ਪੰਜਾਬ ''ਚ ਬਿਜਲੀ ਦੀ ਮੰਗ ਦਾ ਰਿਕਾਰਡ ਟੁੱਟਿਆ, ਮੰਗ 12677 ਮੈਗਾਵਾਟ ਤੱਕ ਪਹੁੰਚੀ

06/26/2019 9:14:55 PM

ਪਟਿਆਲਾ (ਪਰਮੀਤ)-ਪੰਜਾਬ 'ਚ ਬਿਜਲੀ ਦੀ ਮੰਗ ਦਾ ਪਿਛਲਾ ਰਿਕਾਰਡ ਟੁੱਟ ਗਿਆ ਹੈ। ਮੰਗ ਅੱਜ ਦੁਪਹਿਰ 12677 ਮੈਗਾਵਾਟ ਤੱਕ ਜਾ ਪਹੁੰਚੀ ਜਿਸ ਨੂੰ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਸਫਲਤਾਪੂਰਵਕ ਪੂਰਾ ਕੀਤਾ ਹੈ। ਪੰਜਾਬ 'ਚ ਵੱਧ ਤੋਂ ਵੱਧ ਬਿਜਲੀ ਦੀ ਮੰਗ ਪਿਛਲੇ ਸਾਲ 10 ਜੁਲਾਈ ਨੂੰ 12638 ਮੈਗਾਵਾਟ ਦਰਜ ਕੀਤੀ ਗਈ ਸੀ। ਇਹ ਰਿਕਾਰਡ ਅੱਜ ਦੁਪਹਿਰ 3.18 ਵਜੇ ਟੁੱਟ ਗਿਆ ਜਦੋਂ ਇਹ 12641 'ਤੇ ਜਾ ਪਹੁੰਚੀ। ਇਸ ਤੋਂ 12 ਮਿੰਟ ਬਾਅਦ ਮੰਗ 12677 ਮੈਗਾਵਾਟ 'ਤੇ ਜਾ ਪਹੁੰਚੀ।

ਪਾਵਰਕਾਮ ਦੇ ਚੇਅਰਮੈਨ ਇੰਜੀ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਪਾਵਰਕਾਮ ਨੇ ਬਿਨਾਂ ਕਿਸੇ ਵੀ ਸ਼੍ਰੇਣੀ ਦੇ ਖਪਤਕਾਰ 'ਤੇ ਕੱਟ ਲਾਏ ਇਹ ਮੰਗ ਸਫਲਤਾਪੂਰਵਕ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਇਸ ਮੰਗ 'ਚ ਹੋਰ ਵਾਧਾ ਹੋਣ ਦੇ ਆਸਾਰ ਹਨ। ਖੇਤੀਬਾੜੀ ਖੇਤਰ ਲਈ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।

ਲਹਿਰਾ ਮੁਹੱਬਤ ਪਲਾਂਟ ਦਾ ਇਕ ਯੂਨਿਟ ਹੋਇਆ ਬੰਦ
ਇਸ ਦੌਰਾਨ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਵਾਸਤੇ ਪਾਵਰਕਾਮ ਨੇ ਰੋਪੜ ਪਲਾਂਟ ਦੇ ਚਾਰੋਂ ਯੂਨਿਟ ਚਾਲੂ ਕੀਤੇ ਹੋਏ ਹਨ। ਲਹਿਰਾ ਮੁਹੱਬਤ ਪਲਾਂਟ ਦੇ ਤਿੰਨ ਯੂਨਿਟ ਚਾਲੂ ਹਨ। ਇਕ ਬੁਆਇਲਰ ਦੇ ਤਕਨੀਕੀ ਨੁਕਸ ਕਾਰਨ ਬੰਦ ਹੈ ਜੋ ਅੱਜ ਰਾਤ ਚਾਲੂ ਹੋ ਜਾਵੇਗਾ। ਪ੍ਰਾਈਵੇਟ ਖੇਤਰ ਵਿਚ ਤਲਵੰਡੀ ਸਾਬੋ ਦੇ ਤਿੰਨੋਂ, ਰਾਜਪੁਰਾ ਦੇ ਦੋਵੇਂ ਅਤੇ ਗੋਇੰਦਵਾਲ ਸਾਹਿਬ ਦੇ ਦੋਵੇਂ ਯੂਨਿਟ ਪੂਰੇ ਲੋਡ 'ਤੇ ਚਾਲੂ ਹਨ।

Karan Kumar

This news is Content Editor Karan Kumar