ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਕੇ ਸਿੱਖ ਮਰਿਯਾਦਾ ਅਨੁਸਾਰ ਧਾਰਮਿਕ ਸਜ਼ਾ ਲਗਾਈ ਜਾਵੇ : ਅਕਾਲੀ ਦਲ (ਅ)

10/13/2021 12:59:19 PM

ਤਲਵੰਡੀ ਸਾਬੋ (ਮੁਨੀਸ਼) : ਬੀਤੇ ਦਿਨ ਪੰਜਾਬ ਦੀਆਂ ਕੁੱਝ ਉੱਚ ਸਿਆਸੀ ਹਸਤੀਆਂ ਵੱਲੋਂ ਕਈ ਮੰਦਿਰਾਂ ਵਿਚ ਨਤਮਸਤਕ ਹੋਣ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇਕ ਵਫਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਬੰਧਕਾਂ ਨੂੰ ਇਕ ਪੱਤਰ ਸੌਂਪਿਆ। ਇਸ ਦੌਰਾਨ ਉਨ੍ਹਾਂ ਨੇ ਉਕਤ ਸਿਆਸੀ ਆਗੂਆਂ ਖਿਲਾਫ ਸਿੱਖ ਮਰਿਯਾਦਾ ਅਧੀਨ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਗੁਰਸੇਵਕ ਸਿੰਘ ਜਵਾਹਰਕੇ ਅਤੇ ਜ਼ਿਲ੍ਹਾ ਪ੍ਰਧਾਨ ਭਾਈ ਪਰਮਿੰਦਰ ਸਿੰਘ ਬਾਲਿਆਂਵਾਲੀ ਦੀ ਅਗਵਾਈ ਹੇਠ ਪੁੱਜੇ ਵਫਦ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਅਤੇ ਮੈਨੇਜਰ ਭਾਈ ਪਰਮਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਂ ਸੌਂਪੇ ਇਕ-ਪੱਤਰ ਰਾਹੀਂ ਦੱਸਿਆ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਥੇ ਚਿੰਤਪੁਰਨੀ ਮੰਦਿਰ ਵਿਚ ਨਤਮਸਤਕ ਹੋਏ, ਉੱਥੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੈਸ਼ਨੋ ਦੇਵੀ ਮੰਦਿਰ ਮੱਥਾ ਟੇਕ ਕੇ ਆਏ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੀਆਂ ਅਕਸਰ ਸ਼ਿਵਲਿੰਗ ਦੀ ਪੂਜਾ ਕਰਦਿਆਂ ਅਤੇ ਹਿੰਦੂ ਧਾਰਮਿਕ ਕਾਰਜ ਕਰਦਿਆਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਚਿੰਤਪੁਰਨੀ ਵਿਖੇ ਇਕ ਮੂਰਤੀ ਅੱਗੇ ਮੱਥਾ ਰਗੜਿਆ ਗਿਆ ਅਤੇ ਉੱਥੇ ਦੋ ਬਾਰਾ ਫਿਰ ਹਾਜ਼ਰ ਹੋਣ ਦਾ ਬਚਨ ਵੀ ਕੀਤਾ ਜਦੋਂ ਕਿ ਬੁੱਤ ਪੂਜਾ ਸਿੱਖ ਧਰਮ ਵਿਚ ਵਰਜਿਤ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਪੰਜਾਬ ਦੇ 3 ਫੌਜੀਆਂ ਸਮੇਤ 5 ਫੌਜੀਆਂ ਦੀ ਸ਼ਹਾਦਤ ’ਤੇ ਡੂੰਘਾ ਦੁੱਖ ਪ੍ਰਗਟਾਇਆ

ਆਗੂਆਂ ਨੇ ਕਿਹਾ ਕਿ ਉਕਤ ਤਿੰਨੇ ਸਿਆਸਤਦਾਨਾਂ ਨੇ ਸਿੱਖ ਕੌਮ ਵਿਚ ਹੁੰਦਿਆਂ ਹੋਇਆਂ ਸਿੱਖ ਮਰਿਯਾਦਾਵਾਂ ਦਾ ਘਾਣ ਕੀਤਾ ਹੈ, ਜਿਸ ਨਾਲ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪੁੱਜੀ ਹੈ। ਵਫਦ ਨੇ ਪੱਤਰ ਰਾਹੀਂ ਜਥੇਦਾਰ ਅਕਾਲ ਤਖਤ ਤੋਂ ਮੰਗ ਕੀਤੀ ਕਿ ਉਕਤ ਆਗੂਆਂ ਨੂੰ ਸਿੱਖ ਮਰਿਯਾਦਾਵਾਂ ਦੇ ਘਾਣ ਲਈ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਕੇ ਸਿੱਖ ਮਰਿਯਾਦਾ ਅਨੁਸਾਰ ਬਣਦੀ ਧਾਰਮਿਕ ਸਜ਼ਾ ਲਗਾਈ ਜਾਵੇ। ਵਫਦ ਵਿਚ ਗੁਰਚਰਨ ਸਿੰਘ ਕੋਟਲੀ, ਮਨਜੀਤ ਸਿੰਘ ਸੀਰਾ ਕੋਟਸ਼ਮੀਰ, ਅਜੈਬ ਸਿੰਘ ਸੰਦੋਹਾ, ਯਾਦਵਿੰਦਰ ਸਿੰਘ ਭਾਗੀਵਾਂਦਰ, ਲਛਮਣ ਸਿੰਘ ਭਾਗੀਵਾਂਦਰ, ਪੱਪੀ ਸਿੰਘ ਮਲਕਾਣਾ, ਨਛੱਤਰ ਸਿੰਘ ਖਾਲਸਾ ਆਦਿ ਆਗੂ ਮੌਜੂਦ ਸਨ।

ਇਹ ਵੀ ਪੜ੍ਹੋ : ਤਸੱਲੀ ਹੈ ਕਿ ਕਾਤਲ ਡੇਰਾ ਮੁਖੀ ਨੂੰ ਦਿੱਤਾ ਗਿਆ ਦੋਸ਼ੀ ਕਰਾਰ : ਬਲਵੰਤ ਸਿੰਘ 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha