ਰਵਨੀਤ ਬਿੱਟੂ ਨੂੰ ਸੋਨੀਆ ਗਾਂਧੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ, ਲੋਕ ਸਭਾ ’ਚ ਪਾਰਟੀ ਵਿਪ੍ਹ ਕੀਤਾ ਨਿਯੁਕਤ

08/28/2020 1:20:13 AM

ਚੰਡੀਗੜ੍ਹ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਲੋਕਸਭਾ 'ਚ ਰਵਨੀਤ ਸਿੰਘ ਬਿੱਟੂ ਨੂੰ ਕਾਂਗਰਸ ਪਾਰਟੀ ਵਿਪ੍ਹ ਵਜੋਂ ਨਾਮਜ਼ਦ ਕੀਤਾ ਹੈ। ਵੀਰਵਾਰ ਨੂੰ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਲੋਕਸਭਾ 'ਚ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕਾਂਗਰਸ ਪ੍ਰਧਾਨ ਵਲੋਂ ਰਵਨੀਤ ਬਿੱਟੂ ਨੂੰ ਲੋਕ ਸਭਾ 'ਚ ਪਾਰਟੀ ਵਿਪ੍ਹ ਨਿਯੁਕਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗੌਰਵ ਗੋਗੋਈ ਨੂੰ ਕਾਂਗਰਸ ਦਾ ਉਪ ਨੇਤਾ ਬਣਾਇਆ ਗਿਆ ਹੈ।
ਫਿਲਹਾਲ ਅਧੀਰ ਰੰਜਨ ਚੌਧਰੀ ਲੋਕਸਭਾ 'ਚ ਕਾਂਗਰਸ ਦੇ ਆਗੂ ਹਨ, ਜਦਕਿ ਕੇ. ਸੁਰੇਸ਼ ਮੁੱਖ ਵਿਪ੍ਹ ਹਨ। ਗੋਗੋਈ ਪਹਿਲਾਂ ਵਿਪ੍ਹ ਦੀ ਭੂਮਿਕਾ 'ਚ ਸਨ। ਇਸ ਦੇ ਇਲਾਵਾ ਮਣੀਕਮ ਟੈਗੋਰ ਵੀ ਵਿਪ੍ਹ ਰਹਿ ਚੁਕੇ ਹਨ। ਕਾਂਗਰਸ ਨੇ 14 ਸਤੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਇਹ ਨਿਯੁਕਤੀਆਂ ਕੀਤੀਆਂ ਹਨ। ਪਾਰਟੀ ਨੇ ਹੁਣ ਤਕ ਲੋਕਸਭਾ 'ਚ ਆਪਣਾ ਉਪ ਨੇਤਾ ਨਿਯੁਕਤ ਨਹੀਂ ਕੀਤਾ ਸੀ।
ਦੱਸਣਯੋਗ ਹੈ ਕਿ ਗੋਗੋਈ ਆਸਾਮ ਦੇ ਰਹਿਣ ਵਾਲੇ ਹਨ, ਜਿਥੇ ਅਗਲੇ ਸਾਲ ਦੇ ਸ਼ੁਰੂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਗੋਗੋਈ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ ਪੁੱਤਰ ਹੈ।

 


Deepak Kumar

Content Editor

Related News