ਭਾਰਤ ਦੀ ਰੂਹ ਦੀ ਰਾਖੀ ਲਈ ਚੱਟਾਨ ਵਾਂਗ ਖੜ੍ਹੇ ਹਾਂ: ਕੈਪਟਨ

01/26/2020 9:37:37 AM

ਚੰਡੀਗੜ੍ਹ (ਬਿਊਰੋ): 71ਵਾਂ ਗਣਤੰਤਰ ਦਿਵਸ ਆਜ਼ਾਦੀ ਤੋਂ ਬਾਅਦ ਦੇਸ਼ ਦੇ ਹੁਣ ਤੱਕ ਦੇ ਸਫ਼ਰ ਦੀ ਬਹੁਤ ਹੀ ਨਾਜ਼ੁਕ ਘੜੀ ਮੌਕੇ ਆਇਆ ਹੈ। ਬਦਕਿਸਮਤੀ ਨਾਲ ਦੇਸ਼ ਦੇ ਸੰਵਿਧਾਨਕ ਤਾਣੇ-ਬਾਣੇ ਨੂੰ ਅੱਜ ਬਾਹਰੀ ਤਾਕਤਾਂ ਦੀ ਬਜਾਏ ਸਾਡੇ ਆਪਣੇ ਹੁਕਮਰਾਨਾਂ ਵੱਲੋਂ ਫੈਲਾਏ ਜਾ ਰਹੇ ਵੰਡਪਾਊ ਏਜੰਡੇ ਕਾਰਣ ਗੰਭੀਰ ਚੁਣੌਤੀਆਂ ਦਰਪੇਸ਼ ਹਨ। ਦੇਸ਼ 'ਚ ਲਏ ਜਾ ਰਹੇ ਫੁੱਟਪਾਊ ਅਤੇ ਮਾਰੂ ਫੈਸਲੇ ਨਾਗਰਿਕਤਾ ਸੋਧ ਐਕਟ (ਸੀ. ਏ. ਏ.), ਕੌਮੀ ਨਾਗਰਿਕ ਰਜਿਸਟਰ (ਐੱਨ. ਸੀ. ਆਰ.), ਕੌਮੀ ਆਬਾਦੀ ਰਜਿਸਟਰ (ਐੱਨ. ਪੀ. ਆਰ.) ਨਾਲ ਭਾਰਤ ਦੀ ਅਸਲ ਤਾਕਤ ਇਸ ਦੀਆਂ 'ਲੋਕਤੰਤਰਿਕ ਨੀਹਾਂ' ਨੂੰ ਅੱਜ ਵੱਡਾ ਖ਼ਤਰਾ ਬਣਿਆ ਹੋਇਆ ਹੈ।

ਸਪੱਸ਼ਟ ਗੱਲ ਇਹ ਹੈ ਕਿ ਕੋਈ ਵੀ ਸੱਚਾ ਭਾਰਤੀ ਇਨ੍ਹਾਂ ਚਾਲਾਂ ਦੇ ਖਤਰਿਆਂ ਤੋਂ ਮੁਕਤ ਨਹੀਂ ਹੋ ਸਕਦਾ। ਮੇਰਾ ਵਿਸ਼ਵਾਸ ਹੈ ਕਿ ਇਨ੍ਹਾਂ ਦੇ ਵਿਰੁੱਧ ਪੈਦਾ ਹੋਈ ਜਨਤਕ ਰਾਇ ਉਸ ਮਨੁੱਖੀ ਲਹਿਰ ਦੀ ਝਲਕ ਪੇਸ਼ ਕਰਦੀ ਹੈ, ਜੋ ਇਨ੍ਹਾਂ ਪੇਚੀਦੇ ਕਾਨੂੰਨਾਂ/ਦਸਤਾਵੇਜ਼ਾਂ ਦੇ ਰੋਸ ਵਿਚ ਗੋਲੀਆਂ ਤੋਂ ਬੇਖੌਫ਼ ਹੋ ਕੇ ਸੜਕਾਂ 'ਤੇ ਉੱਤਰ ਆਈ ਹੈ ਅਤੇ ਅਖੀਰ 'ਚ ਇਨ੍ਹਾਂ ਕਾਨੂੰਨਾਂ ਨੂੰ ਅਮਲੀਜਾਮਾ ਨਾ ਪਹਿਨਾਉਣ ਦੇਣ ਵਿਚ ਕਾਮਯਾਬ ਹੋਵੇਗੀ। ਆਖਿਰਕਾਰ, ਅਨੇਕਤਾ ਵਿਚ ਏਕਤਾ ਦੇ ਮਜ਼ਬੂਤ ਆਧਾਰ ਤੋਂ ਬਿਨਾਂ ਭਾਰਤ ਹੈ ਵੀ ਕੀ? Îਅਜਿਹੀ ਸੋਚ ਭਾਰਤ ਦੇ ਸੰਪਰੂਨ ਰੂਪ ਵਾਲੇ ਵਿਚਾਰ ਨੂੰ ਨਕਾਰਦੀ ਹੈ।

