ਟਰਾਂਸਪੋਰਟ ਵਿਭਾਗ ਵਲੋਂ ''ਈ-ਚਲਾਨ'' ਮਸ਼ੀਨਾਂ ਖਰੀਦਣ ਦਾ ਫੈਸਲਾ

08/14/2019 10:01:11 AM

ਚੰਡੀਗੜ੍ਹ (ਸ਼ਰਮਾ) : ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਠੱਲ੍ਹ ਪਾਉਣ ਅਤੇ ਵਾਹਨ ਚਾਲਕਾਂ ਦਰਮਿਆਨ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਮੱਦੇਨਜ਼ਰ ਟਰਾਂਸਪੋਰਟ ਵਿਭਾਗ ਨੇ ਈ-ਚਲਾਨ ਮਸ਼ੀਨਾਂ ਖਰੀਦਣ ਦਾ ਫੈਸਲਾ ਕੀਤਾ ਹੈ, ਜੋ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਮੌਕੇ 'ਤੇ ਚਲਾਨ ਕਰਨ ਲਈ ਪੁਲਸ ਨੂੰ ਮੁੱਹਈਆ ਕਰਵਾਈਆਂਜਾਣਗੀਆਂ। ਇਹ ਜਾਣਕਾਰੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਪੰਜਾਬ ਭਵਨ, ਚੰਡੀਗੜ੍ਹ ਵਿਖੇ ਪੰਜਾਬ ਸੜਕ ਸੁਰੱÎਖਿਆ ਕੌਂਸਲ ਦੀ 6ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਜਲਦ ਹੀ ਰੋਡ ਸੇਫਟੀ ਸਕੱਤਰੇਤ ਦੀ ਸਥਾਪਨਾ ਕੀਤੀ ਜਾਏਗੀ, ਜਿਸ ਦਾ ਪ੍ਰਬੰਧ ਸੜਕ ਸੁਰੱਖਿਆ ਮਾਹਿਰ ਕਰਨਗੇ।

ਇਹ ਸਕੱਤਰੇਤ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸੂਬੇ ਦੀਆਂ ਮੁੱਖ ਸੜਕਾਂ 'ਤੇ ਵਾਹਨਾਂ ਦੀ ਆਵਾਜਾਈ 'ਤੇ ਨਜ਼ਰ ਰੱਖੇਗਾ। ਇਥੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਇਹ ਈ-ਚਲਾਨ ਮਸ਼ੀਨਾਂ ਵਾਇਰਲੈੱਸ ਬਲੂਟੁਥ, ਸਟੇਸ਼ਨਰੀ ਅਤੇ ਪ੍ਰਿੰਟਰ ਦੇ ਨਾਲ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਵਧੇਰੇ ਦੁਰਘਟਨਾਵਾਂ ਵਾਲੀਆਂ 200 ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਗਈ ਹੈ। ਟ੍ਰਾਂਸਪੋਰਟ ਵਿਭਾਗ ਵਲੋਂ 20 ਲੱਖ ਤੋਂ 30 ਲੱਖ ਰੁਪਏ ਹਰੇਕ ਥਾਂ 'ਤੇ ਖਰਚ ਕਰਕੇ ਪੜਾਅਵਾਰ ਢੰਗ ਨਾਲ ਇਨ੍ਹਾਂ ਥਾਵਾਂ ਦਾ ਸੁਧਾਰ ਕੀਤਾ ਜਾਵੇਗਾ। ਟ੍ਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀਆਂ ਸਖਤ ਹਦਾਇਤਾਂ ਕੀਤੀਆਂ ਕਿ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ 'ਚ ਓਵਰਲੋਡਿਡ ਵਾਹਨਾਂ ਦੇ ਆਉਣ-ਜਾਣ ਨੂੰ ਰੋਕਣ ਲਈ ਭਾਰ ਤੋਲਣ ਵਾਲੀਆਂ ਮਸ਼ੀਨਾਂ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਕ ਓਵਰਲੋਡਿਡ ਵਾਹਨ ਦਾ ਚਲਾਨ ਹੋ ਗਿਆ ਤਾਂ ਉਸ ਵਾਹਨ ਨੂੰ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ।

ਪ੍ਰਮੁੱਖ ਸਕੱਤਰ, ਟਰਾਂਸਪੋਰਟ ਕੇ. ਸਿਵਾ ਪ੍ਰਸਾਦ ਨੇ ਮੰਤਰੀ ਨੂੰ ਦੱਸਿਆ ਕਿ ਖੂਨ 'ਚ ਅਲਕੋਹਲ ਦੇ ਪੱਧਰ ਦੀ ਜਾਂਚ ਕਰਨ ਲਈ 195 ਸਾਹ ਦੀ ਜਾਂਚ ਕਰਨ ਵਾਲੀਆਂ ਮਸ਼ੀਨਾਂ ਖਰੀਦੀਆਂ ਗਈਆਂ। ਇਸੇ ਤਰ੍ਹਾਂ 56 ਸਪੀਡ ਗੰਨਾਂ ਖਰੀਦਣ ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਟ੍ਰਾਂਸਪੋਰਟ ਮੰਤਰੀ ਨੇ ਏ. ਡੀ. ਜੀ. ਪੀ. ਡਾ. ਸ਼ਰਦ ਚੌਹਾਨ ਨੂੰ ਸਿਹਤ ਵਿਭਾਗ ਨਾਲ ਵੀ ਤਾਲਮੇਲ ਕਰਨ ਦੀ ਹਦਾਇਤ ਕੀਤੀ, ਜੋ ਸੜਕ ਹਾਦਸਿਆਂ 'ਚ ਪੀੜਤ ਵਿਅਕਤੀ ਨੂੰ ਐਮਰਜੈਂਸੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ ਹਾਈਵੇਅ 'ਤੇ 108 ਐਂਬੂਲੈਂਸ ਸੇਵਾ ਪ੍ਰਦਾਨ ਕਰ ਰਹੀ ਹੈ।

Babita

This news is Content Editor Babita