ਫੂਲਕਾ ਅੱਜ ਈਮੇਲ ਰਾਹੀਂ ਸਪੀਕਰ ਨੂੰ ਭੇਜਣਗੇ ਅਸਤੀਫਾ (ਪੜ੍ਹੋ 12 ਅਕਤੂਬਰ ਦੀਆਂ ਖਾਸ ਖਬਰਾਂ)

10/12/2018 2:31:26 AM

ਜਲੰਧਰ (ਵੈਬ ਡੈਸਕ)— ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਦਲ ਨੇਤਾ ਤੇ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਐਲਾਨ ਕੀਤਾ ਹੈ ਕਿ ਉਹ ਅੱਜ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਫੂਲਕਾ ਨੇ ਕਿਹਾ ਹੈ ਕਿ ਉਹ ਅਸਤੀਫਾ ਖੁਦ ਆ ਕੇ ਸਪੀਕਰ ਨੂੰ ਸੌਂਪਣ ਦੀ ਬਜਾਏ ਈ-ਮੇਲ ਰਾਹੀਂ ਭੇਜਣਗੇ, ਜਦੋਂਕਿ ਭਾਰਤੀ ਚੋਣ ਕਮਿਸ਼ਨ ਨੂੰ ਨਵੀਂ ਦਿੱਲੀ 'ਚ ਖੁਦ ਜਾ ਕੇ ਅਸਤੀਫਾ ਸੌਂਪਣਗੇ। ਫੂਲਕਾ ਨੇ ਇਸ ਦੇ ਪਿੱਛੇ ਵਜ੍ਹਾ ਪੰਜਾਬ ਸਰਕਾਰ ਦੇ ਜਸਟਿਸ ਰਣਜੀਤ ਸਿੰਘ ਕਮਿਸ਼ਨ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੁਲਸ ਗੋਲੀਬਾਰੀ 'ਚ ਮਾਰੇ ਗਏ 2 ਨੌਜਵਾਨਾਂ ਦੇ ਮਾਮਲੇ 'ਚ ਪਾਏ ਗਏ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ 'ਚ ਢਿੱਲ ਵਰਤਣਾ ਦੱਸਿਆ ਹੈ।
ਇਸ ਦੇ ਨਾਲ ਹੀ ਆਓ ਤੁਹਾਨੂੰ ਦੱਸਦੇ ਹਾਂ 12 ਅਕਤੂਬਰ ਦੀਆਂ ਖਾਸ ਖਬਰਾਂ-

ਪੰਜਾਬ
ਪੰਜਾਬ 'ਚ ਕਾਟਨ ਦਾ ਕਾਰੋਬਾਰ ਕਰਨ ਵਾਲੀਆਂ ਮੰਡੀਆਂ 'ਚ ਹੜਤਾਲ


ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਦੇ ਨਾਦਰਸ਼ਾਹੀ ਨੀਤੀ ਦੇ ਖਿਲਾਫ਼ ਕਾਟਨ ਦਾ ਕਾਰੋਬਾਰ ਕਰਨ ਵਾਲੀਆਂ ਪੰਜਾਬ ਦੀਆਂ ਸਮੂਹ ਮੰਡੀਆਂ 'ਚ 12 ਅਕਤੂਬਰ ਨੂੰ ਇਕ ਦਿਨਾ ਸੰਕੇਤਿਕ ਹੜਤਾਲ ਕੀਤੀ ਜਾਵੇਗੀ।

