ਰੇਜ਼ ਵੈੱਲਫੇਅਰ ਸੁਸਾਇਟੀ ਨੇ ਕੈਂਡਲ ਮਾਰਚ ਕੱਢਿਆ

09/13/2017 6:30:52 AM

ਅੰਮ੍ਰਿਤਸਰ,   (ਵਾਲੀਆ)-   ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੇ 7 ਸਾਲਾ ਵਿਦਿਆਰਥੀ ਪ੍ਰਦੁਮਣ ਦੀ ਹੱਤਿਆ ਦੇ ਵਿਰੋਧ ਅਤੇ ਉਸ ਨੂੰ ਸ਼ਰਧਾਂਜਲੀ ਦੇਣ ਤੇ ਸਕੂਲਾਂ ਦੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਰੇਜ਼ ਵੈੱਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਸੁਮਿਤ ਸ਼ਰਮਾ ਦੀ ਅਗਵਾਈ 'ਚ ਮਜੀਠਾ ਰੋਡ ਵਿਖੇ ਕੈਂਡਲ ਮਾਰਚ ਕੱਢਿਆ ਗਿਆ।
ਇਸ ਮੌਕੇ ਸੁਮਿਤ ਸ਼ਰਮਾ ਤੇ ਸਿਧਾਰਥ ਨਾਰੰਗ ਨੇ ਕਿਹਾ ਕਿ ਸਰਕਾਰ ਨੂੰ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਚਿਤ ਕਦਮ ਉਠਾਉਣੇ ਚਾਹੀਦੇ ਹਨ ਅਤੇ ਇਸ ਦੇ ਲਈ ਸਕੂਲ ਪ੍ਰਬੰਧਕਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਅਤੇ ਕਾਨੂੰਨ ਦਾ ਪਾਲਣ ਨਾ ਕਰਨ ਵਾਲੇ ਅਤੇ ਸੁਰੱਖਿਆ ਮਾਮਦੰਡਾਂ 'ਤੇ ਖਰਾ ਨਾ ਉਤਰਨ ਵਾਲੇ ਸਕੂਲਾਂ ਦੀ ਮਾਨਤਾ ਤੁਰੰਤ ਰੱਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਦੇਖਿਆ ਗਿਆ ਹੈ ਕਿ ਸਕੂਲਾਂ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਕੋਈ ਯੋਗ ਕਦਮ ਨਹੀਂ ਉਠਾਉਂਦੇ ਅਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਕੈਂਡਲ ਮਾਰਚ ਕੱਢਦਿਆਂ ਬੱਚੇ ਪ੍ਰਦੁਮਣ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਪ੍ਰੈੱਸ ਸਕੱਤਰ ਸਿਧਾਰਥ ਨਾਰੰਗ, ਸੁਸਾਇਟੀ ਦੇ ਮੀਤ ਪ੍ਰਧਾਨ ਸ਼ਿਵਮ ਸ਼ਰਮਾ, ਜਨਰਲ ਸਕੱਤਰ ਅੰਕੁਰ ਕੁਮਾਰ, ਸੰਯੋਜਕ ਅਰੁਣ ਸ਼ਰਮਾ, ਸਲਾਹਕਾਰ ਮੋਹਿਤ ਸਿੰਘ, ਖਜ਼ਾਨਚੀ ਸੰਜੀਵ ਰਾਣਾ, ਸਕੱਤਰ ਸਿਧਾਰਥ ਭਾਰਦਵਾਜ, ਸੰਯੁਕਤ ਸਕੱਤਰ ਨਵਦੀਪ ਸ਼ਰਮਾ ਆਦਿ ਹਾਜ਼ਰ ਸਨ।