ਜ਼ਿਲਾ ਸਿੱਖਿਆ ਅਫਸਰ ਵੱਲੋਂ ਦਫਤਰਾਂ ਤੇ ਸਕੂਲਾਂ ''ਚ ਅਚਨਚੇਤ ਚੈਕਿੰਗ

01/06/2018 6:57:04 AM

ਅੰਮ੍ਰਿਤਸਰ, (ਦਲਜੀਤ)- ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸ਼ਿਸ਼ੂਪਾਲ ਨੇ ਅੱਜ ਬਲਾਕ ਸਿੱਖਿਆ ਦਫਤਰਾਂ ਅਤੇ ਸਰਕਾਰੀ ਸਕੂਲਾਂ 'ਚ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਪਾਈਆਂ ਗਈਆਂ ਊਣਤਾਈਆਂ ਅਧਿਕਾਰੀ ਵੱਲੋਂ ਮੁਲਾਜ਼ਮਾਂ ਨੂੰ ਤਾੜਨਾ ਕਰ ਕੇ ਮੌਕੇ 'ਤੇ ਠੀਕ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਡੀ. ਈ. ਓ. ਐਲੀਮੈਂਟਰੀ ਵੱਲੋਂ ਬਲਾਕ ਸਿੱਖਿਆ ਦਫਤਰ-2, ਬਲਾਕ ਸਿੱਖਿਆ ਦਫਤਰ-3, ਬਲਾਕ ਸਿੱਖਿਆ ਦਫਤਰ ਵੇਰਕਾ, ਬਲਾਕ ਸਿੱਖਿਆ ਦਫਤਰ-6 ਅਤੇ ਬਲਾਕ ਸਿੱਖਿਆ ਦਫਤਰ ਤਰਸਿੱਕਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਸਰਕਾਰੀ ਐਲੀਮੈਂਟਰੀ ਸਕੂਲ ਮਕਬੂਲਪੁਰਾ ਵੀ ਚੈੱਕ ਕੀਤਾ ਗਿਆ। ਡੀ. ਈ. ਓ. ਸ਼ਿਸ਼ੂਪਾਲ ਨੇ ਦੱਸਿਆ ਕਿ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਤਹਿਤ ਦਫਤਰਾਂ ਅਤੇ ਸਕੂਲਾਂ 'ਚ ਚੈਕਿੰਗ ਕੀਤੀ ਗਈ ਹੈ। ਜਿਨ੍ਹਾਂ ਦਫਤਰਾਂ ਅਤੇ ਸਕੂਲਾਂ ਵਿਚ ਊਣਤਾਈਆਂ ਮਿਲੀਆਂ ਹਨ, ਮੌਕੇ 'ਤੇ ਠੀਕ ਕਰਵਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਵਿਦਿਆਰਥੀਆਂ ਨੂੰ ਦਿੱਤਾ ਜਾ ਰਿਹਾ ਹੈ। ਪੜ੍ਹੋ ਪੰਜਾਬ ਨਾਲ ਵਿਦਿਆਰਥੀਆਂ ਦਾ ਸਿੱਖਿਆ ਪੱਧਰ ਦਿਨੋ-ਦਿਨ ਉੱਚਾ ਹੋ ਰਿਹਾ ਹੈ। ਅਧਿਆਪਕ ਵਰਗ ਤਨਦੇਹੀ ਨਾਲ ਪੜ੍ਹਾ ਕੇ ਵਿਦਿਆਰਥੀਆਂ ਦਾ ਭਵਿੱਖ ਰੌਸ਼ਨਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੀ ਛਾਪੇਮਾਰੀ ਕੀਤੀ ਜਾਵੇਗੀ।