ਰਾਸ਼ਟਰੀ
ਰਾਸ਼ਟਰਪਤੀ ਕੋਵਿੰਦ ਸੀ.ਆਈ.ਸੀ. ਸਲਾਨਾ ਸੰਮੇਲਨ ਕਰਨਗੇ ਸ਼ੁਰੂ


ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਕੇਂਦਰੀ ਸੂਚਨਾ ਕਮਿਸ਼ਨ ਦੇ ਸਲਾਨਾ ਸੰਮੇਲਨ ਦੀ ਸ਼ੁਰੂਆਤ ਕਰਨਗੇ। ਜਾਣਕਾਰੀ ਮੁਤਾਬਕ ਡਾਟਾ ਪ੍ਰਾਇਵੇਸੀ ਤੇ ਸੂਚਨਾ ਦਾ ਅਧਿਕਾਰ, ਆਰ.ਟੀ.ਆਈ. ਕਾਨੂੰਨ 'ਚ ਸੋਧ ਤੇ ਆਰ.ਟੀ.ਆਈ. ਕਾਨੂੰਨ ਦੇ ਲਾਗੂ ਹੋਣ 'ਤੇ 13ਵੇਂ ਸਲਾਨਾ ਸੰਮੇਲਨ ਦਾ ਟੀਚਾ ਬਿਹਤਰ ਸ਼ਾਸਨ ਲਈ ਪਾਰਦਰਸ਼ਿਤਾ ਤੇ ਜਵਾਬਦੇਹੀ ਲਈ ਸੁਝਾਵਾਂ ਦੀ ਸਿਫਾਰਿਸ਼ ਕਰਨਾ ਹੈ।

ਪੀ.ਐੱਮ. ਮੋਦੀ NHRC ਦੇ ਸਥਾਪਨਾ ਦਿਵਸ ਦੇ ਸਿਲਵਰ ਜੁਬਲੀ ਸਮਾਰੋਹ 'ਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਵਿਖੇ ਅੱਜ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ.ਐੱਚ.ਆਰ.ਸੀ.) ਦੇ ਸਿਲਵਰ ਜੁਬਲੀ ਸਮਾਰੋਹ 'ਚ ਹਿੱਸਾ ਲੈਣਗੇ। ਇਸ ਮੌਕੇ ਉਹ ਇੱਕ ਡਾਕ ਟਿਕਟ ਅਤੇ ਵਿਸ਼ੇਸ਼ ਕਵਰ ਵੀ ਜਾਰੀ ਕਰਨਗੇ। ਉਹ ਐੱਨ.ਐੱਚ.ਆਰ.ਸੀ. ਦੀ ਵੈੱਬਸਾਈਟ ਦੇ ਨਵੇਂ ਸੰਸਕਰਣ ਨੂੰ ਵੀ ਸ਼ੁਰੂ ਕਰਨਗੇ।

ਰਾਹੁਲ ਗਾਂਧੀ ਛੱਤੀਸਗੜ੍ਹ ਦੌਰੇ 'ਤੇ

ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅੱਜ ਛੱਤੀਸਗੜ੍ਹ ਦੌਰੇ 'ਤੇ ਜਾਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਸਭ ਤੋਂ ਪਹਿਲਾਂ ਰਾਜਨਾਂਦ ਪਿੰਡ ਦੇ ਡੋਂਗਰਗੜ੍ਹ ਮੰਦਰ ਜਾ ਕੇ ਮਾਂ ਬਮਲੇਸ਼ਵਰੀ ਦੀ ਪੂਜਾ ਕਰਨਗੇ। ਜਿਸ ਤੋਂ ਬਾਅਦ ਮੁੱਖ ਮੰਤਰੀ ਦੇ ਵਿਧਾਨ ਸਭਾ ਖੇਤਰ ਰਾਜਗਨਾਂਦ ਪਿੰਡ 'ਚ ਰਾਹੁਲ ਗਾਂਧੀ ਦਾ ਰੋਡ ਸ਼ੋਅ ਹੋਵੇਗਾ। ਇਸ ਦੇ ਨਾਲ ਹੀ ਰਾਹੁਲ ਗਾਂਧੀ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ ਅਤੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਲਈ ਉਨ੍ਹਾਂ ਦਾ ਸਮਰਥਨ ਮੰਗਣਗੇ।

