ਵਿਵਾਦਤ ਵੀਡੀਓ ਦੇ ਮਾਮਲੇ ''ਚ ਕਿਸੇ ਵੀ ਜਾਂਚ ਲਈ ਤਿਆਰ ਹਾਂ : ਰੰਧਾਵਾ

12/29/2019 8:03:33 AM

ਚੰਡੀਗੜ੍ਹ, (ਭੁੱਲਰ)— ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਉਨ੍ਹਾਂ ਬਾਰੇ ਇਕ ਨਿਊਜ਼ ਚੈਨਲ 'ਤੇ ਚਲਾਈ ਵਿਵਾਦਤ ਵੀਡੀਓ ਸਬੰਧੀ ਕਿਹਾ ਕਿ ਇਹ ਉਨ੍ਹਾਂ ਦੇ ਅਕਸ ਨੂੰ ਢਾਅ ਲਾਉਣ ਲਈ ਕਿਸੇ ਪੰਥ ਦੋਖੀ ਵੱਲੋਂ ਕੋਝੀ ਸ਼ਰਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਪੁਰਾਣੀ ਵੀਡੀਓ ਨਾਲ ਛੇੜਛਾੜ ਕਰਦਿਆਂ ਆਵਾਜ਼ ਨੂੰ ਐਡਿਟ ਕੀਤਾ ਗਿਆ ਹੈ, ਜਿਸ ਸਬੰਧੀ ਉਹ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਨ।
ਰੰਧਾਵਾ ਨੇ ਕਿਹਾ ਕਿ ਉਹ ਖੁਦ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਕਰ ਕੇ ਇਸ ਮਾਮਲੇ ਦੀ ਪੂਰੀ ਡੂੰਘਾਈ ਤੱਕ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਉਹ ਇਕ ਅੰਮ੍ਰਿਤਧਾਰੀ ਸਿੰਘ ਹਨ, ਜਿਸ ਕਰ ਕੇ ਉਹ ਗੁਰੂ ਸਾਹਿਬ ਦੀ ਸ਼ਾਨ ਖਿਲਾਫ਼ ਬੋਲਣਾ ਤਾਂ ਬਹੁਤ ਦੂਰ ਦੀ ਗੱਲ, ਅਜਿਹਾ ਕਹਿਣ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਹਾਲਾਂਕਿ ਉਨ੍ਹਾਂ ਗੁਰੂ ਸਾਹਿਬ ਦੀ ਕਿਸੇ ਨਾਲ ਤੁਲਨਾ ਬਿਲਕੁਲ ਵੀ ਨਹੀਂ ਕੀਤੀ ਪਰ ਫਿਰ ਵੀ ਇਸ ਦੀ ਜਾਂਚ 'ਚ ਜੇ ਉਨ੍ਹਾਂ ਖਿਲਾਫ ਜ਼ਰਾ ਵੀ ਦੋਸ਼ ਸਿੱਧ ਹੋਇਆ ਤਾਂ ਉਹ ਖੁਦ ਅਸਤੀਫ਼ਾ ਦੇ ਦੇਣਗੇ।
ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੇ ਅਕਸ ਨੂੰ ਢਾਅ ਲਾਉਣ ਲਈ ਸ਼ਰਾਰਤ ਕਰਦਿਆਂ ਛੇੜਛਾੜ ਤੇ ਐਡਿਟ ਕੀਤੀ ਵੀਡੀਓ ਨੂੰ ਬਿਨਾਂ ਤਸਦੀਕ ਕੀਤਿਆਂ ਚਲਾਉਣ ਲਈ ਉਹ ਨਿਊਜ਼ ਚੈਨਲ ਨੂੰ ਵੀ ਕਾਨੂੰਨੀ ਨੋਟਿਸ ਭੇਜਣਗੇ। ਉਨ੍ਹਾਂ ਕਿਹਾ ਕਿ ਇਹ ਵੀਡੀਓ ਉਂਝ ਵੀ ਪੁਰਾਣੀ ਹੈ, ਜਿਸ 'ਚ ਗਰਮ ਰੁੱਤ ਦੇ ਕੱਪੜੇ ਸਾਫ ਦਿਸਦੇ ਹਨ। ਇਸ ਤੋਂ ਇਲਾਵਾ ਜੋ ਸਖਸ਼ ਵੀਡੀਓ 'ਚ ਨਾਲ ਖੜ੍ਹਾ ਹੈ, ਉਹ ਪਿਛਲੇ ਡੇਢ ਸਾਲ ਤੋਂ ਉਨ੍ਹਾਂ ਨੂੰ ਨਹੀਂ ਮਿਲਿਆ।

KamalJeet Singh

This news is Content Editor KamalJeet Singh