'ਆਪ' ਦੇ ਬਾਗੀਆਂ ਦੇ ਦੋਵੇਂ ਹੱਥਾਂ 'ਚ ਲੱਡੂ, ਕੈਪਟਨ ਮਿਹਰਬਾਨ

06/17/2019 9:16:20 AM

ਚੰਡੀਗੜ੍ਹ : ਆਮ ਆਦਮੀ ਪਾਰਟੀ 'ਚੋਂ ਬਾਗੀ ਹੋ ਚੁੱਕੇ 5 ਵਿਧਾਇਕਾਂ ਦੇ ਦੋਵੇਂ ਹੱਥਾਂ 'ਚ ਲੱਡੂ ਹਨ ਕਿਉਂਕਿ ਕੈਪਟਨ ਸਰਕਾਰ ਇਨ੍ਹਾਂ ਬਾਗੀਆਂ 'ਤੇ ਮਿਹਰਬਾਨ ਹੋਈ ਪਈ ਹੈ, ਇਸੇ ਲਈ ਤਾਂ ਇਨ੍ਹਾਂ ਵਿਧਾਇਕਾਂ ਨੂੰ ਵਿਧਾਨ ਸਭਾ ਦੀਆਂ ਕਮੇਟੀਆਂ 'ਚ ਵੀ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਕਮੇਟੀਆਂ 'ਚ ਕਾਂਗਰਸ 'ਚ ਸ਼ਾਮਲ ਹੋਏ 'ਆਪ' ਦੋ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਿਸ਼ੇਸ਼ ਅਧਿਕਾਰ ਕਮੇਟੀ ਤੇ ਪਟੀਸ਼ਨ ਕਮੇਟੀ ਅਤੇ ਕਾਂਗਰਸ 'ਚ ਸ਼ਾਮਲ ਹੋਏ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਲਾਈਬ੍ਰੇਰੀ ਕਮੇਟੀ 'ਚ ਸ਼ਾਮਲ ਹਨ।

ਇਸ ਤੋਂ ਇਲਾਵਾ 'ਆਪ' ਦੇ ਬਾਗੀ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਵੀ ਮੇਜ਼ 'ਤੇ ਰੱਖੇ ਜਾਣ ਵਾਲੇ ਕਾਗਜ਼-ਪੱਤਰਾਂ ਸਬੰਧੀ ਕਮੇਟੀ 'ਚ ਨਾਮਜ਼ਦ ਕੀਤਾ ਗਿਆ ਹੈ। ਜੈਤੋਂ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਵੀ ਸਰਕਾਰੀ ਆਸ਼ਵਾਸਨਾ ਕਮੇਟੀ 'ਚ ਨਾਮਜ਼ਦ ਕੀਤਾ ਗਿਆ ਹੈ। 'ਆਪ' ਦੇ ਦਾਖਾਂ ਤੋਂ ਵਿਧਾਇਕ ਐੱਚ. ਐੱਸ. ਫੂਲਕਾ ਵੀ ਕਈ ਮਹੀਨੇ ਪਹਿਲਾਂ ਵਿਧਾਇਕੀ ਤੋਂ ਅਸਤੀਫਾ ਦੇ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਅਧੀਨ ਵਿਧਾਨ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ।

ਸਪੀਕਰ ਵਲੋਂ 'ਆਪ' ਦੇ 4 ਹੋਰ ਬਾਗੀ ਵਿਧਾਇਕਾਂ ਕੰਵਰ ਸੰਧੂ, ਜਗਤਾਰ ਸਿੰਘ ਜੱਗਾ, ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ ਕਮਾਲੂ ਨੂੰ ਕਮੇਟੀਆਂ 'ਚ ਨਾਮਜ਼ਦ ਕੀਤਾ ਗਿਆ ਹੈ। 'ਆਪ' ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੂੰ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਨਿਵਾਜਿਆ ਗਿਆ ਹੈ। ਇਸ ਤਰ੍ਹਾਂ 'ਆਪ' 'ਚੋਂ ਅਸਤੀਫਾ ਦੇਣ ਵਾਲੇ ਅਤੇ ਦਲ ਬਦਲੀਆਂ ਕਰ ਚੁੱਕੇ ਵਿਧਾਇਕਾਂ ਦੀ ਵਿਧਾਇਕੀ ਅੱਜ ਵੀ ਬਰਕਰਾਰ ਹੈ।

Babita

This news is Content Editor Babita