ਕੁਮਾਰਸਵਾਮੀ ਸਰਕਾਰ ਦੀ ਸ਼ਕਤੀ ਪ੍ਰੀਖਿਆ ਅੱਜ (ਪੜ੍ਹੋ 18 ਜੁਲਾਈ ਦੀਆਂ ਖਾਸ ਖਬਰਾਂ)

07/18/2019 2:22:58 AM

ਨਵੀਂ ਦਿੱਲੀ— ਕਰਨਾਟਕ 'ਚ ਕੁਮਾਰਸਵਾਮੀ ਦੀ ਸਰਕਾਰ ਰਹੇਗੀ ਜਾਂ ਜਾਵੇਗੀ, ਇਸਦਾ ਫੈਸਲਾ ਹੁਣ ਵਿਧਾਨ ਸਭਾ 'ਚ ਸ਼ਕਤੀ ਪ੍ਰੀਖਿਆ ਦੇ ਆਧਾਰ 'ਤੇ ਹੋਵੇਗਾ। ਵੀਰਵਾਰ ਨੂੰ 11 ਵਜੇ ਸਦਨ 'ਚ ਅਵਿਸ਼ਵਾਸ ਪ੍ਰਸਤਾਵ 'ਤੇ ਚਰਚਾ ਹੋਵੇਗੀ। ਅਵਿਸ਼ਵਾਸ ਪ੍ਰਸਤਾਵ 'ਤੇ ਚਰਚਾ ਤੋਂ ਬਾਅਦ ਵੋਟਿੰਗ ਹੋਵੇਗੀ। ਕਾਂਗਰਸ-ਜੇਡੀਐੱਸ ਤੇ ਬੀਜੇਪੀ ਨੇ ਸ਼ਕਤੀ ਪ੍ਰੀਖਿਆ 'ਚ ਜਿੱਤ ਦਾ ਦਾਅਵਾ ਕੀਤਾ ਹੈ।

ਰਾਬਰਟ ਵਾਡਰਾ ਦੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ 'ਚ ਸੁਣਵਾਈ ਅੱਜ
ਮਨੀ ਲਾਂਡਰਿੰਗ ਮਾਮਲੇ 'ਚ ਰਾਬਰਟ ਵਾਡਰਾ ਦੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਵੀਰਵਾਰ ਨੂੰ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਈ.ਡੀ. ਨੇ ਜਵਾਬ ਦਾਖਲ ਕਰਨ ਲਈ ਕੋਰਟ ਤੋਂ ਸਮਾਂ ਮੰਗਿਆ ਸੀ। ਇਸ ਤੋਂ ਪਹਿਲਾਂ ਈ.ਡੀ. ਨੇ ਰਾਬਰਟ ਵਾਡਰਾ ਦੀ ਪਟੀਸ਼ਨ ਦਾ ਵਿਰੋਧ ਕੀਤਾ ਸੀ। ਹਾਈ ਕੋਰਟ ਦੀ ਡਿਵੀਜ਼ਨ ਬੈਂਚ ਨੇ ਹੇਠਲੀ ਅਦਾਲਤ ਦੀ ਕਾਰਵਾਈ 'ਤੇ ਰੋਕ ਲਗਾਉਣ ਤੋਂ ਇਨਕਾਰ ਕੀਤਾ ਸੀ।

ਅਯੁੱਧਿਆ ਕੇਸ : ਵਿਚੋਲਗੀ ਪੈਨਲ ਸੁਪਰੀਮ ਕੋਰਟ 'ਚ ਪੇਸ਼ ਕਰੇਗੀ ਰਿਪੋਰਟ
ਅਯੁੱਧਿਆ ਜ਼ਮੀਨ ਵਿਵਾਦ ਮਾਮਲੇ 'ਚ ਵਿਚੋਲਗੀ ਪੈਨਲ ਸੁਪਰੀਮ ਕੋਰਟ 'ਚ ਰਿਪੋਰਟ ਪੇਸ਼ ਕਰੇਗੀ। ਜੇਕਰ ਵਿਚੋਲਗੀ ਪੈਨਲ ਦੀ ਰਿਪੋਰਟ 'ਚ ਕਿਸੇ ਤਰ੍ਹਾਂ ਦੀ ਤਰੱਕੀ ਨਹੀਂ ਦਿਖਾਈ ਦਿੰਦੀ ਹੈ ਤਾਂ 25 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ ਪਰ ਉਹ ਆਪਣੇ ਪਹਿਲਾਂ ਦੇ ਫੈਸਲੇ ਨੂੰ ਨਹੀਂ ਬਦਲਣਗੇ। ਹਿੰਦੂ ਧਿਰਾਂ ਵੱਲੋਂ ਅਦਾਲਤ 'ਚ ਜਲਦ ਸੁਣਵਾਈ ਲਈ ਪਟੀਸ਼ਨ ਲਗਾਈ ਗਈ ਸੀ। ਦੱਸ ਦਈਏ ਕਿ ਅਯੁੱਧਿਆ ਮਾਮਲੇ ਨੂੰ ਸੁਲਝਾਉਣ ਲਈ 15 ਅਗਸਤ ਦਾ ਸਮਾਂ ਦਿੱਤਾ ਗਿਆ ਸੀ।

ਕੁਲਭੂਸ਼ਣ ਜਾਧਵ 'ਤੇ ਜਵਾਬ ਦੇਣਗੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਸੰਸਦ 'ਚ ਕੁਲਭੂਸ਼ਣ ਜਾਧਵ ਮਾਮਲੇ ਨੂੰ ਲੈ ਕੇ ਜਵਾਬ ਦੇਣਗੇ। ਇਸ ਤੋਂ ਇਕ ਦਿਨ ਪਹਿਲਾਂ ਵਿਦੇਸ਼ ਮੰਤਰਾਲਾ ਨੇ ਕਿਹਾ ਕਿ, 'ਅਸੀਂ ਕੁਲਭੂਸ਼ਣ ਜਾਧਵ ਦੇ ਮਾਮਲੇ 'ਚ ਭਾਰਤ ਦੇ ਪੱਖ 'ਚ ਆਈ.ਸੀ.ਜੇ. ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। 15-1 ਨਾਲ ਭਾਰਤ ਦੇ ਪੱਖ 'ਚ ਆਏ ਫੈਸਲੇ ਨੇ ਇਸ ਦਾਅਵੇ ਨੂੰ ਹੋਰ ਮਜ਼ਬੂਤ ਕੀਤਾ ਹੈ ਕਿ ਪਾਕਿਸਤਾਨ ਨੇ ਵਿਅਨਾ ਕਨਵੈਂਸ਼ਨ 1963 ਦਾ ਕਈ ਵਾਰ ਉਲੰਘਣ ਕੀਤਾ ਹੈ।