ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

02/21/2022 9:31:09 PM

ਜਲੰਧਰ : ਬੀਤੇ ਕੱਲ੍ਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੁਕੰਮਲ ਹੋ ਗਈਆਂ ਤੇ ਸਿਆਸੀ ਪਾਰਟੀਆਂ ਦੇ ਆਗੂ ਚੋਣ ਪ੍ਰਚਾਰ ਤੋਂ ਵੀ ਵਿਹਲੇ ਹੋ ਗਏ। ਇਸ ਦੇ ਬਾਵਜੂਦ ਪੰਜਾਬ 'ਚ ਅੱਜ ਕਈ ਵੱਡੀਆਂ ਘਟਨਾਵਾਂ ਵਾਪਰੀਆਂ। ਇਸੇ ਸਬੰਧੀ ਪੰਜਾਬ ਨਾਲ ਜੁੜੀਆਂ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ -

ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਐੱਫ. ਆਈ. ਆਰ. ਦਰਜ (ਵੀਡੀਓ)

ਮੋਗਾ ਪੁਲਸ ਨੇ ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸ ਦੀ ਉਮੀਦਵਾਰ ਮਾਲਵਿਕਾ ਸੂਦ ਦੇ ਭਰਾ ਅਦਾਕਾਰ ਤੇ ਸਮਾਜ ਸੇਵੀ ਸੋਨੂੰ ਸੂਦ ਖ਼ਿਲਾਫ਼ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਥਾਣਾ ਸਿਟੀ ਮੋਗਾ ’ਚ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਪੋਲਿੰਗ ਏਜੰਟ ਦੀਦਾਰ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਪਿੰਡ ਲੰਡੇ ਕੇ ’ਚ ਸੋਨੂੰ ਸੂਦ ਵੋਟਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜਦਕਿ ਉਹ ਇਸ ਹਲਕੇ ਦਾ ਵੋਟਰ ਨਹੀਂ ਹੈ।

ਚੋਣ ਕਮਿਸ਼ਨ ਵੱਲੋਂ ਪੋਲਿੰਗ ਦੀ ਫਾਈਨਲ ਸੂਚੀ ਜਾਰੀ, ਪੰਜਾਬ ’ਚ ਕੁੱਲ 71.95 ਫ਼ੀਸਦੀ ਹੋਈ ਵੋਟਿੰਗ

20 ਫਰਵਰੀ ਨੂੰ ਪੰਜਾਬ ’ਚ 117 ਵਿਧਾਨ ਸਭਾ ਸੀਟਾਂ ’ਤੇ ਵੋਟਿੰਗ ਕੀਤੀ ਗਈ। ਭਾਰੀ ਉਤਸ਼ਾਹ ਅਤੇ ਜੋਸ਼ ਦੇ ਬਾਵਜੂਦ ਵੀ ਪੰਜਾਬ ਦੇ ਵੋਟਰ ਪਿਛਲੀਆਂ ਵਿਧਾਨ ਸਭਾ ਚੋਣਾਂ ਦਾ ਰਿਕਾਰਡ ਨਹੀਂ ਤੋੜ ਸਕੇ। ਕੱਲ੍ਹ ਹੋਈਆਂ ਚੋਣਾਂ ਤੋਂ ਬਾਅਦ ਸੂਬੇ ਦੇ 1304 ਉਮੀਦਵਾਰਾਂ ਦੀ ਕਿਸਮਤ ਹੁਣ ਈ. ਵੀ. ਐੱਮ. ’ਚ ਬੰਦ ਹੋ ਗਈ ਹੈ। ਵੋਟਿੰਗ ਤੋਂ ਬਾਅਦ ਹੁਣ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ ’ਤੇ ਟਿਕੀਆਂ ਹੋਈਆਂ ਕਿ ਆਖ਼ਿਰ ਇਸ ਵਾਰ ਪੰਜਾਬ ਦੀ ਸੱਤਾ ਕਿਸ ਪਾਰਟੀ ਦੇ ਹੱਥਾਂ ’ਚ ਜਾਵੇਗੀ।

ਪੰਜਾਬ 'ਚ 15 ਸਾਲ ਦੇ ਮੁਕਾਬਲੇ ਘੱਟ ਵੋਟਿੰਗ ਹੋਣ ਕਾਰਨ ਚੱਕਰਵਿਊ 'ਚ ਫਸੇ ਸਿਆਸੀ ਪੰਡਿਤ

ਪੰਜਾਬ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ 15 ਸਾਲ ਦੇ ਮੁਕਾਬਲੇ ਘੱਟ ਵੋਟਿੰਗ ਹੋਣ ਨਾਲ ਸਿਆਸੀ ਪੰਡਿਤ ਚੱਕਰਵਿਊ 'ਚ ਫਸ ਗਏ ਹਨ। ਆਮ ਤੌਰ 'ਤੇ ਜ਼ਿਆਦਾ ਵੋਟਿੰਗ ਨੂੰ ਬਦਲਾਅ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਹੁਣ ਜਦੋਂ ਪੰਜਾਬ 'ਚ ਬਦਲਾਅ ਦਾ ਸ਼ੋਰ ਸਭ ਤੋਂ ਜ਼ਿਆਦਾ ਸੁਣਨ ਨੂੰ ਮਿਲ ਰਿਹਾ ਸੀ ਤਾਂ ਵੋਟਿੰਗ ਦਾ ਅੰਕੜਾ 15 ਸਾਲ ਦੇ ਮੁਕਾਬਲੇ ਸਭ ਤੋਂ ਥੱਲੇ ਚਲਾ ਗਿਆ ਹੈ।

ਮੋਹਾਲੀ 'ਚ ਸਟਰਾਂਗ ਰੂਮ ਬਾਹਰ ਆਮ ਆਦਮੀ ਪਾਰਟੀ ਨੇ ਲਾਇਆ ਟੈਂਟ, ਜਾਣੋ ਕਾਰਨ

ਪੰਜਾਬ ਵਿਧਾਨ ਸਭਾ ਚੋਣਾਂ ਹੋਣ ਤੋਂ ਬਾਅਦ ਜ਼ਿਲ੍ਹੇ ਦੇ ਸੈਕਟਰ-78 ਦੇ ਸਟੇਡੀਅਮ ਵਿਖੇ ਸਟਰਾਂਗ ਰੂਮ ਬਣਾਇਆ ਗਿਆ ਹੈ, ਜਿੱਥੇ ਈ. ਵੀ. ਐੱਮ. ਮਸ਼ੀਨਾਂ ਰੱਖੀਆਂ ਗਈਆਂ ਹਨ। ਇਸ ਸਟਰਾਂਗ ਰੂਮ ਦੇ ਬਾਹਰ ਆਮ ਆਦਮੀ ਪਾਰਟੀ ਵੱਲੋਂ ਟੈਂਟ ਲਾਇਆ ਗਿਆ ਹੈ। ਇਸ ਟੈਂਟ 'ਚ ਪਾਰਟੀ ਦੇ ਵਰਕਰ 24 ਘੰਟੇ ਆਪਣੀ ਡਿਊਟੀ ਦੇਣਗੇ।

ਆਸ਼ੂ ਦੇ ਹੱਕ 'ਚ ਵੋਟ ਪਾਉਣ ਦੀ ਪੋਸਟ ਸ਼ੇਅਰ ਕਰਨ ਵਾਲੇ ਸਮਰਥਕ 'ਤੇ ਮਾਮਲਾ ਦਰਜ

ਕਾਂਗਰਸ (ਵੈਸਟ) ਤੋਂ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕਰਕੇ ਸੋਸ਼ਲ ਮੀਡੀਆ 'ਤੇ ਪੋਸਟ ਅਪਲੋਡ ਕਰਨ ਵਾਲੇ ਨੌਜਵਾਨ 'ਤੇ ਥਾਣਾ ਪੀ. ਏ. ਯੂ. 'ਚ ਕੇਸ ਦਰਜ ਹੋਇਆ ਹੈ।

