ਰੇਖਾ ਅਗਰਵਾਲ ਨੇ ਖੁਦ ਕਰਵਾਈਆਂ ਸੱਟੇ ਦੀਆਂ ਦੁਕਾਨਾਂ ਬੰਦ

04/08/2018 8:41:04 AM

ਪਟਿਆਲਾ (ਜੋਸਨ, ਬਲਜਿੰਦਰ, ਰਾਣਾ) - ਸੀ. ਐੱਮ. ਸਿਟੀ ਵਿਚ ਚਲ ਰਹੇ ਨਾਜਾਇਜ਼ ਸੱਟੇ ਨੂੰ ਲੈ ਕੇ ਅੱਜ ਲੇਡੀਜ਼ ਸਿੰਘਮ ਸੜਕਾਂ 'ਤੇ ਦਿਖਾਈ ਦਿੱਤੀ। ਮਥਰਾ ਕਾਲੋਨੀ ਤੇ ਹੋਰ ਇਲਾਕਿਆਂ ਵਿਚ ਕਾਂਗਰਸੀ ਕੌਂਸਲਰ ਰੇਖਾ ਅਗਰਵਾਲ ਨੇ ਜਿਥੇ ਸੱਟੇ ਦੀਆਂ ਦੁਕਾਨਾਂ ਬੰਦ ਕਰਵਾਈਆਂ, ਉਥੇ ਸਪੱਸ਼ਟ ਕਿਹਾ ਕਿ ਕੁਝ ਕਾਂਗਰਸੀ ਕੌਂਸਲਰ ਹੀ ਇਨ੍ਹਾਂ ਸੱਟੇ ਦੀਆਂ ਦੁਕਾਨਾਂ ਨੂੰ ਚਲਾ ਰਹੇ ਹਨ, ਜਿਸ ਨਾਲ ਸਾਡਾ ਸਮਾਜ ਤੇ ਸਾਡੇ ਮੁੱਖ ਮੰਤਰੀ ਦਾ ਸ਼ਹਿਰ ਬਦਨਾਮ ਹੋ ਰਿਹਾ ਹੈ। ਕਾਂਗਰਸੀ ਕੌਂਸਲਰ ਨੇ ਹੋਰ ਵੀ ਬਹੁਤ ਸਾਰੇ  ਸ਼ਰਮਸਾਰ ਕਰਨ ਵਾਲੇ ਖੁਲਾਸੇ ਕੀਤੇ ਹਨ।
ਉਨ੍ਹਾਂ ਆਪਣੀਆਂ ਹੋਰ ਸਾਥੀ ਮਹਿਲਾਵਾਂ ਦੀ ਮਦਦ ਨਾਲ ਮੀਡੀਆ ਅਤੇ ਪੁਲਸ ਦੀ ਮਦਦ ਲੈ ਕੇ ਸੱਟੇ ਦੀਆਂ ਦੁਕਾਨਾਂ ਬੰਦ ਕਰਵਾਈਆਂ। ਮੌਕੇ 'ਤੇ ਪੁਲਸ ਨੂੰ ਬੁਲਾ ਕੇ ਦੁਕਾਨਾਂ ਅੰਦਰ ਪਏ ਕੰਪਿਊਟਰ ਅਤੇ ਹੋਰ ਸਾਮਾਨ ਵਿਖਾਉਂਦਿਆ ਕਿਹਾ ਕਿ ਇਥੇ ਦਿਨ-ਰਾਤ ਸੱਟੇ ਦਾ ਕਾਰੋਬਾਰ ਹੁੰਦਾ ਹੈ। ਇਹ ਸੱਟੇ ਦਾ ਕਾਰੋਬਾਰ ਕਰਨ ਵਾਲੇ ਨੌਜਵਾਨ ਮੁਹੱਲੇ ਵਿਚ ਹੁੱਲੜਬਾਜ਼ੀ ਕਰਦੇ ਹਨ, ਇਸ ਕਾਰਨ ਮੁਹੱਲਾ ਨਿਵਾਸੀ ਅਤਿ ਪ੍ਰੇਸ਼ਾਨ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀ ਵੀ ਮੌਜੂਦ ਸਨ। ਕੌਂਸਲਰ ਸ਼੍ਰੀਮਤੀ ਅਗਰਵਾਲ ਨੇ ਕਿਹਾ ਕਿ ਸ਼ਹਿਰ ਦੇ ਕਈ ਇਲਾਕਿਆਂ ਵਿਚ ਕਾਂਗਰਸੀ ਕੌਂਸਲਰਾਂ ਵੱਲੋਂ ਸੱਟੇ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਅਗਰਵਾਲ ਨੇ ਕਿਹਾ ਕਿ ਮੁਹੱਲੇ ਵਿਚ ਸੱਟੇ ਅਤੇ ਨਸ਼ੇ ਦੇ ਵਧ-ਫੁੱਲ ਰਹੇ ਧੰਦੇ ਨੇ ਇਥੋਂ ਦੀ ਨੌਜਵਾਨ ਪੀੜ੍ਹੀ ਨੂੰ ਤਬਾਹੀ ਕੰਢੇ ਲਿਆ ਖੜ੍ਹਾ ਕੀਤਾ ਹੈ। ਇਸ ਸਬੰਧੀ ਕਈ ਵਾਰ ਇਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਹੈ ਕਿ ਇਸ ਧੰਦੇ ਨੂੰ ਇਥੋਂ ਬੰਦ ਕੀਤਾ ਜਾਵੇ ਪਰ ਕੋਈ ਵੀ ਸੁਣਨ ਨੂੰ ਤਿਆਰ ਨਹੀਂ ਹੈ। ਇਹ ਕੰਮ ਸਰਕਾਰੀ ਕੰਪਿਊਰਾਈਜ਼ਡ ਲਾਟਰੀ ਦੀ ਆੜ ਵਿਚ ਕੀਤਾ ਜਾਂਦਾ ਹੈ। ਜਦੋਂ ਕਦੇ ਵੀ ਇਨ੍ਹਾਂ ਨੌਜਵਾਨਾਂ ਨਾਲ ਇਸ ਮਾਮਲੇ ਵਿਚ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅੱਗੋਂ ਇਹ ਬਦਤਮੀਜ਼ੀ ਨਾਲ ਗੱਲ ਕਰਦੇ ਹਨ ਅਤੇ ਧਮਕੀਆਂ ਵੀ ਦਿੰਦੇ ਹਨ ਕਿ ਜੋ ਕਰਨਾ ਹੈ ਕਰ ਲਵੋ, ਇਹ ਤਾਂ ਇਸ ਤਰ੍ਹਾਂ ਹੀ ਚੱਲੇਗਾ। ਉਨ੍ਹਾਂ ਕਿਹਾ ਕਿ ਇਹ ਇਲਾਕਾ ਕਾਂਗਰਸੀ ਕੌਂਸਲਰ ਗਿੰਨੀ ਨਾਗਪਾਲ ਦੇ ਚੋਣ ਹਲਕੇ ਵਿਚ ਪੈਂਦਾ ਹੈ।
ਮੈਨੂੰ ਨਹੀਂ ਕੀਤੀ ਕਿਸੇ ਨੇ ਸ਼ਿਕਾਇਤ : ਗਿੰਨੀ ਨਾਗਪਾਲ
ਉਧਰ ਇਸ ਸਬੰਧੀ ਕਾਂਗਰਸੀ ਕੌਂਸਲਰ ਗਿੰਨੀ ਨਾਗਪਾਲ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅੱਜ ਤੱਕ ਕਿਸੇ ਵੀ ਮੁਹੱਲਾ ਨਿਵਾਸੀ ਨੇ ਸ਼ਿਕਾਇਤ ਨਹੀਂ ਕੀਤੀ, ਜਦਕਿ ਇਨ੍ਹਾਂ ਦੁਕਾਨਾਂ 'ਤੇ ਕੰਪਿਊਟਰ ਪਏ ਹਨ, ਪਰ ਕੰਮ ਬਾਰੇ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਿਕਾਇਤ ਆਏਗੀ ਤਾਂ ਕਾਰਵਾਈ ਕੀਤੀ ਜਾਏਗੀ।
ਸਖਤ ਕਾਰਵਾਈ ਕਰਾਂਗਾ : ਆਈ. ਜੀ.
ਇਸ ਸਬੰਧੀ ਪਟਿਆਲਾ ਰੇਂਜ ਦੇ ਆਈ. ਜੀ., ਏ. ਐੱਸ. ਰਾਏ ਨਾਲ ਜਦਂੋ ਰਾਬਤਾ ਬਣਾਇਆ ਤਾਂ ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਸੱਟਾ ਨਹੀਂ ਚੱਲਣ ਦਿੱਤਾ ਜਾਵੇਗਾ ਤੇ ਉਹ ਜ਼ਿਲੇ ਦੇ ਪੁਲਸ ਅਧਿਕਾਰੀਆਂ ਨੂੰ ਹਦਾਇਤ ਕਰਨਗੇ ਕਿ ਅਜਿਹੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਕਿਸੇ ਨੂੰ ਵੀ ਬਖਸ਼ਿਆ ਨਾ ਜਾਵੇ । ਆਈ. ਜੀ. ਪਟਿਆਲਾ ਦਾ ਰੁਖ਼ ਅਜਿਹੇ ਲੋਕਾਂ ਖਿਲਾਫ ਸਖਤ ਨਜ਼ਰ ਆ ਰਿਹਾ ਸੀ ।