ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ 532ਵੇਂ ਟਰੱਕ ਦੀ ਰਾਹਤ ਸਮੱਗਰੀ

11/23/2019 6:37:56 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਵੱਲੋਂ ਪਿਛਲੇ ਦਹਾਕਿਆਂ ਤੋਂ ਵੱਖ- ਵੱਖ ਤਰੀਕਿਆਂ ਨਾਲ ਭਾਰਤ 'ਤੇ ਕੀਤੇ ਜਾ ਰਹੇ ਹਮਲਿਆਂ ਦੇ ਨਤੀਜੇ ਵਜੋਂ, ਹੋਰ ਰਾਜਾਂ ਦੇ ਨਾਲ- ਨਾਲ, ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਹਜ਼ਾਰਾਂ ਪਰਿਵਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਇਹ ਹਮਲੇ ਅੱਤਵਾਦ, ਗੋਲੀਬਾਰੀ, ਜਾਅਲੀ ਕਰੰਸੀ ਅਤੇ ਨਸ਼ਿਆਂ ਦੇ ਰੂਪ 'ਚ ਕੀਤੇ ਗਏ। ਪਾਕਿਸਤਾਨ ਦੀਆਂ ਇਨ੍ਹਾਂ ਸਾਜ਼ਿਸ਼ਾਂ ਦਾ ਸਭ ਤੋਂ ਵੱਧ ਨੁਕਸਾਨ ਸਰਹੱਦੀ ਖੇਤਰਾਂ 'ਚ ਰਹਿਣ ਵਾਲਿਆਂ ਨੂੰ ਹੋਇਆ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਗੋਲੀਬਾਰੀ ਦਾ ਨਿਸ਼ਾਨਾ ਬਣੇ ਅਤੇ ਕਾਰੋਬਾਰ ਵੀ ਠੱਪ ਹੋ ਕੇ ਰਹਿ ਗਏ।

ਘੋਰ ਸੰਕਟ 'ਚ ਜੀਵਨ ਬਸਰ ਕਰ ਰਹੇ ਅਜਿਹੇ ਪੀੜਤ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਦੇ ਉਦੇਸ਼ ਨਾਲ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਕਤੂਬਰ 1999 ਵਿਚ ਇਕ ਵਿਸ਼ੇਸ਼ ਰਾਹਤ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਹੜੀ ਹੁਣ ਤੱਕ ਨਿਰਵਿਘਨ ਰੂਪ 'ਚ ਜਾਰੀ ਹੈ। ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸੇਵਾ ਦੇ ਇਸ ਮਹਾਨ ਕਾਰਜ ਦੌਰਾਨ ਸੈਂਕੜੇ ਟਰੱਕਾਂ ਦੀ ਸਮੱਗਰੀ ਦਾਨੀ ਸੱਜਣਾਂ ਅਤੇ ਸ਼ਖਸੀਅਤਾਂ ਦੇ ਸਹਿਯੋਗ ਨਾਲ, ਸਰਹੱਦੀ ਖੇਤਰਾਂ ਦੇ ਲੋਕਾਂ ਤਕ ਪਹੁੰਚਾਈ ਜਾ ਚੁੱਕੀ ਹੈ।

ਇਸੇ ਸਿਲਸਿਲੇ ਅਧੀਨ 532ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਨਾਲ ਸਬੰਧਤ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ (ਹਨੂਮਾਨ ਧਾਮ) ਕਲਿਆਣਕਾਰਣੀ (ਰਜਿ.) ਮਾਲ ਰੋਡ ਫਿਰੋਜ਼ਪੁਰ ਸ਼ਹਿਰ ਵੱਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿਤਰ ਕਾਰਜ 'ਚ ਸਭਾ ਦੇ ਪ੍ਰਧਾਨ ਸ਼੍ਰੀ ਅਨੁਰਾਗ ਐਰੀ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਸਭਾ ਦੇ ਜਨਰਲ ਸਕੱਤਰ ਲਛਮਣ ਸਿੰਘ ਸ਼ੇਖਾਵਤ, ਪ੍ਰਵੀਨ ਚੋਪੜਾ, ਪੰਡਤ ਅਰੁਣ ਪਾਂਡੇ, ਸ਼ੇਰੂ ਕੱਕੜ, ਅਭਿਸ਼ੇਕ ਅਰੋੜਾ, ਵਿਸ਼ਵਾਮਿੱਤਰ ਅਰੋੜਾ, ਅਸ਼ੋਕ ਅਰੋੜਾ ਅਤੇ ਸੁਰਿੰਦਰ ਅਰੋੜਾ ਨੇ ਵੀ ਇਸ ਕਾਰਜ ਵਿਚ ਲੋੜੀਂਦਾ ਸਹਿਯੋਗ ਦਿੱਤਾ।
ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਰਜਾਈਆਂ, ਕੰਬਲ ਅਤੇ ਜ਼ਨਾਨਾ-ਮਰਦਾਨਾ ਕੱਪੜੇ ਸ਼ਾਮਲ ਸਨ। ਟਰੱਕ ਰਵਾਨਾ ਕਰਨ ਮੌਕੇ ਲਾਇਨ ਜੇ.ਬੀ. ਸਿੰਘ ਚੌਧਰੀ ਵੀ ਮੌਜੂਦ ਸਨ। ਰਾਹਤ ਸਮੱਗਰੀ ਦੀ ਵੰਡ ਲਈ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਟੀਮ 'ਚ ਫਿਰੋਜ਼ਪੁਰ ਤੋਂ ਸ਼੍ਰੀ ਅਭਿਸ਼ੇਕ ਅਰੋੜਾ, ਪ੍ਰੋ. ਲਕਸ਼ਮਿੰਦਰ ਭੋਰੀਵਾਲ, ਸੀ.ਆਰ.ਪੀ. ਐੱਫ. ਦੇ ਰਿਟਾਇਰਡ ਅਧਿਕਾਰੀ ਸੁਲਿੰਦਰ ਸਿੰਘ ਕੰਡੀ, ਰਾਜੇਸ਼ ਭਗਤ, ਵਿਨੋਦ ਕੁਮਾਰ ਅਤੇ ਪਰਮਜੀਤ ਸਾਹਬੀ ਵੀ ਸ਼ਾਮਲ ਸਨ।

shivani attri

This news is Content Editor shivani attri