ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 557ਵੇਂ ਟਰੱਕ ਦੀ ਰਾਹਤ ਸਮੱਗਰੀ

02/11/2020 3:52:24 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨੀ ਸੈਨਿਕਾਂ ਵੱਲੋਂ ਭਾਰਤੀ ਸਰਹੱਦੀ ਖੇਤਰਾਂ 'ਚ ਕੀਤੀ ਜਾ ਰਹੀ ਗੋਲੀਬਾਰੀ ਦੀਆਂ ਘਟਨਾਵਾਂ 'ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਇਸ ਦੇ ਨਤੀਜੇ ਵਜੋਂ ਪ੍ਰਭਾਵਿਤ ਪਰਿਵਾਰਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਹਜ਼ਾਰਾਂ ਲੋਕ ਨਾ ਸਿਰਫ ਸ਼ਰਨਾਰਥੀਆਂ ਵਾਲਾ ਜੀਵਨ ਗੁਜ਼ਾਰਨ ਲਈ ਮਜਬੂਰ ਹੋ ਗਏ, ਸਗੋਂ ਅਣਗਿਣਤ ਲੋਕਾਂ ਲਈ ਰੋਜ਼ੀ-ਰੋਟੀ ਦਾ ਮਸਲਾ ਬਣ ਗਿਆ। ਸਭ ਤੋਂ ਵੱਧ ਸਕੂਲ ਜਾਣ ਵਾਲੇ ਬੱਚੇ ਪ੍ਰਭਾਵਿਤ ਹੋ ਰਹੇ ਹਨ, ਜਿਨ੍ਹਾਂ ਨੂੰ ਕਈ-ਕਈ ਦਿਨ ਪੜ੍ਹਾਈ ਤੋਂ ਵਾਂਝੇ ਰਹਿਣਾ ਪੈਂਦਾ ਹੈ। ਇਸ ਦੇ ਨਾਲ ਹੀ ਅੱਤਵਾਦ ਕਾਰਣ ਵੀ ਸੂਬੇ ਦੇ ਜਿਹੜੇ ਲੋਕ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਦੀ ਜੀਵਨ-ਗੱਡੀ ਵੀ ਪਟੜੀ 'ਤੇ ਨਹੀਂ ਆ ਸਕੀ। ਇਨ੍ਹਾਂ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਕਤੂਬਰ 1999 ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਹੀ 557ਵੇਂ ਟਰੱਕ ਦੀ ਰਾਹਤ ਸਮੱਗਰੀ ਪਿਛਲੇ ਦਿਨੀਂ ਆਰ. ਐੱਸ. ਪੁਰਾ ਸੈਕਟਰ ਨਾਲ ਸਬੰਧਤ ਸਰਹੱਦੀ ਪਿੰਡਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਅੰਮ੍ਰਿਤਸਰ ਤੋਂ ਸ਼੍ਰੀ ਅਮਰਨਾਥ ਗੁਪਤਾ ਜੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤਾ ਗਿਆ ਸੀ।

ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਸਤੀਸ਼ ਗੁਪਤਾ, ਨਿਪੁੰਨ ਗੁਪਤਾ, ਮਹਿੰਦਰ ਅਗਰਵਾਲ, ਊਸ਼ਾ ਗੁਪਤਾ, ਸਰੋਜ ਅਗਰਵਾਲ, ਪਾਇਲ ਗੁਪਤਾ, ਹੇਜਲ ਗੁਪਤਾ, ਵਿਵੇਕ ਗੁਪਤਾ, ਬਟਾਲਾ ਦੇ ਉਦਯੋਗਪਤੀ ਭਾਰਤ ਭੂਸ਼ਣ ਅਗਰਵਾਲ, ਸੁਭਾਸ਼ ਗੋਇਲ, ਮਨਮੋਹਨ ਸਵਰੂਪ, ਕਵਿਤਾ ਅਗਰਵਾਲ, ਵੈਭਵ ਅਗਰਵਾਲ, ਰੋਮੇਸ਼ ਜੈਨ, ਜਤਿਨ ਨਰੂਲਾ, ਦਿਵੇਸ਼ ਗੁਪਤਾ ਅਤੇ ਅਸ਼ੋਕ ਸੇਠੀ ਨੇ ਵੀ ਵਡਮੁੱਲਾ ਸਹਿਯੋਗ ਦਿੱਤਾ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਅੰਮ੍ਰਿਤਸਰ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿੱਲੋ ਆਟਾ, 10 ਕਿੱਲੋ ਚਾਵਲ,ਇਕ ਕਿੱਲੋ ਨਮਕ ਅਤੇ ਇਕ ਕੰਬਲ ਸ਼ਾਮਲ ਸੀ। ਟਰੱਕ ਰਵਾਨਾ ਕਰਨ ਮੌਕੇ ਬਟਾਲਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਯੋਗੇਸ਼ ਬੇਰੀ ਅਤੇ ਅੰਿਮ੍ਰਤਸਰ ਤੋਂ ਪ੍ਰਤੀਨਿਧੀ ਰਾਕੇਸ਼ ਗੁਪਤਾ ਵੀ ਮੌਜੂਦ ਸਨ।

ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ 'ਚ ਅੰਿਮ੍ਰਤਸਰ ਤੋਂ ਸ਼੍ਰੀ ਸਤੀਸ਼ ਗੁਪਤਾ, ਸ਼੍ਰੀਮਤੀ ਸਰੋਜ ਅਗਰਵਾਲ, ਬੇਬੀ ਹੇਜਲ ਗੁਪਤਾ, ਰਾਮਗੜ੍ਹ ਦੇ ਭਾਜਪਾ ਆਗੂ ਸਰਬਜੀਤ ਸਿੰਘ ਜੌਹਲ, ਬਲਾਕ ਸੰਮਤੀ ਸੁੰਦਰਬਨੀ ਦੇ ਚੇਅਰਮੈਨ ਅਰੁਣ ਸ਼ਰਮਾ ਸੂਦਨ, ਆਰ. ਐੱਸ. ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮੁਕੇਸ਼ ਰੈਣਾ, ਸਰਪੰਚ ਉਂਕਾਰ ਸਿੰਘ ਅਤੇ ਹੋਰ ਸ਼ਖਸੀਅਤਾਂ ਵੀ ਸ਼ਾਮਲ ਸਨ।

shivani attri

This news is Content Editor shivani attri