ਸ਼ਾਰਟ ਸਰਕਟ ਨਾਲ ਰੈਡੀਮੇਡ ਗਾਰਮੈਂਟਸ ਦੇ ਸ਼ੋਅਰੂਮ ’ਚ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

08/22/2022 5:52:27 PM

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੇ ਮੇਨ ਬਾਜ਼ਾਰ ’ਚ ਸਥਿਤ ਡੀ. ਐੱਸ. ਰੈਡੀਮੇਡ ਗਾਰਮੈਂਟਸ ਦੇ ਸ਼ੋਅਰੂਮ ਦੀ ਦੂਸਰੀ ਮੰਜ਼ਿਲ ’ਤੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਨਾਲ ਸ਼ੋਅਰੂਮ ’ਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਬਾਬਾ ਜੋਗਿੰਦਰ ਸਿੰਘ ਕੁਟੀ ਵਾਲੇ ਨੇ ਦੱਸਿਆ ਕਿ ਉਨ੍ਹਾਂ ਦਾ ਮੇਨ ਬਾਜ਼ਾਰ ’ਚ ਡੀ. ਐੱਸ. ਰੈਡੀਮੇਡ ਗਾਰਮੈਂਟਸ ਦਾ ਦੋ ਮੰਜ਼ਿਲਾ ਸ਼ੋਅਰੂਮ ਬਣਿਆ ਹੋਇਆ ਹੈ ਅਤੇ ਅੱਜ ਸਵੇਰੇ ਸ਼ਾਰਟ ਸਰਕਟ ਹੋਣ ਕਾਰਨ ਉਨ੍ਹਾਂ ਦੇ ਸ਼ੋਅਰੂਮ ਦੀ ਦੂਸਰੀ ਮੰਜ਼ਿਲ ’ਚ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਉਨ੍ਹਾਂ ਨੂੰ ਉਦੋਂ ਲੱਗਾ ਜਦੋਂ ਦੂਸਰੀ ਮੰਜ਼ਿਲ ਤੋਂ ਬਾਹਰ ਨੂੰ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਭਿਆਨਕ ਅੱਗ ਲੱਗ ਗਈ। ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਜਲਾਲਾਬਾਦ ਤੋਂ ਫਾਇਰ ਬ੍ਰਿਗੇਡ ਟੀਮ ਨੇ ਆ ਕੇ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਆਉਣ ਤੋਂ ਪਹਿਲਾਂ ਜੇ ਸੀ. ਬੀ. ਮਸ਼ੀਨ ਲਿਆਂਦੀ ਗਈ, ਜਿਸ ਨਾਲ ਸ਼ੋਅਰੂਮ ਦੇ ਸ਼ੀਸ਼ਿਆਂ ਨੂੰ ਤੋੜਿਆ ਗਿਆ ਅਤੇ ਬਾਜ਼ਾਰ ਵਾਲੇ ਆਸ-ਪਾਸ ਦੇ ਦੁਕਾਨਦਾਰਾਂ ਨੇ ਬੜੀ ਹਿੰਮਤ ਵਿਖਾ ਕੇ ਦੁਕਾਨ ’ਚੋਂ ਸਾਮਾਨ ਬਾਹਰ ਕੱਢਿਆ। 

ਦੁਕਾਨਦਾਰ ਬਾਬਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਜੇ ਸ਼ਹਿਰ ਅੰਦਰ ਫਾਇਰ ਬ੍ਰਿਗੇਡ ਹੁੰਦੀ ਤਾਂ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਸੀ ਕਿਉਂਕਿ ਜਲਾਲਾਬਾਦ ਤੋਂ ਫਾਇਰ ਬ੍ਰਿਗੇਡ ਨੂੰ ਇੱਥੇ ਪਹੁੰਚਣ ਲੱਗਿਆਂ ਕਾਫ਼ੀ ਸਮਾਂ ਲੱਗਦਾ ਹੈ। ਹਲਕੇ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ ਇਸ ਵਕਤ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਹਨ, ਉਨ੍ਹਾਂ ਦੇ ਹਲਕੇ ਵਿਚ ਇਕ ਵਾਰ ਫਿਰ ਤੋਂ ਫਾਇਰ ਬ੍ਰਿਗੇਡ ਦੀ ਕਮੀ ਖਲੀ ਇਲਾਕੇ ’ਚ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਲੋਕਾਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਾਜ਼ਾਰ ਵਿਚ ਅੱਗ ਲੱਗਣ ਨਾਲ ਕਈ ਹਾਦਸੇ ਹੋ ਚੁੱਕੇ ਹਨ ਪਰ ਸਰਕਾਰ ਫਿਰ ਵੀ ਨਹੀਂ ਜਾਗਦੀ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਇਸ ਮੇਨ ਬਾਜ਼ਾਰ ਵਿਚ ਜਿਥੇ ਅੱਗ ਲੱਗੀ ਹੈ ਸਾਰੇ ਪਾਸੇ ਰੈਡੀਮੇਡ ਅਤੇ ਕੱਪੜੇ ਦੀਆਂ ਦੁਕਾਨਾਂ ਹਨ ਗਨੀਮਤ ਇਹ ਰਹੀ ਕਿ ਅੱਗ ਅੱਗੇ ਨਹੀਂ ਫੈਲੀ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।

Gurminder Singh

This news is Content Editor Gurminder Singh