ਨਸ਼ੇ ਵਾਲੇ ਪਾਊਡਰ ਸਮੇਤ ਕਾਬੂ ਕੀਤੇ ਨੌਜਵਾਨਾਂ ’ਤੋਂ ਚੋਰੀ ਦਾ ਸਾਮਾਨ ਬਰਾਮਦ

07/17/2018 7:00:17 AM

ਬੇਗੋਵਾਲ, (ਰਜਿੰਦਰ)- ਪੁਲਸ ਨੇ ਨਸ਼ੇ  ਵਾਲੇ ਪਦਾਰਥ ਸਮੇਤ 4 ਵਿਅਕਤੀਅਾਂ ਨੂੰ ਕਾਬੂ ਕੀਤਾ ਹੈ।  ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਬੇਗੋਵਾਲ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਬੇਗੋਵਾਲ ਦੀ ਪੁਲਸ ਬੇਗੋਵਾਲ ਦੇ ਸਤਿਗੁਰ ਰਾਖਾ ਚੌਕ ਵਿਖੇ ਗਸ਼ਤ ਸਬੰਧੀ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਵੀ ਅਨਿਲ ਪੁੱਤਰ ਜਸਵੀਰ ਸਿੰਘ ਉਰਫ ਘੀਸੀ, ਸ਼ਾਦੀ ਰਾਮ ਉਰਫ ਤੋਤਾ ਪੁੱਤਰ ਮੁਣਸ਼ੀ ਰਾਮ, ਪ੍ਰਦੀਪ ਕੁਮਾਰ ਉਰਫ ਜੌਨੀ ਪੁੱਤਰ ਰਮੇਸ਼ ਕੁਮਾਰ ਵਾਸੀ ਵਾਰਡ ਨੰਬਰ 4 ਬੇਗੋਵਾਲ, ਅਮਰਜੀਤ ਸਿੰਘ ਉਰਫ ਬਿੱਲਾ ਪੁੱਤਰ ਊਧਮ ਸਿੰਘ ਵਾਸੀ ਵਾਰਡ ਨੰਬਰ 1 ਬੇਗੋਵਾਲ, ਜੋ ਕਿ ਸਵਰਨਾ, ਬੂਟਾ ਤੇ ਬੂਟੇ ਦੀ ਲਡ਼ਕੀ ਵਾਸੀ ਪਿੰਡ ਬੂਟ, ਤਾਰਾ ਤੇ ਇਸਦੀ ਘਰਵਾਲੀ ਵਾਸੀ ਪਿੰਡ ਲੱਖਣ ਕੇ ਪੱਡਾ ਕੋਲੋਂ ਨਸ਼ੀਲਾ ਪਾਊਡਰ ਲਿਆ ਕੇ ਵੇਚਦੇ ਹਨ। ਅੱਜ ਰਵੀ ਅਨਿਲ, ਸ਼ਾਦੀ ਰਾਮ ਉਰਫ ਤੋਤਾ, ਪ੍ਰਦੀਪ ਕੁਮਾਰ ਉਰਫ ਜੌਨੀ ਅਤੇ ਅਮਰਜੀਤ ਉਰਫ ਬਿੱਲਾ ਨਸ਼ੀਲਾ ਪਾਊਡਰ ਵੇਚਣ ਲਈ ਖਾਲਸਾ ਕਾਲਜ ਬੇਗੋਵਾਲ ਦੇ ਸਾਹਮਣੇ ਖਡ਼ੇ ਹੋ ਕੇ ਗਾਹਕਾਂ ਦੀ ਉਡੀਕ ਕਰ ਰਹੇ ਹਨ। ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿਚ ਨਸ਼ੀਲੇ ਪਾਊਡਰ ਸਮੇਤ ਕਾਬੂ ਆ ਸਕਦੇ ਹਨ। 
ਐੱਸ. ਐੱਚ. ਓ. ਨੇ ਦੱਸਿਆ ਕਿ ਮੁਖਬਰ ਖਾਸ ਦੀ ਸੂਚਨਾ ਤੋਂ ਬਾਅਦ ਇਨ੍ਹਾਂ 9 ਲੋਕਾਂ ਖਿਲਾਫ ਥਾਣਾ ਬੇਗੋਵਾਲ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਤੇ ਤੁਰੰਤ ਬਾਅਦ ਡੀ. ਐੱਸ. ਪੀ. ਭੁਲੱਥ ਦਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਬੇਗੋਵਾਲ ਪੁਲਸ ਨੇ ਬੇਗੋਵਾਲ ਦੇ ਕਾਲਜ ਰੋਡ ’ਤੇ ਰੇਡ ਕਰ ਕੇ ਰਵੀ ਅਨਿਲ, ਸ਼ਾਦੀ ਰਾਮ, ਪ੍ਰਦੀਪ ਕੁਮਾਰ ਤੇ ਅਮਰਜੀਤ ਬਿੱਲਾ ਨੂੰ ਕਾਬੂ ਕੀਤਾ ਤੇ ਮੌਕੇ ’ਤੇ ਡੀ. ਐੱਸ. ਪੀ. ਭੁਲੱਥ ਦੀ ਮੌਜੂਦਗੀ ਵਿਚ ਇਨ੍ਹਾਂ ਚਾਰਾਂ ਕੋਲੋਂ 150-150 ਗ੍ਰਾਮ ਕੁੱਲ 600 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਜਿਸ ਤੋਂ ਬਾਅਦ ਕਾਬੂ ਕੀਤੇ ਇਨ੍ਹਾਂ ਚਾਰਾਂ ਨੌਜਵਾਨਾਂ ਨੂੰ ਬੇਗੋਵਾਲ ਥਾਣੇ ਲਿਆਂਦਾ ਗਿਆ। ਜਿਥੇ ਪੁੱਛਗਿੱਛ ਦੌਰਾਨ ਰਵੀ ਅਨਿਲ ਤੇ ਅਮਰਜੀਤ ਸਿੰਘ ਬਿੱਲਾ ਨੇ ਮੰਨਿਆ ਕਿ ਕੁਝ ਦਿਨ ਪਹਿਲਾਂ ਅਸੀਂ ਬੇਗੋਵਾਲ ਵਿਖੇ ਰਾਜ ਟੈਲੀਕਾਮ ਦੀ ਦੁਕਾਨ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਦੌਰਾਨ ਸਾਡੇ ਨਾਲ ਲਖਵਿੰਦਰ ਸਿੰਘ ਵਾਸੀ ਬੇਗੋਵਾਲ ਵੀ ਸੀ।
 ਐੱਸ. ਐੱਚ. . ਬੇਗੋਵਾਲ ਨੇ ਦਸਿਆ ਕਿ ਰਵੀ ਅਨਿਲ ਤੇ ਅਮਰਜੀਤ ਸਿੰਘ ਉਰਫ ਬਿੱਲਾ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤੀਆਂ 2 ਐੱਲ. ਈ. ਡੀ., ਲੈਪਟਾਪ ਤੇ ਚਾਂਦੀ ਦੀ ਟੁੱਟੀ ਹੋਈ ਚੇਨ ਬਰਾਮਦ ਕੀਤੀ ਗਈ। ਐੱਸ. ਐੱਚ. ਓ. ਬੇਗੋਵਾਲ ਨੇ ਹੋਰ ਦਸਿਆ ਕਿ ਇਸ ਤੋਂ ਇਲਾਵਾ ਰਵੀ ਅਨਿਲ ਦੀ ਪੁੱਛਗਿੱਛ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ’ਤੇ 28 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ, ਜਿਹਡ਼ੇ ਰਵੀ ਅਨਿਲ ਨੇ ਨਸ਼ਾ ਵੇਚਣ ਵੇਲੇ ਲੋਕਾਂ ਕੋਲੋਂ ਗਹਿਣੇ ਰੱਖੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਲੋਡ਼ੀਂਦੇ ਨੌਜਵਾਨ ਨੂੰ ਵੀ ਜਲਦ ਫਡ਼ ਲਿਆ ਜਾਵੇਗਾ ਤੇ ਇਨ੍ਹਾਂ ਦਾ ਪੁਲਸ ਰਿਮਾਂਡ ਹਾਸਿਲ ਕਰ ਕੇ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।