ਅਸੀਂ, ਪੰਜਾਬ ਸਰਕਾਰ 'ਚ ਇਨ੍ਹਾਂ ਫੁੱਟਪਾਊ ਕਾਨੂੰਨਾਂ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕਰਨ ਦਾ ਫੈਸਲਾ ਲਿਆ ਹੈ ਅਤੇ ਇਨ੍ਹਾਂ ਕਾਨੂੰਨਾਂ ਨੂੰ ਮਨਸੂਖ ਕਰਵਾਉਣ ਲਈ ਸੁਪਰੀਮ ਕੋਰਟ ਦਾ ਦਰ ਖੜਕਾਉਣ ਦੀ ਤਿਆਰੀ 'ਚ ਹਾਂ। ਪੰਜਾਬ ਵਿਧਾਨ ਸਭਾ ਨੇ ਪਹਿਲਾਂ ਹੀ ਸੀ. ਏ. ਏ. ਜੋ ਸੰਵਿਧਾਨ ਦੀ ਧਾਰਾ 14 ਦੀ ਘੋਰ ਉਲੰਘਣਾ ਅਤੇ ਪੱਖਪਾਤੀ ਹੈ, ਵਿਰੁੱਧ ਮਤਾ ਪਾਸ ਕਰ ਦਿੱਤਾ ਹੈ। ਮੈਂ, ਸਰਵਉੱਚ ਅਦਾਲਤ ਪਾਸੋਂ ਇਸ ਕਾਨੂੰਨ ਨੂੰ ਰੋਕ ਲੈਣ ਦੀ ਉਮੀਦ ਕਰਦਾ ਹਾਂ ਕਿਉਂਕਿ ਮੈਂ ਨਿੱਜੀ ਤੌਰ 'ਤੇ ਇਸ ਕਾਨੂੰਨ ਦੀ ਭਾਵਨਾ ਨੂੰ ਹਿਟਲਰ ਦੇ ਨਸਲੀ ਅਤੇ ਧਾਰਮਿਕ ਸਫਾਏ ਦੇ ਤੁਲ ਸਮਝਦਾ ਹਾਂ। ਅਸੀਂ, ਭਾਰਤ ਦੇ ਨਾਗਰਿਕ ਸਤਾਏ ਹੋਏ ਸਾਰੇ ਸਿੱਖਾਂ, ਹਿੰਦੂਆਂ, ਬੋਧੀਆਂ, ਪਾਰਸੀਆਂ, ਮੁਸਲਮਾਨਾਂ, ਯਹੂਦੀਆਂ ਅਤੇ ਹੋਰਨਾਂ ਦਾ ਗਰਮਜੋਸ਼ੀ ਨਾਲ ਅਤੇ ਬਿਨਾਂ ਕਿਸੇ ਵਿਤਕਰੇ ਤੋਂ ਸਵਾਗਤ ਕਰਨਾ ਚਾਹੁੰਦੇ ਹਾਂ। ਅਸੀਂ ਭਾਰਤ ਦੀ ਰੂਹ ਦੀ ਰਾਖੀ ਲਈ ਚੱਟਾਨ ਵਾਂਗ ਖੜ੍ਹੇ ਹਾਂ।

