ਰਜਿਸਟਰ ਨੰਬਰ 15 ਦੇ 21 ਪੰਨਿਆਂ ਨਾਲ ਛੇੜਖਾਨੀ ਦੇ ਮਿਲੇ ਸਬੂਤ

08/28/2018 7:04:36 AM

ਜਲੰਧਰ,  (ਬੁਲੰਦ)-  ਬੀਤੇ ਦਿਨੀਂ ਵਿਜੀਲੈਂਸ ਵਿਭਾਗ ਵਲੋਂ ਸਿਵਲ ਸਰਜਨ ਦਫਤਰ ਵਿਚ  ਛਾਪੇਮਾਰੀ ਕਰ ਕੇ ਕਮਰਾ ਨੰਬਰ 3 ਵਿਚ ਜਨਮ ਮੌਤ ਰਜਿਸਟਰੇਸ਼ਨ ਦਫਤਰ ਵਿਚ ਚੱਲ ਰਹੇ ਫਰਜ਼ੀ  ਸਰਟੀਫਿਕੇਟਾਂ ਦੇ ਸਕੈਂਡਲ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸ ਮਾਮਲੇ ਵਿਚ ਏਜੰਟ ਥੋਮਸ ਅਤੇ  ਸੁਪਰਡੈਂਟ ਨਿਰਮਲ ਸਿੰਘ ਨੂੰ ਕਾਬੂ ਕੀਤਾ ਗਿਅ ਸੀ। ਇਸ ਮਾਮਲੇ ਵਿਚ ਵਿਜੀਲੈਂਸ  ਅਧਿਕਾਰੀਆਂ ਨੇ 3 ਨੰਬਰ ਕਮਰੇ ਵਿਚੋਂ ਦਰਜਨਾਂ ਰਜਿਸਟਰ ਚੈੱਕ ਕੀਤੇ ਸਨ ਜਿਨ੍ਹਾਂ ਦੀ  ਜਾਂਚ ਜਾਰੀ ਹੈ ਤੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ।
ਮਾਮਲੇ ਬਾਰੇ ਐੱਸ. ਪੀ.  ਵਿਜੀਲੈਂਸ ਦਲਜਿੰਦਰ ਸਿੰਘ ਢਿੱਲੋਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੇ  21 ਅਗਸਤ ਨੂੰ ਮੁਕੱਦਮਾ ਨੰਬਰ 15 ਕੁਰੱਪਸ਼ਨ ਐਕਟ ਅਤੇ ਧਾਰਾ 120 ਤਹਿਤ ਦਰਜ ਕੀਤਾ ਸੀ ਜਿਸ  ਵਿਚ ਏਜੰਟ ਥੋਮਸ ਅਤੇ ਸਰਕਾਰੀ ਕਰਮਚਾਰੀ ਨਿਰਮਲ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ। ਮਾਮਲੇ  ਦੀ ਤਫਤੀਸ਼ ਦੌਰਾਨ ਪਾਇਆ ਗਿਆ ਕਿ ਸ਼ਿਕਾਇਤਕਰਤਾ ਸੁਖਦੇਵ ਸਿੰਘ ਨੇ 2015 ਵਿਚ ਜੋ ਆਪਣਾ  ਬਰਥ ਸਰਟੀਫਿਕੇਟ ਬਣਵਾਇਆ ਸੀ ਜਿਸ ਵਿਚ ਕਾਫੀ ਗਲਤੀਆਂ ਸਨ, ਉਸ ਦੀ ਕਾਪੀ ਵਿਜੀਲੈਂਸ  ਵਿਭਾਗ ਨੂੰ ਮਿਲ ਗਈ ਹੈ। ਇਸ ਸਰਟੀਫਿਕੇਟ ਦੀਆਂ ਗਲਤੀਆਂ ਠੀਕ ਕਰਵਾਉਣ ਲਈ ਵੀ ਸੁਖਦੇਵ  ਸਿਵਲ ਸਰਜਨ ਦਫਤਰ ਆਇਆ ਸੀ ਜਿੱਥੇ ਨਿਰਮਲ ਸਿੰਘ ਨੇ ਏਜੰਟ ਥੋਮਸ ਜ਼ਰੀਏ ਨਵਾਂ ਸਟਿੱਕਰ  ਬਣਵਾਉਣ ਲਈ ਕਿਹਾ ਸੀ।
ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਥੋਮਸ ਦੇ ਨਾਲ ਨਿਰਮਲ  ਸਿੰਘ ਅਤੇ ਕਲਰਕ ਹਰਜਿੰਦਰ ਸਿੰਘ ਦੀ ਪੂਰੀ ਸੈਟਿੰਗ ਸੀ। ਵਿਜੀਲੈਂਸ ਵਲੋਂ ਜ਼ਬਤ ਰਜਿਸਟਰ  ਨੰ. 15 ਜਿਸ ਵਿਚ ਜਨਮ ਮੌਤ ਰਜਿਸਟਰੇਸ਼ਨ ਸਬੰਧੀ ਪੱਕਾ ਰਿਕਾਰਡ ਦਰਜ ਹੁੰਦਾ ਹੈ, ਵਿਚ ਕਾਫੀ  ਛੇੜਖਾਨੀ ਕੀਤੀ ਗਈ ਹੈ। ਕਈ ਥਾਵਾਂ ’ਤੇ ਕਟਿੰਗ ਕਰ ਕੇ ਨਵੀਆਂ ਐਂਟਰੀਆਂ ਪਾਈਆਂ ਗਈਆਂ।  ਇਸੇ ਤਰ੍ਹਾਂ ਹੀ ਸੁਖਦੇਵ ਸਿੰਘ ਦੇ ਨਵੇਂ ਜਨਮ ਸਰਟੀਫਿਕੇਟ ਦੀ ਐਂਟਰੀ ਵੀ ਕੀਤੀ ਗਈ ਜਿਸ  ਦੇ ਲਈ ਥੋਮਸ ਨੇ ਉਸ ਕੋਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਣੀ ਸੀ। 10 ਹਜ਼ਾਰ ਪਹਿਲਾਂ ਲਿਆ ਸੀ  ਤੇ 5 ਹਜ਼ਾਰ ਰੁਪਏ ਲੈਂਦੇ ਵਿਜੀਲੈਂਸ ਨੇ ਉਸ ਨੂੰ ਰੰਗੇ ਹੱਥੀਂ ਫੜਿਆ ਸੀ।
ਵਿਜੀਲੈਂਸ  ਵਲੋਂ ਜਦੋਂ ਸੁਖਦੇਵ ਨੂੰ ਜਾਰੀ ਪੁਰਾਣੇ ਗਲਤ ਬਰਥ ਸਰਟੀਫਿਕੇਟ ਦੀ ਜਾਂਚ ਕੀਤੀ ਗਈ ਤਾਂ  ਪਤਾ ਲੱਗਾ ਕਿ ਜੋ ਸਰਟੀਫਿਕੇਟ ਉਸ ਨੂੰ 2015 ਵਿਚ ਜਾਰੀ ਕੀਤਾ ਗਿਆ ਸੀ ਉਸ ਦਾ ਰਿਕਾਰਡ  ਰਜਿਸਟਰ ਵਿਚ ਵੀ ਗਲਤ ਦਰਜ ਕੀਤਾ ਗਿਆ ਸੀ ਅਤੇ ਕਿਸੇ ਹੋਰ ਵਿਅਕਤੀ ਦੇ ਨਾਂ ਨਾਲ ਕਟਿੰਗ  ਕਰ ਕੇ ਜਾਣਬੁਝ ਕੇ ਸੁਖਦੇਵ ਨੂੰ ਗਲਤ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ  ਸੁਖਦੇਵ ਨੂੰ ਜੋ ਸਰਟੀਫਿਕੇਟ ਏਜੰਟ ਥੋਮਸ ਨੇ ਦਿੱਤਾ ਉਸ ਦੀ ਕੋਈ ਵੈਰੀਫਿਕੇਸ਼ਨ ਫਾਈਲ ਜਾਂ  ਹੋਰ ਕਾਗਜ਼ਾਤ ਲੋਕਲ ਰਜਿਸਟਰਾਰ ਜਨਮ ਮੌਤ ਰਜਿਸਟਰੇਸ਼ਨ ਦਫਤਰ ਵਿਚ ਮੌਜੂਦ ਨਹੀਂ ਮਿਲੇ। ਇਸ  ਤੋਂ ਸਪੱਸ਼ਟ ਹੈ ਕਿ ਉਕਤ ਸਰਟੀਫਿਕੇਟ ਪੂਰੀ ਤਰ੍ਹਾਂ ਫਰਜ਼ੀ ਸੀ।
ਐੱਸ. ਐੱਸ. ਪੀ.  ਵਿਜੀਲੈਂਸ ਅਨੁਸਾਰ ਜਾਂਚ ਵਿਚ ਸਾਹਮਣੇ ਆਇਆ ਕਿ ਰਜਿਸਟਰ ਨੰਬਰ 15 ਵਿਚ ਵੱਖ-ਵੱਖ ਥਾਣਿਆਂ  ਦੇ ਰਿਕਾਰਡ ਨਾਲ ਛੇੜਖਾਨੀ ਕਰਨ ਲਈ ਰਜਿਸਟਰ ਵਿਚੋਂ 21 ਪੰਨੇ ਪਾੜੇ ਗਏ ਹਨ ਅਤੇ ਉਨ੍ਹਾਂ  ਦੀ ਥਾਂ ਫਰਜ਼ੀ ਐਂਟਰੀਆਂ ਦਰਜ ਕੀਤੀਆਂ ਗਈਆਂ। ਇਨ੍ਹਾਂ ਪੰਨਿਆਂ ਦੀ ਪੁਲਸ ਥਾਣਿਆਂ ਤੋਂ  ਚੈਕਿੰਗ ਕਰਵਾਈ ਗਈ ਤਾਂ ਸਾਰਾ ਰਿਕਾਰਡ ਗਲਤ ਮਿਲਿਆ। ਇਸ ਤੋਂ ਸਾਫ ਹੈ ਕਿ ਸਾਰਾ ਕੰਮ ਇਕ  ਸੰਗਠਤ ਭ੍ਰਿਸ਼ਟਾਚਾਰ ਦਾ ਹੈ ਤੇ ਆਮ ਜਨਤਾ ਨੂੰ ਸਰਕਾਰੀ ਦਫਤਰਾਂ ਵਿਚ ਏਜੰਟਾਂ ਰਾਹੀਂ  ਪਰੇਸ਼ਾਨ ਕਰ ਕੇ ਮੋਟੀ ਰਿਸ਼ਵਤ ਵਸੂਲੀ ਜਾ ਰਹੀ ਹੈ।