ਮਨੁੱਖਤਾ ਦੇ ਹੱਕ ''ਚ ਆਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਦਿੰਦਾ ਹੈ ਬੰਦੀ ਛੋੜ ਦਿਵਸ : ਭਾਈ ਲੌਂਗੋਵਾਲ

11/14/2020 1:33:02 AM

ਅੰਮ੍ਰਿਤਸਰ,(ਦੀਪਕ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਹੈ। ਆਪਣੇ ਸੰਦੇਸ਼ ਵਿਚ ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੀ ਕੈਦ ਵਿਚੋਂ ਰਿਹਾਅ ਹੋ ਕੇ ਅੰਮ੍ਰਿਤਸਰ ਪਹੁੰਚਣ ਦੀ ਯਾਦ ਵਿਚ ਮਨਾਇਆ ਜਾਂਦਾ ਇਹ ਦਿਹਾੜਾ ਮਨੁੱਖਤਾ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਨਾਲ 52 ਰਾਜਿਆਂ ਨੂੰ ਮੁਗ਼ਲ ਕੈਦ ਵਿਚੋਂ ਰਿਹਾਅ ਕਰਵਾ ਕੇ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਪਰਉਪਕਾਰ ਦੀ ਮਿਸਾਲੀ ਉਦਾਹਰਨ ਪੇਸ਼ ਕੀਤੀ। ਭਾਈ ਲੌਂਗੋਵਾਲ ਨੇ ਬੰਦੀ ਛੋੜ ਦਿਵਸ ਮੌਕੇ ਗੁਰੂ ਸਾਹਿਬ ਦੇ ਉਪਦੇਸ਼ਾਂ ਦੀ ਰੌਸ਼ਨੀ ਵਿਚ ਜੀਵਨ ਜਿਊਣ ਦੀ ਸੰਗਤ ਨੂੰ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੌਕੇ ਜਿੱਥੇ ਅਸੀਂ ਆਪਣਾ ਚੌਗਿਰਦਾ ਰੁਸ਼ਨਾਉਣਾ ਹੈ, ਉੱਥੇ ਹੀ ਸ਼ਬਦ ਗੁਰੂ ਦੀ ਸਾਧਨਾ ਰਾਹੀਂ ਮਨ ਵੀ ਰੌਸ਼ਨ ਕਰਨਾ ਹੈ। ਉਨ੍ਹਾਂ ਬੰਦੀ ਛੋੜ ਦਿਵਸ ਮੌਕੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਅਤੇ ਮਨੁੱਖਤਾ ਦੀ ਭਲਾਈ ਅਤੇ ਕੁਦਰਤ ਦੀ ਸਾਂਭ- ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਲਈ ਵੀ ਕਿਹਾ।

ਇਸੇ ਦੌਰਾਨ ਅੱਜ ਬੰਦੀ ਛੋੜ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਆਰੰਭ ਹੋਏ। 14 ਨਵੰਬਰ ਨੂੰ ਕਵੀ ਦਰਬਾਰ, ਕਵੀਸ਼ਰ ਦਰਬਾਰ ਅਤੇ ਰਾਤ ਸਮੇਂ ਢਾਡੀ ਦਰਬਾਰ ਹੋਵੇਗਾ। ਸਿੱਖ ਕੌਮ ਦੀ ਚਲਦੀ ਆ ਰਹੀ ਪਰੰਪਰਾ ਅਨੁਸਾਰ 14 ਨਵੰਬਰ ਨੂੰ ਸ਼ਾਮ 5 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੱਖ ਕੌਮ ਦੇ ਨਾਂ ਸੰਦੇਸ਼ ਦੇਣਗੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਗੁਰਮਤਿ ਵਿਚਾਰ ਸਾਂਝੇ ਕਰਨਗੀਆਂ। ਰਾਤ ਸਮੇਂ ਦੀਪਮਾਲਾ ਅਤੇ ਸੰਕੇਤਕ ਰੂਪ ਵਿਚ ਆਤਿਸ਼ਬਾਜ਼ੀ ਵੀ ਹੋਵੇਗੀ।
 

Deepak Kumar

This news is Content Editor Deepak Kumar