ਬਾਦਲ ਪਰਿਵਾਰ ਦੇ ਕਿੰਨੇ ਮੈਂਬਰ ਵਿਧਾਨ ਸਭਾ ਪੁੱਜਣਗੇ, ਫੈ਼ਸਲੇ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਪੰਜਾਬ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਈ ਵੱਡੇ ਆਗੂਆਂ ਦੇ ਰਿਸ਼ਤੇਦਾਰ ਮੈਦਾਨ 'ਚ ਸਨ, ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਗਿਣਤੀ ਬਾਦਲ ਪਰਿਵਾਰ ਦੇ ਮੈਂਬਰਾਂ ਦੀ ਹੈ ਕਿਉਂਕਿ ਖ਼ੁਦ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਨ੍ਹਾਂ ਦੇ ਬੇਟੇ ਸੁਖਬੀਰ ਬਾਦਲ ਚੋਣਾਂ ਲੜ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਕੈਰੋਂ, ਭਤੀਜੇ ਮਨਪ੍ਰੀਤ ਬਾਦਲ ਵੀ ਚੋਣਾਂ ਲੜ ਰਹੇ ਹਨ।

ਗੜ੍ਹਸ਼ੰਕਰ ਦੇ ਦੋ ਪਿੰਡਾਂ 'ਚ ਨਹੀਂ ਪਈ ਇਕ ਵੀ ਵੋਟ, ਜਾਣੋ ਕੀ ਰਿਹਾ ਕਾਰਨ

ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿਚ ਚੋਣਾਂ ਦੀ ਪ੍ਰਕਿਰਿਆ ਬੀਤੇ ਦਿਨ ਪੂਰੀ ਅਮਨ ਸ਼ਾਂਤੀ ਨਾਲ ਮੁਕੰਮਲ ਹੋਈ। ਕੁਝ ਕੁ ਪਿੰਡਾਂ ਵਿਚ ਮਸ਼ੀਨਾਂ ਦੇ ਕੁਝ ਸਮਾਂ ਖ਼ਰਾਬ ਰਹਿਣ ਦੀਆਂ ਖ਼ਬਰਾਂ ਤੋਂ ਇਲਾਵਾ ਪੂਰੀ ਚੋਣ ਪ੍ਰਕਿਰਿਆ ਨਿਰਵਿਘਨ ਚੱਲੀ। ਇਥੋਂ ਦੇ ਪਿੰਡ ਬਸਿਆਲਾ ਅਤੇ ਰਸੂਲਪੁਰ ਦੇ ਲੋਕਾਂ ਵੱਲੋਂ ਪਹਿਲਾਂ ਕੀਤੇ ਹੋਏ ਐਲਾਨ ਅਨੁਸਾਰ ਚੋਣਾਂ ਦਾ ਪੂਰੀ ਤਰ੍ਹਾਂ ਮੁਕੰਮਲ ਬਾਈਕਾਟ ਕੀਤਾ ਗਿਆ ਸੀ।

ਪੰਜਾਬ 'ਚ ਚੋਣਾਂ ਮਗਰੋਂ ਹੁਣ 10 ਮਾਰਚ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਕਈਆਂ ਦੀ ਜਿੱਤ-ਹਾਰ ਦਾ ਹੋਵੇਗਾ ਫ਼ੈਸਲਾ

ਪੰਜਾਬ ਵਿਧਾਨ ਸਭਾ ਚੋਣਾਂ ਦਾ ਕੰਮ ਮੁਕੰਮਲ ਹੋ ਗਿਆ ਹੈ। ਹੁਣ ਨਤੀਜਿਆਂ ਦੀ ਵਾਰੀ ਹੈ। ਸਾਰਿਆਂ ਦੀਆਂ ਨਜ਼ਰਾਂ 10 ਮਾਰਚ ’ਤੇ ਟਿਕ ਗਈਆਂ ਹਨ ਕਿਉਂਕਿ ਉਸ ਦਿਨ ਵੋਟਾਂ ਦੀ ਗਿਣਤੀ ਹੋਣੀ ਹੈ ਅਤੇ ਕਈਆਂ ਦੀ ਜਿੱਤ-ਹਾਰ ਦਾ ਫ਼ੈਸਲਾ ਹੋਣਾ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਰ ਈਸ਼ਾ ਕਾਲੀਆ ਈਸ਼ਾ ਕਾਲੀਆ ਨੇ ਦੱਸਿਆ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਸ਼ਾਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।

Anuradha

This news is Content Editor Anuradha