨ ਦਿੱਤੀ। ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਦਿਆਲਨ ਨੇ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਰਾਜ ਪੱਧਰੀ ਸਮਾਰੋਹ ਮੋਹਾਲੀ ਜ਼ਿਲੇ ਵਿਚ ਹੋ ਰਿਹਾ ਹੈ, ਇਸ ਕਾਰਨ ਡਿਊਟੀ ਤੇ ਪ੍ਰਬੰਧਾਂ ਵਿਚ ਕੁਤਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀਆਂ ਦੀਆਂ ਡਿਊਟੀਆਂ ਸਮਾਗਮ ਲਈ ਲੱਗੀਆਂ ਹਨ, ਉਹ ਪੂਰੀ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤਾਂ ਕਿ ਇਸ ਸਮਾਗਮ ਨੂੰ ਸਫ਼ਲ ਬਣਾਇਆ ਜਾ ਸਕੇ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਸ਼ਿਕਾ ਜੈਨ, ਐੱਸ. ਪੀ. (ਟ੍ਰੈਫਿਕ) ਕੇਸਰ ਸਿੰਘ, ਐੱਸ. ਡੀ. ਐੱਮ. ਜਗਦੀਪ ਸਹਿਗਲ, ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਸੁਖਵਿੰਦਰ ਕੁਮਾਰ, ਜ਼ਿਲਾ ਖੇਡ ਅਫ਼ਸਰ ਸੁਰਜੀਤ ਸਿੰਘ, ਡਵੀਜ਼ਨਲ ਜੰਗਲਾਤ ਅਫ਼ਸਰ ਗੁਰ ਅਮਨ ਸਿੰਘ, ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।