ਪੰਜਾਬ 'ਚ ਨਾ-ਇਨਸਾਫੀ ਵਿਰੁੱਧ ਲੜਨ ਦਾ ਲੰਮਾ ਇਤਿਹਾਸ ਰਿਹਾ ਹੈ ਅਤੇ ਅਸੀਂ ਸੀ. ਏ. ਏ./ਐੱਨ. ਸੀ. ਆਰ./ਐੱਨ. ਪੀ. ਆਰ. ਖਿਲਾਫ਼ ਉਦੋਂ ਤੱਕ ਆਪਣੀ ਲੜਾਈ ਜਾਰੀ ਰੱਖਾਂਗੇ।
ਸਾਡੀ ਸਰਕਾਰ ਦੀ ਇਕ ਹੋਰ ਤਰਜੀਹ ਸੂਬੇ ਵਿਚ ਅਮਨ-ਕਾਨੂੰਨ ਬਹਾਲ ਕਰਨਾ ਵੀ ਰਹੀ ਹੈ, ਜੋ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਸਭ ਤੋਂ ਹੇਠਲੇ ਪੱਧਰ 'ਤੇ ਸੀ, ਜਿਸ ਦੌਰਾਨ ਗੈਂਗਸਟਰਾਂ 'ਤੇ ਕੋਈ ਲਗਾਮ ਨਹੀਂ ਸੀ। ਸੂਬੇ ਦੇ ਲੋਕ ਡਰ 'ਚ ਰਹਿ ਰਹੇ ਸਨ। ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਅਪਰਾਧਾਂ ਵਿਚ ਵੱਡੀ ਕਮੀ ਆਉਣ ਨਾਲ ਇਹ ਡਰ ਹੁਣ ਖਤਮ ਹੋ ਗਿਆ ਹੈ। ਕੈਟਾਗਰੀ 'ਏ' ਦੇ 13 ਗੈਂਗਸਟਰਾਂ ਦਾ ਖਾਤਮਾ ਕੀਤਾ। ਇਸ ਤੋਂ ਇਲਾਵਾ 31 ਅੱਤਵਾਦੀ ਗਿਰੋਹਾਂ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ 1000 ਤੋਂ ਵੱਧ ਗੈਰ-ਕਾਨੂੰਨੀ ਹਥਿਆਰਾਂ ਦੀ ਬਰਾਮਦਗੀ ਨਾਲ 151 ਅੱਤਵਾਦੀ ਗ੍ਰਿਫਤਾਰ ਕੀਤੇ ਗਏ ਹਨ। ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਿਆਂ ਦੀ ਸਮੱਗਲਿੰਗ ਲਈ ਵਰਤੇ ਜਾ ਰਹੇ ਡਰੋਨਾਂ ਦੀ ਤਾਜ਼ਾ ਬਰਾਮਦਗੀ ਬੇਸ਼ੱਕ ਚਿੰਤਾ ਦਾ ਵਿਸ਼ਾ ਹੈ ਪਰ ਸਾਡੀਆਂ ਸੁਰੱਖਿਆ ਏਜੰਸੀਆਂ ਨੇ ਕੇਂਦਰੀ ਬਲਾਂ ਦੀ ਮਦਦ ਨਾਲ ਇਨ੍ਹਾਂ ਗਤੀਵਿਧੀਆਂ ਪਿੱਛੇ ਦੇ ਵਿਅਕਤੀਆਂ ਦੇ ਮਨਸੂਬਿਆਂ ਨੂੰ ਅਸਫਲ ਕੀਤਾ ਹੈ ਅਤੇ ਕਰ ਰਹੇ ਹਨ। ਇਸੇ ਤਰ੍ਹਾਂ, ਸਾਡੀ ਸਰਕਾਰ ਦੁਆਰਾ ਸਾਲ 2017 'ਚ ਗਠਿਤ ਕੀਤੀ ਗਈ ਵਿਸ਼ੇਸ਼ ਟਾਸਕ ਫੋਰਸ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਈ ਹੈ।
ਤਰੱਕੀ ਦਾ ਸਿੱਧਾ ਸਬੰਧ ਸਿੱਖਿਆ ਨਾਲ ਜੁੜਿਆ ਹੋਣ ਕਰ ਕੇ ਸਾਡੀ ਸਰਕਾਰ ਵੱਲੋਂ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵੱਲ ਵਿਸ਼ੇਸ਼ ਤਵੱਜੋ ਦਿੱਤੀ ਗਈ। ਸੂਬੇ 'ਚ ਮੈਡੀਕਲ ਸਿੱਖਿਆ ਤੇ ਖੋਜ ਨੂੰ ਹੋਰ ਹੁਲਾਰਾ ਦੇਣ ਲਈ ਐੱਸ. ਏ. ਐੱਸ. ਨਗਰ (ਮੋਹਾਲੀ) ਵਿਖੇ ਨਵਾਂ ਸਰਕਾਰੀ ਮੈਡੀਕਲ ਕਾਲਜ ਬਣਨ ਜਾ ਰਿਹਾ ਹੈ, ਜਿਸ ਵਿਚ ਕਲਾਸਾਂ ਆਉਂਦੇ ਅਕਾਦਮਿਕ ਸੈਸ਼ਨ 2020-21 ਵਿਚ ਸ਼ੁਰੂ ਹੋ ਜਾਣਗੀਆਂ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਕਪੂਰਥਲਾ ਵਿਖੇ ਨਵਾਂ ਮੈਡੀਕਲ ਕਾਲਜ ਸਥਾਪਿਤ ਕਰਨ ਦੇ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨੂੰ ਮੌਜੂਦਾ ਜ਼ਿਲਾ ਹਸਪਤਾਲ ਨਾਲ ਜੋੜਿਆ ਜਾਵੇਗਾ। ਸਾਨੂੰ ਆਸ ਹੈ ਕਿ ਇਕ ਹੋਰ ਨਵੇਂ ਮੈਡੀਕਲ ਕਾਲਜ ਨੂੰ ਹੁਸ਼ਿਆਰਪੁਰ ਬਣਾਉਣ ਦੀ ਸਾਨੂੰ ਜਲਦ ਹੀ ਰਸਮੀ ਪ੍ਰਵਾਨਗੀ ਮਿਲ ਜਾਵੇਗੀ। ਫਿਰੋਜ਼ਪੁਰ ਵਿਖੇ ਪੀ. ਜੀ. ਆਈ. ਚੰਡੀਗੜ੍ਹ ਦਾ ਸੈਟੇਲਾਈਟ ਕੇਂਦਰ ਸਥਾਪਿਤ ਕਰਨ ਦੀ ਵੀ ਅੰਤਿਮ ਪ੍ਰਵਾਨਗੀ ਮਿਲ ਗਈ ਹੈ।

