ਮਾਸੂਮ ਬੱਚੀਆਂ ਨਾਲ ਹੋਈ ਦਰਿੰਦਗੀ ਮਨੁੱਖਤਾ ਲਈ ਮਾਰੂ : ਰਜ਼ੀਆ ਸੁਲਤਾਨਾ

04/16/2018 11:00:05 AM

ਮਾਲੇਰਕੋਟਲਾ (ਜ਼ਹੂਰ)-ਮਾਲੇਰਕੋਟਲਾ ਹਾਊਸ ਵਿਖੇ ਅੱਜ ਇਲਾਕੇ ਦੀਆਂ 17 ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਦਿੰਦਿਆਂ ਪੰਜਾਬ ਦੇ ਲੋਕ ਨਿਰਮਾਣ ਅਤੇ ਸਮਾਜਕ ਸੁਰੱਖਿਆ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੇ ਜੰਮੂ-ਕਸ਼ਮੀਰ ਦੇ ਕਠੂਆ ਅਤੇ ਯੂ. ਪੀ. ਦੇ ਓਨਾਵ ਵਿਚ ਮਾਸੂਮ ਬੱਚੀਆਂ ਨਾਲ ਹੋਈ ਦਰਿੰਦਗੀ ਨੂੰ ਮਨੁੱਖਤਾ ਲਈ ਖਤਰਨਾਕ ਦੱਸਿਆ ਤੇ ਕਿਹਾ ਕਿ ਅਜਿਹੇ ਘਿਨੌਣੇ ਜ਼ੁਲਮ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਵਹਿਸ਼ੀ ਬੱਚੀਆਂ ਨਾਲ ਕੁਕਰਮ ਕਰਨ ਦੀ ਸੋਚ ਵੀ ਨਾ ਸਕੇ।
ਮੈਡਮ ਸੁਲਤਾਨਾ ਨੇ ਬਜ਼ੁਰਗਾਂ, ਵਿਧਵਾਵਾਂ ਤੇ ਅੰਗਹੀਣਾਂ ਦੀਆਂ ਪੈਨਸ਼ਨਾਂ ਸਬੰਧੀ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੈਨਸ਼ਨਾਂ ਸਬੰਧੀ ਇਨਕਲਾਬੀ ਫੈਸਲੇ ਲਏ ਗਏ ਹਨ ਅਤੇ ਇਨ੍ਹਾਂ ਫੈਸਲਿਆਂ ਨਾਲ ਉਹ ਹਜ਼ਾਰਾਂ ਗਰੀਬ ਬਜ਼ੁਰਗ ਅਤੇ ਹੋਰ ਲੋੜਵੰਦ ਸਰਕਾਰ ਦੀਆਂ ਪੈਨਸ਼ਨਾਂ ਦੇ ਹੱਕਦਾਰ ਬਣ ਗਏ ਹਨ, ਜਿਨ੍ਹਾਂ ਨੂੰ ਵੱਧ ਆਮਦਨ ਜਾਂ ਵਧੇਰੇ ਜ਼ਮੀਨ ਮਾਲਕੀ ਦੀਆਂ ਸ਼ਰਤਾਂ ਕਾਰਨ ਹੁਣ ਤੱਕ ਪੈਨਸ਼ਨਾਂ ਦੇਣ ਤੋਂ ਵਾਂਝੇ ਰੱਖਿਆ ਹੋਇਆ ਸੀ। ਮੈਡਮ ਰਜ਼ੀਆ ਅਨੁਸਾਰ ਹੁਣ 5 ਏਕੜ ਤੱਕ ਬਰਾਨੀ ਤੇ ਸੇਮ ਪ੍ਰਭਾਵਿਤ ਜਾਂ ਢਾਈ ਏਕੜ ਤੱਕ ਵਾਹੀ ਜ਼ਮੀਨ ਦੇ ਮਾਲਕ ਬਜ਼ੁਰਗਾਂ ਨੂੰ ਵੀ ਸਰਕਾਰ ਵੱਲੋਂ ਪੈਨਸ਼ਨ ਦਿੱਤੀ ਜਾਵੇਗੀ ਅਤੇ ਪੈਨਸ਼ਨ ਦਾ ਲਾਭ ਲੈਣ ਵਾਲਿਆਂ ਲਈ ਸਰਕਾਰ ਨੇ 24 ਹਜ਼ਾਰ ਰੁਪਏ ਸਾਲਾਨਾ ਆਮਦਨ ਦੀ ਹੱਦ ਵਧਾ ਕੇ ਹੁਣ 60 ਹਜ਼ਾਰ ਰੁਪਏ ਸਾਲਾਨਾ ਕਰ ਦਿੱਤੀ ਹੈ । ਇਸ ਲਈ ਲਾਭਪਾਤਰੀ ਨੂੰ ਸਿਰਫ ਇਕ ਸਵੈ ਘੋਸ਼ਣਾ ਪੱਤਰ ਹੀ ਦੇਣਾ ਪਵੇਗਾ।
ਇਸ ਮੌਕੇ ਮੈਡਮ ਰਜ਼ੀਆ ਸੁਲਤਾਨਾ ਦੇ ਪੀ. ਏ. ਦਰਬਾਰਾ ਸਿੰਘ, ਮੁਹੰਮਦ ਤਾਰਿਕ, ਨਗਰ ਕੌਂਸਲ ਦੇ ਪ੍ਰਧਾਨ ਮੁਹੰਮਦ ਇਕਬਾਲ ਫੌਜੀ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਕੌਂਸਲਰ ਫਾਰੂਕ ਅਨਸਾਰੀ, ਪੰਜਾਬ ਵਕਫ ਬੋਰਡ ਦੇ ਮੈਂਬਰ ਐਡਵੋਕੇਟ ਇਜ਼ਾਜ ਆਲਮ, ਚੇਅਰਮੈਨ ਮੁਹੰਮਦ ਰਸ਼ੀਦ ਖਿਲਜੀ, ਸੀ. ਡੀ. ਪੀ. ਓ. ਮਾਲੇਰਕੋਟਲਾ-1 ਪਵਨ ਕੁਮਾਰ, ਸੀ. ਡੀ. ਪੀ. ਓ. ਮਾਲੇਰਕੋਟਲਾ-2 ਬਹਾਦਰ ਸਿੰਘ, ਹਾਜ਼ਰ ਸਨ।