ਨਕਲਚੀਆਂ ਖਿਲਾਫ ਪੜ੍ਹੋ ਸਿੱਖਿਆ ਵਿਭਾਗ ਦੀਆਂ ਕੀ ਹਨ ਤਿਆਰੀਆਂ

02/19/2019 8:44:35 PM

ਲੁਧਿਆਣਾ, (ਵਿੱਕੀ)-ਪਾਰਦਰਸ਼ੀ ਢੰਗ ਨਾਲ 12ਵੀਂ ਅਤੇ 10ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਕਰਵਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਨੇ ਕਮਰ ਕਸ ਲਈ ਹੈ। ਇਸ ਲਡ਼ੀ ਵਿਚ ਜਿਥੇ ਬੋਰਡ ਨੇ ਪਿਛਲੇ ਦਿਨੀਂ ਸਾਰਿਆਂ ਐਫੀਲੇਟਿਡ ਸਕੂਲਾਂ ਦੇ ਪ੍ਰੀਖਿਆ ਕੇਂਦਰਾਂ ’ਚ ਸੀ.ਸੀ.ਟੀ.ਵੀ. ਕੈਮਰੇ ਲਵਾਉਣ ਦੇ ਨਿਰਦੇਸ਼ ਸਕੂਲ ਸੰਚਾਲਕਾਂ ਨੂੰ ਦਿੱਤੇ ਸਨ, ਉਥੇ ਸੂਬੇ ਦੇ ਵੱਖ-ਵੱਖ 22 ਜ਼ਿਲਿਆਂ ਵਿਚ 203 ਪ੍ਰੀਖਿਆ ਕੇਂਦਰਾਂ ਨੂੰ ਸੰਵੇਦਨਸ਼ੀਲ ਕਰਾਰ ਦਿੰਦੇ ਹੋਏ ਲਿਸਟ ਵੀ ਤਿਆਰ ਕੀਤੀ ਹੈ। ਹੁਣ ਇਹ ਪਤਾ ਨਹੀਂ ਚੱਲ ਸਕਿਆ ਕਿ ਬੋਰਡ ਨੇ ਇਨ੍ਹਾਂ ਵਿਚੋਂ ਕਿੰਨੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਪ੍ਰੀਖਿਆ ਕੇਂਦਰਾਂ ਨੂੰ ਸੰਵੇਦਨਸ਼ੀਲ ਦੀ ਸੂਚੀ ’ਚ ਸ਼ਾਮਲ ਕੀਤਾ ਹੈ।

ਹਾਲਾਂਕਿ ਬੋਰਡ ਵੱਲੋਂ ਪਹਿਲਾਂ ਤੋਂ ਤਿਆਰ ਕੀਤੀ ਗਈ ਲਿਸਟ ਵਿਚ 178 ਸੰਵੇਦਨਸ਼ੀਲ ਪ੍ਰੀਖਿਆ ਕੇਂਦਰਾਂ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਇਨ੍ਹਾਂ ਵਿਚ ਬਾਅਦ ਵਿਚ ਤਰਨਤਾਰਨ ਤੋਂ 25 ਹੋਰ ਪ੍ਰੀਖਿਆ ਕੇਂਦਰ ਸ਼ਾਮਲ ਕਰ ਲਏ ਗਏ ਹਨ। ਪੀ.ਐੱਸ.ਈ.ਬੀ. ਵੱਲੋਂ ਬਣਾਏ ਗਏ ਇਨ੍ਹਾਂ ਸੰਵੇਦਨਸ਼ੀਲ ਪ੍ਰੀਖਿਆ ਕੇਂਦਰਾਂ ’ਤੇ ਬੋਰਡ ਅਤੇ ਸਬੰਧਤ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਖਾਸ ਨਜ਼ਰ ਰਹੇਗੀ ਤਾਂ ਜੋ ਸ਼ਰਾਰਤੀ ਅਨਸਰਾਂ ਵੱਲੋਂ ਨਕਲ ਵਰਗੀਆਂ ਘਟਨਾਵਾਂ ਨੂੰ ਅੰਜਾਮ ਨਾ ਦਿੱਤਾ ਜਾ ਸਕੇ।

ਇਹ ਰਹੇਗਾ ਪ੍ਰੀਖਿਆਵਾਂ ਦਾ ਸ਼ੈਡਿਊਲ

ਜਾਣਕਾਰੀ ਮੁਤਾਬਕ ਪੀ. ਐੱਸ. ਈ. ਬੀ. 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ 1 ਮਾਰਚ ਤੋਂ ਸ਼ੁਰੂ ਹੋ ਕੇ 1 ਅਪ੍ਰੈਲ ਤੱਕ ਚੱਲਣਗੀਆਂ। ਉਥੇ 10ਵੀਂ ਦੀ ਪ੍ਰੀਖਿਆ 15 ਮਾਰਚ ਤੋਂ ਸ਼ੁਰੂ ਹੋ ਕੇ 2 ਅਪ੍ਰੈਲ ਤੱਕ ਚੱਲੇਗੀ। ਬੋਰਡ ਵੱਲੋਂ ਸਾਰੇ ਜ਼ਿਲਿਆਂ ਦੇ ਵੱਖ-ਵੱਖ ਐਫੀਲੇਟਿਡ ਅਤੇ ਸਰਕਾਰੀ ਸਕੂਲਾਂ ’ਚ 2500 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿਚ 12ਵੀਂ ਦੀਆਂ ਪ੍ਰੀਖਿਆਵਾਂ ਦੁਪਹਿਰ 2 ਤੋਂ ਸ਼ਾਮ 5.15 ਵਜੇ ਤੱਕ ਹੋਣਗੀਆਂ ਜਦਕਿ 10ਵੀਂ ਦੀਆਂ ਪ੍ਰੀਖਿਆਵਾਂ ਸਵੇਰੇ 10 ਤੋਂ ਦੁਪਹਿਰ 1.15 ਵਜੇ ਤੱਕ ਚੱਲਣਗੀਆਂ।

ਤਰਨਤਾਰਨ ਜ਼ਿਲੇ 30 ਸੰਵੇਦਨਸ਼ੀਲ ਕੇਂਦਰ

ਪੀ.ਐੱਸ.ਈ.ਬੀ. ਵੱਲੋਂ ਤਿਆਰ ਕੀਤੀ ਗਈ ਇਸ ਲਿਸਟ ਵਿਚ ਜ਼ਿਆਦਾ ਸੰਵੇਦਨਸ਼ੀਲ ਪ੍ਰੀਖਿਆ ਕੇਂਦਰ ਤਰਨਤਾਰਨ ਦੇ 30 ਹਨ ਜਦਕਿ ਇਸ ਤੋਂ ਬਾਅਦ ਐੱਸ. ਏ. ਐੱਸ. ਨਗਰ ਦੇ 20, ਲੁਧਿਆਣਾ ਦੇ 18, ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ 14, ਜਲੰਧਰ ਅਤੇ ਸਿੱਖਿਆ ਮੰਤਰੀ ਦੇ ਸ਼ਹਿਰ ਅੰਮ੍ਰਿਤਸਰ ਦੇ 12-12, ਫਾਜ਼ਿਲਕਾ ਅਤੇ ਸੰਗਰੂਰ ਦੇ 11-11 ਪ੍ਰੀਖਿਆ ਕੇਂਦਰ ਸ਼ਾਮਲ ਹਨ ਜਿਨ੍ਹਾਂ ’ਤੇ ਪ੍ਰੀਖਿਆਵਾਂ ਦੌਰਾਨ ਬੋਰਡ ਦੀ ਵਿਸ਼ੇਸ਼ ਨਜ਼ਰ ਰਹੇਗੀ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਤਰਨਤਾਰਨ ਜ਼ਿਲੇ ਵਿਚ ਬਣਾਏ ਗਏ ਕੁਲ 116 ਪ੍ਰੀਖਿਆ ਕੇਂਦਰਾਂ ’ਚੋਂ 30 ਨੂੰ ਸੰਵੇਦਨਸ਼ੀਲ ਦੀ ਸੂਚੀ ਵਿਚ ਰੱਖਿਆ ਗਿਆ ਹੈ।

ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣਾ ਹੀ ਬੋਰਡ ਦੀ ਪਹਿਲ

ਸੁਖਵਿੰਦਰ ਕੌਰ ਸਰੋਆ, ਕੰਟਰੋਲਰ ਐਗਜ਼ਾਮੀਨੇਸ਼ਨ, ਪੀ.ਐੱਸ.ਈ.ਬੀ. ਨੇ ਦੱਸਿਆ ਕਿ ਜ਼ਿਆਦਾਤਰ ਓਪਨ ਸਕੂਲਾਂ ਦੇ ਪ੍ਰੀਖਿਆ ਕੇਂਦਰਾਂ ਤੋਂ ਇਲਾਵਾ ਉਨ੍ਹਾਂ ਪ੍ਰੀਖਿਆਵਾਂ ਕੇਂਦਰਾਂ ਨੂੰ ਵੀ ਸੰਵੇਦਨਸ਼ੀਲ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਪਿਛਲੇ ਸਾਲ ਦੌਰਾਨ ਹੋਈਆਂ ਪ੍ਰੀਖਿਆਵਾਂ ’ਚ ਨਕਲ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਡੀ.ਈ.ਓਜ਼ ਵੱਲੋਂ ਲਿਖ ਕੇ ਭੇਜੇ ਗਏ ਕਈ ਪ੍ਰੀਖਿਆ ਕੇਂਦਰਾਂ ਨੂੰ ਸੈਂਸਟਿਵ ਸੈਂਟਰ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਪਹਿਲੀ ਲਿਸਟ ਵਿਚ ਤਰਨਤਾਰਨ ਦੇ 5 ਪ੍ਰੀਖਿਆ ਕੇਂਦਰ ਸ਼ਾਮਲ ਕੀਤੇ ਗਏ ਸਨ ਪਰ ਹੁਣ ਉਨ੍ਹਾਂ ਦੀ ਗਿਣਤੀ 30 ਤੱਕ ਪੁੱਜ ਗਈ ਹੈ। ਹੁਣ ਵੀ ਚੈੱਕ ਕੀਤਾ ਜਾ ਰਿਹਾ ਹੈ, ਜੇਕਰ ਕਿਸੇ ਹੋਰ ਜ਼ਿਲੇ ਵਿਚ ਅਤੇ ਸੰਵੇਦਨਸ਼ੀਲ ਪ੍ਰੀਖਿਆ ਕੇਂਦਰ ਬਣਾਉਣੇ ਪਏ ਤਾਂ ਜ਼ਰੂਰ ਬਣਾਏ ਜਾਣਗੇ। ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣਾ ਹੀ ਬੋਰਡ ਦੀ ਪਹਿਲ ਹੈ।

ਜਾਣੋ, ਕਿਹੜੇ ਜ਼ਿਲੇ ਚ ਕਿੰਨੇ ਸੰਵੇਦਨਸ਼ੀਲ ਪ੍ਰੀਖਿਆ ਕੇਂਦਰ

  ਜ਼ਿਲਾ ਕੁਲ ਕੇਂਦਰ ਸੰਵੇਦਨਸ਼ੀਲ ਕੇਂਦਰ
1 ਅੰਮ੍ਰਿਤਸਰ  241 12
2 ਬਠਿੰਡਾ 112 11
3 ਬਰਨਾਲਾ 50 2
4 ਫਰੀਦਕੋਟ 56 4
5 ਫਤਿਹਗਡ਼੍ਹ ਸਾਹਿਬ 55 4
6 ਫਾਜ਼ਿਲਕਾ 102 11
7 ਫਿਰੋਜ਼ਪੁਰ  89 6
8 ਗੁਰਦਾਸਪੁਰ 180 5
9 ਹੁਸ਼ਿਆਰਪੁਰ 153 9
10 ਜਲੰਧਰ 191 12
11 ਕਪੂਰਥਲਾ 69 7
12 ਲੁਧਿਆਣਾ 265 18
13 ਮਾਨਸਾ 79 5
14 ਮੋਗਾ 96 4
15 ਸ੍ਰੀ ਮੁਕਤਸਰ ਸਾਹਿਬ 78 7
16 ਐੱਸ.ਬੀ.ਐੱਸ. ਨਗਰ (ਨਵਾਂ ਸ਼ਹਿਰ) 52 3
17 ਪਠਾਨਕੋਟ 75 1
18 ਪਟਿਆਲਾ 155 14
19 ਰੂਪ ਨਗਰ 65 5
20 ਐੱਸ. ਐੱਸ. ਨਗਰ (ਮੋਹਾਲੀ) 69 20
21 ਸੰਗਰੂਰ 136 11
22 ਤਰਨਤਾਰਨ 116 30

 

Arun chopra

This news is Content Editor Arun chopra