ਭਾਈ ਘਨ੍ਹੱਈਆ ਜੀ ਦਾ ਬਰਸੀ ਦਿਵਸ ਮਨਾ ਕੇ ਸੇਵਾ ਭਾਵਨਾ ਦਾ ਸੰਦੇਸ਼ ਦੇਵੇਗਾ ਰੈੱਡ ਕਰਾਸ

09/20/2017 8:32:16 AM

ਸਮਰਾਲਾ  (ਬੰਗੜ, ਗਰਗ) –  ਦੁਨੀਆ ਭਰ 'ਚ ਸੇਵਾ ਭਾਵਨਾ ਦੇ ਪ੍ਰਤੀਕ ਮੰਨੇ ਜਾਂਦੇ ਭਾਈ ਘਨ੍ਹੱਈਆ ਜੀ ਦੇ ਮਹਾਨ ਕਾਰਜਾਂ ਨੂੰ ਅੱਜ ਵੀ ਸਾਡੇ ਸਨਮੁੱਖ ਕਰਦੀ ਆ ਰਹੀ ਰੈੱਡ ਕਰਾਸ ਸੁਸਾਇਟੀ ਅੱਜ ਭਾਈ ਘਨ੍ਹੱਈਆ ਜੀ ਦੀ ਬਰਸੀ ਮਨਾ ਕੇ ਦੁਨੀਆ ਨੂੰ ਸੇਵਾ ਭਾਵਨਾ ਦਾ ਵੱਡਾ ਸੰਦੇਸ਼ ਦੇਵੇਗੀ। ਉਂਝ ਭਾਵੇਂ ਦੁਨੀਆ ਭਰ ਵਿਚ ਰੈੱਡ ਕਰਾਸ ਦੀ ਸਥਾਪਨਾ 1863 ਈ. ਵਿਚ ਹੋਈ ਸੀ ਪਰ ਅਸਲੀਅਤ ਵਿਚ ਇਸ ਸਥਾਪਨਾ ਦਾ ਉਦੇਸ਼ ਉਸ ਤੋਂ ਵੀ 170 ਸਾਲ ਪਹਿਲਾਂ ਵਿਲੱਖਣ ਤੇ ਇਤਿਹਾਸਕ ਘਟਨਾਵਾਂ ਨਾਲ ਸਾਹਮਣੇ ਆਇਆ ਸੀ, ਜਿਨ੍ਹਾਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਮਨੁੱਖਤਾ ਦੀ ਸੇਵਾ ਦਾ ਇਕ ਅਜਿਹਾ ਸਿਧਾਂਤ ਦਿੱਤਾ, ਜੋ ਅੱਜ ਵੀ ਲੋਕਾਂ ਲਈ ਸੇਵਾ ਦਾ ਸਿਧਾਂਤਕ ਮਾਰਗ ਸਿੱਧ ਹੋ ਰਿਹਾ ਹੈ।
ਹਿੰਦੁਸਤਾਨ ਦੀ ਧਰਤੀ ਦੀ ਇਹ ਖੁਸ਼ਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਸਭ ਤੋਂ ਵੱਧ ਖੂਨਦਾਨ ਕੈਂਪ ਤੇ ਜ਼ਖਮੀਆਂ ਨੂੰ ਸੰਭਾਲਣ ਦਾ ਜ਼ਿੰਮਾ ਇਸ ਦੇਸ਼ ਦੇ ਵਾਸੀਆਂ ਦੇ ਹਿੱਸੇ ਆਇਆ ਹੈ। ਮਾਨਵ ਸੇਵਾ ਦੇ ਇਸ ਵੱਡੇ ਮਾਣ ਪਿੱਛੇ 1704 ਈ. ਦਾ ਉਹ ਸਮਾਂ ਇਤਿਹਾਸ ਦੇ ਅਜਿਹੇ ਸੁਨਹਿਰੀ ਪੰਨੇ ਲੈ ਕੇ ਖੜ੍ਹਾ ਹੈ ਕਿ ਅੱਜ ਵੀ ਦੂਸਰੇ ਦੇਸ਼ਾਂ ਵਿਚ ਵੱਸਦੇ ਭਾਰਤੀ ਤੇ ਪੰਜਾਬੀ ਉਸ ਘਟਨਾ ਨੂੰ ਯਾਦ ਕਰਕੇ ਆਪਣਾ ਆਪਾ ਜ਼ਖਮੀਆਂ ਤੇ ਤੜਫ਼ਦੇ ਲੋਕਾਂ ਨੂੰ ਸਮਰਪਿਤ ਕਰ ਰਹੇ ਹਨ। ਸੰਸਥਾ ਦੇ ਡਿਪਟੀ ਸਕੱਤਰ ਕੇ. ਕੇ. ਸੈਣੀ ਦਾ ਕਹਿਣਾ ਹੈ ਕਿ ਭਾਵੇਂ 'ਰੈੱਡ ਕਰਾਸ' ਸੰਸਥਾ ਦੇ ਮਨੁੱਖਤਾ ਹਿੱਤੂ ਮਹਾਨ ਕਾਰਜਾਂ ਨੂੰ ਦੁਨੀਆ ਭਰ ਵਿਚ ਭਲੇ ਪੁਰਸ਼ ਹੈਨਰੀ ਡਿਊਨਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪਰ ਇਸ ਸੰਸਥਾ ਦੇ ਸਾਰੇ ਕਾਰਜਾਂ ਤੋਂ ਸਿੱਖ ਇਤਿਹਾਸ ਵਿਚ ਮਹਾਨ ਸੇਵਕ ਵਜੋਂ ਜਾਣੇ ਜਾਂਦੇ ਭਾਈ ਘਨੱ੍ਹਈਆ ਜੀ ਦੇ ਆਦਰਸ਼ਾਂ ਦੀ ਝਲਕ ਸਪੱਸ਼ਟ ਨਜ਼ਰ ਆਉਂਦੀ ਹੈ। ਇਤਿਹਾਸਕਾਰਾਂ ਮੁਤਾਬਿਕ ਪੰਜਾਬ ਦੀ ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੁਗਲਾਂ ਨਾਲ ਚੱਲੇ ਭਿਅੰਕਰ ਯੁੱਧ ਦੌਰਾਨ ਜ਼ਖਮੀ ਸੈਨਿਕਾਂ ਨੂੰ ਬਿਨਾਂ ਭੇਦ-ਭਾਵ ਤੋਂ ਪਾਣੀ ਪਿਲਾਉਣ ਤੇ ਉਨ੍ਹਾਂ ਦੀ ਮਰਹਮ-ਪੱਟੀ ਕਰਨ ਵਾਲੇ ਭਾਈ ਘਨੱ੍ਹਈਆ ਜੀ ਨੇ ਮਨੁੱਖਤਾ ਦੀ ਸੇਵਾ ਹਿੱਤੂ ਸੇਵਾ ਭਾਵਨਾ ਦੀ ਇਹ ਜੋਤ ਜਗਾਈ ਸੀ। ਭਾਈ ਘਨ੍ਹੱਈਆ ਜੀ ਦੇ ਆਦਰਸ਼ਾਂ ਦੀ ਇਹ ਝਲਕ ਹੈਨਰੀ ਡਿਊਨਾ ਦੇ ਕਾਰਜਾਂ ਵਿਚ ਸਾਫ਼ ਝਲਕਦੀ ਹੈ, ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕ ਭਾਈ ਘਨ੍ਹੱਈਆ ਜੀ ਨੂੰ 'ਰੈੱਡ ਕਰਾਸ' ਦੇ ਮੋਢੀ ਵਜੋਂ ਯਾਦ ਕਰਦੇ ਹਨ।
ਆਨੰਦਪੁਰ ਸਾਹਿਬ ਦੀ ਧਰਤੀ 'ਤੇ ਅੱਜ ਹੋਵੇਗਾ ਵਿਸ਼ਾਲ ਸਮਾਗਮ
ਆਨੰਦਪੁਰ ਸਾਹਿਬ ਦੀ ਧਰਤੀ ਤੋਂ ਭਾਈ ਘਨ੍ਹੱਈਆ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਸ਼ੀਰਵਾਦ ਲੈ ਕੇ ਮਨੁੱਖਤਾ ਦੀ ਸੇਵਾ ਦਾ ਕੰਮ ਆਰੰਭਿਆ ਸੀ। ਗੁਰੂ ਸਾਹਿਬ ਦੀ ਫੌਜ ਦੇ ਨਾਲ-ਨਾਲ ਮੁਗਲਾਂ ਦੀ ਲੜਾਈ ਦੌਰਾਨ ਬਿਨਾਂ ਭੇਦ-ਭਾਵ ਉਨ੍ਹਾਂ ਲਈ ਵੀ ਪਾਣੀ ਦੀ ਸੇਵਾ ਨਿਭਾਉਂਦਿਆਂ ਨੂੰ ਵੇਖ ਕੇ ਇਸ ਦੀ ਸ਼ਿਕਾਇਤ ਗੁਰੂ ਸਾਹਿਬਾਨ ਕੋਲ ਪੁੱਜੀ। ਜਵਾਬ-ਤਲਬੀ ਦੌਰਾਨ ਭਾਈ ਘਨ੍ਹੱਈਆ ਜੀ ਨੇ ਕਿਹਾ ਕਿ ਮੈਨੂੰ ਹਰ ਮਨੁੱਖ ਵਿਚ ਆਪ ਜੀ ਦਾ ਹੀ ਰੂਪ ਨਜ਼ਰ ਆਉਂਦਾ ਹੈ ਕਿਉਂਕਿ ਇਹ ਸੇਵਾ ਆਪ ਜੀ ਨੇ ਬਖਸ਼ੀ ਹੈ, ਅੱਗੋਂ ਗੁਰੂ ਸਾਹਿਬਾਨ ਨੇ ਭਾਈ ਘਨ੍ਹੱਈਆ ਜੀ ਨੂੰ ਕਿਹਾ ਕਿ ਉਹ ਹੁਣ ਪਾਣੀ ਦੇ ਨਾਲ-ਨਾਲ ਜ਼ਖਮੀਆਂ ਦੀ ਮਰਹਮ-ਪੱਟੀ ਵੀ ਕਰਿਆ ਕਰਨ।
ਇਸ ਤਰ੍ਹਾਂ ਦੁਨੀਆ ਭਰ ਵਿਚ ਸੇਵਾ ਦੇ ਪੁੰਜ ਵਜੋਂ ਜਾਣੇ ਜਾਂਦੇ ਭਾਈ ਘਨ੍ਹੱਈਆ ਜੀ ਦੀ ਬਰਸੀ ਮੌਕੇ ਪੰਜਾਬ ਰੈੱਡ ਕਰਾਸ ਵਲੋਂ ਕਈ ਸਾਲਾਂ ਤੋਂ ਜੂਨੀਅਰ ਤੇ ਯੂਥ ਰੈੱਡ ਕਰਾਸ ਦਿਵਸ 20, 21 ਤੇ 22 ਸਤੰਬਰ ਨੂੰ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਮਨਾਇਆ ਜਾ ਰਿਹਾ ਹੈ।   ਰੈੱਡ ਕਰਾਸ ਦੇ ਡਿਪਟੀ ਸਕੱਤਰ ਕੇ. ਕੇ. ਸੈਣੀ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਹ ਸਮਾਗਮ ਹੋਵੇਗਾ, ਜਿਸ ਵਿਚ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਵਿਚ ਫਸਟਏਡ ਮੁਕਾਬਲੇ, ਕਵਿਤਾ ਮੁਕਾਬਲੇ, ਪੋਸਟਰ ਮੇਕਿੰਗ ਤੇ ਸੱਭਿਆਚਾਰਕ ਮੁਕਾਬਲੇ ਕਰਵਾਏ ਜਾਣਗੇ।
ਇਹ ਹਨ ਭਾਈ ਘਨ੍ਹੱਈਆ ਜੀ ਦੇ ਨਕਸ਼ੇ ਕਦਮ
ਭਾਈ ਘਨ੍ਹੱਈਆ ਜੀ ਦੇ ਨਕਸ਼ੇ ਕਦਮਾਂ ਤੇ ਸੇਵਾ ਭਾਵਨਾ ਵਜੋਂ ਕਾਰਜਸ਼ੀਲ ਰੈੱਡ ਕਰਾਸ ਦੇ ਡਿਪਟੀ ਸਕੱਤਰ ਕੇ. ਕੇ. ਸੈਣੀ ਅਨੁਸਾਰ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ ਨਾਲ ਸਬੰਧਿਤ ਕਰੀਬ 400 ਲੋਕਾਂ ਨੂੰ ਫਸਟਏਡ ਤੇ ਰੋਗੀਆਂ ਦੀ ਸਾਂਭ-ਸੰਭਾਲ ਲਈ ਸਿਖਲਾਈ ਦਿੱਤੀ ਗਈ ਹੈ, ਸਿਖਲਾਈ ਪ੍ਰਾਪਤ ਕਰਨ ਵਾਲਿਆਂ ਵਿਚ 90 ਫੀਸਦੀ ਲੜਕੀਆਂ ਤੇ ਔਰਤਾਂ ਹਨ। ਸੰਸਥਾ ਵਲੋਂ ਪੁੰਨ ਨਾਲੇ ਫਲ਼ੀਆਂ 'ਤੇ ਆਧਾਰਿਤ ਟਰੇਂਡ ਕੀਤੇ ਇਨਾਂ ਵਲੰਟੀਅਰਾਂ ਨੂੰ ਇਸ ਯੋਗ ਤਿਆਰ ਕੀਤਾ ਗਿਆ ਕਿ ਉਹ ਉਨ੍ਹਾਂ ਪਰਿਵਾਰਾਂ ਦੇ ਬਜ਼ੁਰਗਾਂ ਨੂੰ ਮੈਡੀਕਲ ਸਹਾਇਤਾ ਤੇ ਸਾਂਭ-ਸੰਭਾਲ ਦੇ ਸਕਣਗੇ, ਜੋ ਉਨ੍ਹਾਂ ਵਲੰਟੀਅਰਾਂ ਦੀ ਇਸ ਸੇਵਾ ਭਾਵਨਾ ਨੂੰ ਇਕ ਰੋਜ਼ਗਾਰ ਦਾ ਰੂਪ ਦੇ ਕੇ ਉਨ੍ਹਾਂ ਨੂੰ ਯੋਗ ਸੇਵਾ ਭੱਤਾ ਮੁਹੱਈਆ ਕਰਵਾਉਣਗੇ।
'ਰੈੱਡ ਕਰਾਸ' ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾਮੁਕਤ ਕਰਨ ਲਈ ਸੰਸਥਾ ਵਲੋਂ ਪਟਿਆਲਾ ਵਿਖੇ 30, ਗੁਰਦਾਸਪੁਰ ਵਿਖੇ 30 , ਨਵਾਂਸ਼ਹਿਰ ਵਿਖੇ 15 ਤੇ ਖਾਨਪੁਰ (ਮੋਹਾਲੀ) ਵਿਖੇ 15 ਬਿਸਤਰਿਆਂ ਵਾਲੇ ਨਸ਼ਾ ਮੁਕਤੀ ਸੈਂਟਰ ਆਪਣਾ ਕਾਰਜ ਕਰ ਰਹੇ ਹਨ। ਇਸ ਤੋਂ ਇਲਾਵਾ ਪਟਿਆਲਾ ਵਿਖੇ ਐੱਚ. ਆਈ. ਵੀ. ਜਾਂਚ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜਿਥੇ ਓ. ਪੀ. ਡੀ., ਐਕਸਰੇ, ਫਿਜ਼ੀਓਥੈਰੇਪੀ ਤੋਂ ਇਲਾਵਾ ਪੀੜਤ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਊਂਸਲਿੰਗ ਦਿੱਤੀ ਜਾਂਦੀ ਹੈ।
ਇਹ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਸੜਕ ਹਾਦਸਿਆਂ ਵਿਚ ਜ਼ਖਮੀ ਵਿਅਕਤੀਆਂ ਨੂੰ ਸੰਭਾਲਣ ਲਈ 30 ਤੋਂ ਵੱਧ ਐਂਬੂਲੈਂਸਾਂ ਦਾ ਪ੍ਰਬੰਧ ਕਰਕੇ ਸਰਬੱਤ ਦੇ ਭਲੇ ਲਈ ਕੰਮ ਕਰ ਰਹੀ ਹੈ।