ਏਮਜ਼ ਗਠਜੋੜ ਦੇ ਸਾਥੀਆਂ ਨਾਲ ਮੁਲਾਕਾਤ ਕਰਨਗੇ ਪਾਰੀਕਰ

ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਆਪਣੀ ਸਰਕਾਰ ਦੇ ਸਹਿਯੋਗੀਆਂ ਨਾਲ ਅੱਜ ਦਿੱਲੀ ਦੇ ਏਮਜ਼ ਹਸਪਤਾਲ 'ਚ ਮੁਲਾਕਾਤ ਕਰਨਗੇ। ਪਾਰੀਕਰ ਫਿਲਹਾਲ ਏਮਜ਼ ਹਸਪਤਾਲ 'ਚ ਦਾਖਲ ਹਨ। ਜਾਣਕਾਰੀ ਮੁਤਾਬਕ ਪਾਰੀਕਰ ਇਸ ਬੈਠਕ ਦੌਰਾਨ ਸੂਬੇ ਦੇ ਸ਼ਾਸਨ ਸਬੰਧਿਤ ਮੁੱਦਿਆਂ 'ਤੇ ਚਰਚਾ ਕਰਨਗੇ।

ਕਾਂਗਰਸ 18 ਉਮੀਦਵਾਰਾਂ ਦੀ ਸੂਚੀ ਕਰੇਗੀ ਜਾਰੀ

ਛੱਤੀਸਗੜ੍ਹ ਕਾਂਗਰਸ ਅੱਜ ਪਹਿਲੇ ਪੜਾਅ 'ਚ ਹੋਣ ਵਾਲੇ ਚੋਣ ਲਈ 18 ਉਮੀਦਵਾਰਾਂ ਦੀ ਸੂਚੀ ਜਾਰੀ ਕਰੇਗੀ। ਛੱਤੀਸਗੜ੍ਹ ਕਾਂਗਰਸ ਦੀ ਚੋਣ ਮੁਹਿੰਮ ਕਮੇਟੀ ਦੇ ਪ੍ਰਧਾਨ ਚਰਣਦਾਸ ਮਹੰਤ ਨੇ ਸਾਫ ਸੰਕੇਤ ਦਿੱਤੇ ਹਨ ਕਿ ਦਿੱਲੀ 'ਚ ਸਕਰੀਨਿੰਗ ਕਮੇਟੀ ਦੀ ਬੈਠਕ 'ਚ ਬੁੱਧਵਾਰ ਨੂੰ ਸਾਰੀਆਂ ਸੀਟਾਂ ਦੇ ਨਾਂਵਾਂ 'ਤੇ ਆਖਰੀ ਸਹਿਮਤੀ ਬਣ ਜਾਵੇਗੀ।

ਵਪਾਰ
ਬਜਟ ਪ੍ਰਕਿਰਿਆ ਸ਼ੁਰੂ ਕਰੇਗੀ ਮੋਦੀ ਸਰਕਾਰ


ਵਿੱਤ ਮੰਤਰਾਲਾ ਵਿੱਤ ਸਾਲ 2019-20 ਦੇ ਬਜਟ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦੇ ਤਹਿਤ ਵਿੱਤ ਮੰਤਰਾਲਾ ਇਸਪਾਤ, ਬਿਜਲੀ ਤੇ ਰਿਹਾਇਸ਼ ਤੇ ਸ਼ਹਿਰੀ ਵਿਕਾਸ ਮੰਤਰਾਲਾ ਨਾਲ ਪਹਿਲੀ ਬੈਠਕ ਕਰੇਗਾ। ਇਸ ਬੈਠਕ 'ਚ ਚਾਲੂ ਵਿੱਤ ਸਾਲ ਦੇ ਸੋਧ ਖਰਚੇ ਤੇ ਅਗਲੇ ਵਿੱਤ ਸਾਲ ਦੇ ਅੰਦਾਜੇ ਨੂੰ ਆਖਰੀ ਰੂਪ ਦਿੱਤਾ ਜਾਵੇਗਾ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਦੂਜਾ ਟੈਸਟ, ਪਹਿਲਾ ਦਿਨ)
ਪ੍ਰੋ ਕਬੱਡੀ ਲੀਗ-2018 — ਹਰਿਆਣਾ ਬਨਾਮ ਗੁਜਰਾਤ ਤੇ ਪੁਣੇ ਬਨਾਮ ਦਿੱਲੀ
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਜ਼ਿੰਬਾਬਵੇ (ਦੂਜਾ ਟੀ20)