ਰਜ਼ੀਆ ਸੁਲਤਾਨਾ ਵੱਲੋਂ ਜਲ ਸਪਲਾਈ ਦੇ ਸਾਰੇ ਪ੍ਰਾਜੈਕਟ ਸਮਾਂਬੱਧ ਪੂਰੇ ਕਰਨ ਦੇ ਨਿਰਦੇਸ਼

01/22/2021 4:25:21 PM

ਚੰਡੀਗੜ੍ਹ : ਪੰਜਾਬ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਪਿੰਡਾਂ ਨੂੰ ਸਾਫ਼ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਚੱਲ ਰਹੇ ਸਾਰੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਰਜ਼ੀਆ ਸੁਲਤਾਨਾ ਨੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਪਾਣੀ ਦੀ ਕੁਆਲਿਟੀ ਦਾ ਪੱਧਰ ਉੱਚਾ ਚੁੱਕਣ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ।

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਕਿਹਾ ਕਿ ਪੀਣ ਵਾਲਾ ਸਾਫ਼ ਪਾਣੀ ਮਨੁੱਖੀ ਜ਼ਿੰਦਗੀ ਦਾ ਆਧਾਰ ਹੈ ਅਤੇ ਲੋਕਾਂ ਦੀ ਸਿਹਤ ਨਾਲ ਜੁੜਿਆ ਮਸਲਾ ਹੈ, ਇਸ ਲਈ ਜਿੱਥੇ ਪਾਣੀ ਦੀ ਕੁਆਲਿਟੀ ਦਾ ਪੱਧਰ ਉੱਚਾ ਹੋਵੇ, ਉੱਥੇ ਹੀ ਜਲ ਸਪਲਾਈ ਕਰਨ ਵਾਲੀਆਂ ਥਾਂਵਾਂ ‘ਤੇ ਵੀ ਸਾਫ-ਸਫਾਈ ਨੂੰ ਤਵੱਜੋਂ ਦਿੱਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਭਰ 'ਚ ਜਿੰਨੇ ਵੀ ਪ੍ਰਾਜੈਕਟ ਚੱਲ ਰਹੇ ਹਨ, ਉਨ੍ਹਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਕੇਂਦਰ ਸਰਕਾਰ, ਨਿਰਮਾਤਾ ਕੰਪਨੀਆਂ ਅਤੇ ਫੰਡ ਮੁਹੱਈਆ ਕਰਵਾਉਣ ਵਾਲੀਆਂ ਏਜੰਸੀਆਂ ਖ਼ਾਸ ਤੌਰ ‘ਤੇ ਵਿਸ਼ਵ ਬੈਂਕ ਅਤੇ ਨਾਬਾਰਡ ਨਾਲ ਪੂਰਾ ਤਾਲਮੇਲ ਰੱਖਿਆ ਜਾਵੇ।

ਕਾਬਿਲੇਗੌਰ ਹੈ ਕਿ ਸਾਲ-2021 ਦੀ ਇਹ ਪਹਿਲੀ ਸਮੀਖਿਆ ਮੀਟਿੰਗ ਸੀ ਅਤੇ ਜਲ ਸਪਲਾਈ ਮੰਤਰੀ ਨੇ ਕਿਹਾ ਕਿ ਉਹ ਹੁਣ ਹਰ ਮਹੀਨੇ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਿਆ ਕਰਨਗੇ ਤਾਂ ਜੋ ਸਾਰੇ ਪ੍ਰਾਜੈਕਟਾਂ ਸਬੰਧੀ ਜਾਣਿਆ ਜਾ ਸਕੇ। ਇਸ ਮੌਕੇ ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਫਿਰੋਜ਼ਪੁਰ, ਫਾਜ਼ਿਲਕਾ ਅਤੇ ਅਬੋਹਰ ਦੇ ਇਲਾਕੇ 'ਚ ਸ਼ੁਰੂ ਹੋਣ ਵਾਲੇ ਨਹਿਰੀ ਪਾਣੀ ਆਧਾਰਿਤ ਪ੍ਰਾਜੈਕਟ ਜਲਦ ਤਿਆਰ ਕੀਤੇ ਜਾ ਰਹੇ ਹਨ। ਫਿਰੋਜ਼ਪੁਰ ਵਾਲੇ ਪ੍ਰਾਜੈਕਟ (12 ਐਮ. ਐਲ. ਡੀ.) ਨਾਲ ਇਲਾਕੇ ਦੇ 93 ਪਿੰਡਾਂ, ਫਾਜ਼ਿਲਕਾ ਵਾਲੇ ਪ੍ਰਾਜੈਕਟ (34 ਐਮ. ਐਲ. ਡੀ.) ਨਾਲ 205 ਪਿੰਡਾਂ ਅਤੇ ਅਬੋਹਰ (63 ਐਮ. ਐਲ. ਡੀ.) ਵਾਲੇ ਪ੍ਰਾਜੈਕਟ ਨਾਲ 115 ਪਿੰਡਾਂ ਨੂੰ ਲਾਭ ਪੁੱਜੇਗਾ।

ਇਸ ਤੋਂ ਪਹਿਲਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੂੰ ਮੋਗਾ, ਪਟਿਆਲਾ, ਫਤਹਿਗੜ੍ਹ ਸਾਹਿਬ, ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਖੇ ਨਹਿਰੀ ਪਾਣੀ ਆਧਾਰਿਤ 11 ਪ੍ਰਾਜੈਕਟਾਂ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ ਗਈ। ਇਨ੍ਹਾਂ ਪ੍ਰਾਜੈਕਟਾਂ ਦੇ ਮੁਕੰਮਲ ਹੋ ਜਾਣ ਤੋਂ ਬਾਅਦ ਇਨ੍ਹਾਂ ਜ਼ਿਲ੍ਹਿਆਂ ਦੇ ਉਨ੍ਹਾਂ ਪਿੰਡਾਂ ਨੂੰ ਸ਼ੁੱਧ ਪਾਣੀ ਮਿਲੇਗਾ, ਜਿਨ੍ਹਾਂ 'ਚ ਯੂਰੇਨੀਅਮ, ਫਲੋਰਾਇਡ ਅਤੇ ਆਰਸੈਨਿਕ ਦੀ ਸਮੱਸਿਆ ਹੈ। ਜਲ ਜੀਵਨ ਮਿਸ਼ਨ ਤਹਿਤ ਚੱਲ ਰਹੇ ਪ੍ਰਾਜੈਕਟ ਬਾਰੇ ਵੀ ਮੰਤਰੀ ਨੂੰ ਦੱਸਿਆ ਗਿਆ।  

Babita

This news is Content Editor Babita