ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ ਮਾਂ-ਬਾਪ, ਜਦ ਘਰ ਪਰਤੇ ਤਾਂ ਨਾਬਾਲਗ ਧੀ ਦਾ ਹਾਲ ਦੇਖ ਨਿਕਲਿਆ ਤ੍ਰਾਹ

07/30/2017 10:48:09 PM

ਮੋਗਾ (ਆਜ਼ਾਦ)-ਇੱਥੋਂ ਨੇੜਲੇ ਪਿੰਡ ਦੀ ਇਕ ਨਾਬਾਲਗ 17 ਸਾਲਾ ਲੜਕੀ ਨੇ ਪਿੰਡ ਦੇ ਹੀ ਇਕ ਲੜਕੇ 'ਤੇ ਆਪਣੇ ਸਾਥੀ ਦੀ ਮਦਦ ਨਾਲ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਹਰਜਿੰਦਰ ਸਿੰਘ ਉਰਫ ਘੱਗਾ ਅਤੇ ਉਸ ਦੇ ਸਾਥੀ ਜੱਸਾ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।  ਪੁਲਸ ਸੂਤਰਾਂ ਅਨੁਸਾਰ ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਮਾਤਾ-ਪਿਤਾ ਰਿਸ਼ਤੇਦਾਰਾਂ ਨੂੰ ਮਿਲਣ ਲਈ 13 ਜੁਲਾਈ ਨੂੰ ਗਏ ਹੋਏ ਸਨ ਅਤੇ ਘਰ 'ਚ ਉਹ ਇਕੱਲੀ ਸੀ। ਇਸ ਦੌਰਾਨ ਉਕਤ ਦੋਸ਼ੀ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ ਅਤੇ ਉਸ ਦਾ ਮੂੰਹ ਘੁੱਟ ਕੇ ਹਰਜਿੰਦਰ ਸਿੰਘ ਨੇ ਉਸ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ ਤੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਅਸੀਂ ਤੈਨੂੰ ਜਾਨੋਂ ਮਾਰ ਦਿਆਂਗੇ। ਇਸ ਉਪਰੰਤ ਉਹ ਦੋਵੇਂ ਮੌਕੇ ਤੋਂ ਫਰਾਰ ਹੋ ਗਏ। ਪੀੜਤਾ ਨੇ ਦੱਸਿਆ ਕਿ ਜਦੋਂ ਮੇਰੇ ਮਾਤਾ-ਪਿਤਾ ਘਰ ਆਏ ਤਾਂ ਮੈਂ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਪਰ ਸ਼ਰਮ ਦੇ ਮਾਰੇ ਅਸੀਂ ਚੁੱਪ ਕਰ ਗਏ। ਹੁਣ ਅਸੀਂ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ। 
ਇਸ ਮਾਮਲੇ ਦੀ ਜਾਂਚ ਕਰ ਰਹੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਾਜ ਕੌਰ ਨੇ ਦੱਸਿਆ ਕਿ ਉਹ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੀੜਤਾ ਦਾ ਮੈਡੀਕਲ ਚੈੱਕਅਪ ਕਰਵਾਇਆ ਜਾ ਰਿਹਾ ਹੈ। ਡਾਕਟਰਾਂ ਨੇ ਜਾਂਚ ਲਈ ਰਿਪੋਰਟ ਲੈਬਾਰਟਰੀ ਨੂੰ ਭੇਜ ਦਿੱਤੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।