ਆਓ, ਅੱਜ ਅਸੀਂ ਇਹ ਪ੍ਰਣ ਕਰੀਏ ਕਿ ਸੰਵਿਧਾਨਕ ਸਿਧਾਂਤਾਂ ਜਿਨ੍ਹਾਂ ਨੇ ਦਹਾਕਿਆਂ ਤੋਂ ਸਾਡੇ ਦੇਸ਼ ਦੀ ਤਰੱਕੀ ਦਾ ਮਾਰਗਦਰਸ਼ਨ ਕੀਤਾ ਹੈ ਅਤੇ ਚਾਨਣ ਮੁਨਾਰਾ ਬਣ ਕੇ ਬਿਹਤਰ ਭਵਿੱਖ ਬਣਾਇਆ ਹੈ, ਦੀ ਰਾਖੀ ਲਈ ਕੰਮ ਕਰੀਏ। ਆਓ, ਅੱਜ ਦੇ ਇਤਿਹਾਸਕ ਦਿਹਾੜੇ 'ਤੇ ਸੰਵਿਧਾਨ ਦੀ ਪ੍ਰਸਤਾਵਨਾ 'ਚ ਦਰਜ ਅਨਿੱਖੜਵੇਂ ਅਤੇ ਅਟੁੱਟ ਸਿਧਾਂਤਾਂ ਦੀ ਰਾਖੀ ਕਰਨ ਦਾ ਵੀ ਤਹੱਈਆ ਕਰੀਏ।

Shyna

This news is Content Editor Shyna