ਰਵਨੀਤ ਬਿੱਟੂ ਤੋਂ ਬਾਅਦ ਵਿਧਾਇਕ ਕੁਲਬੀਰ ਜ਼ੀਰਾ ਦਾ ਸਿੰਘੂ ਸਰਹੱਦ ’ਤੇ ਵਿਰੋਧ, ਲੱਥੀ ਪੱਗ

01/24/2021 9:25:29 PM

ਨਵੀਂ ਦਿੱਲੀ : ਸਿੰਘੂ ਸਰਹੱਦ ’ਤੇ ਕਿਸਾਨਾਂ ਵਲੋਂ ਸੱਦੀ ਗਈ ਜਨਸੰਸਦ ’ਚ ਪਹੁੰਚੇ ਕਾਂਗਰਸੀ ਐੱਮ. ਪੀ. ਰਵਨੀਤ ਬਿੱਟੂ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਵੀ ਕੁੱਝ ਕਿਸਾਨਾਂ ਵਲੋਂ ਤਿੱਖਾ ਵਿਰੋਧ ਕੀਤਾ ਗਿਆ। ਇਥੇ ਹੀ ਬਸ ਨਹੀਂ ਵਿਧਾਇਕ ਜ਼ੀਰਾ ਨਾਲ ਧੱਕਾ-ਮੁੱਕੀ ਵਿਚ ਉਨ੍ਹਾਂ ਦੀ ਪੱਗ ਵੀ ਉਤਰ ਗਈ। ਦਰਅਸਲ ਕਾਂਗਰਸੀ ਆਗੂ ਸਿੰਘੂ ਬਾਰਡਰ ਸਥਿਤ ਗੁਰੂ ਤੇਗ ਬਹਾਦਰ ਵਾਰ ਮੈਮੋਰੀਅਲ ਹਾਲ ਵਿਚ ਕਿਸਾਨਾਂ ਵਲੋਂ ਸੱਦੇ ਗਏ ਜਨ ਸੰਸਦ ਵਿਚ ਸ਼ਮੂਲੀਅਤ ਕਰਨ ਆਏ ਸਨ।

ਇਹ ਵੀ ਪੜ੍ਹੋ : ਲਾੜੇ ਨੇ ਇੰਝ ਕੀਤਾ ਕਿਸਾਨਾਂ ਦਾ ਸਮਰਥਨ ਦੇਖਦੇ ਰਹਿ ਗਏ ਲੋਕ, ਅੱਗੋਂ ਪਰਿਵਾਰ ਨੇ ਵੀ ਕਰ 'ਤਾ ਵੱਡਾ ਐਲਾਨ

ਇਸ ਦੌਰਾਨ ਕਿਸਾਨਾਂ ਵਲੋਂ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ ਗਿਆ, ਇਸ ਦੌਰਾਨ ਰਵਨੀਤ ਬਿੱਟੂ ਨਾਲ ਧੱਕਾ ਮੁੱਕੀ ਕਰਦੇ ਹੋਏ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਬਾਅਦ ਵਿਚ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਨਾਲ ਵੀ ਕਿਸਾਨਾਂ ਨੇ ਵਿਰੋਧ ਕਰਦੇ ਹੋਏ ਹੱਥੋ ਪਾਈ ਕੀਤੀ। ਇਸ ਹੱਥੋਪਾਈ ਵਿਚ ਵਿਧਾਇਕ ਜ਼ੀਰਾ ਦੀ ਪੱਗ ਵੀ ਲੱਥ ਗਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕਿਸਾਨੀ ਅੰਦੋਲਨ 'ਚ ਸ਼ਾਮਲ ਇਕ ਹੋਰ ਕਿਸਾਨ ਨੇ ਨਿਗਲਿਆ ਜ਼ਹਿਰ

ਕਿਸਾਨਾਂ ਦੇ ਵਿਰੋਧ ਹੋਣ ਤੋਂ ਬਾਅਦ ਕਾਂਗਰਸੀ ਆਗੂ ਉਥੋਂ ਵਾਪਸ ਆਪਣੇ ਧਰਨੇ ਵਾਲੀ ਥਾਂ ’ਤੇ ਚਲੇ ਗਏ। ਇਥੇ ਇਹ ਖ਼ਾਸ ਤੌਰ ’ਤੇ ਦੱਸਣਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਤੋਂ ਇਲਾਵਾ ਕਾਂਗਰਸ ਦੇ ਹੋਰ ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ ਵਲੋਂ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੰਤਰ-ਮੰਤਰ ’ਤੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਇਕ ਵਾਰ ਦਿੱਲੀ ਪੁਲਸ ਵਲੋਂ ਉਨ੍ਹਾਂ ਦੇ ਧਰਨੇ ਨੂੰ ਜ਼ਬਰਨ ਚੁੱਕ ਵੀ ਦਿੱਤਾ ਗਿਆ ਸੀ ਪਰ ਇਸ ਤੋਂ ਬਾਅਦ ਫਿਰ ਕਾਂਗਰਸੀ ਆਗੂ ਧਰਨੇ ਵਾਲੀ ਥਾਂ ’ਤੇ ਡਟ ਗਏ। ਕਾਂਗਰਸੀਆਂ ਦਾ ਆਖਣਾ ਹੈ ਕਿ ਜਦੋਂ ਤਕ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।

ਇਹ ਵੀ ਪੜ੍ਹੋ : ਟਰੈਕਟਰ ਪਰੇਡ ਨੂੰ ਲੈ ਕੇ ਕੀ ਹੈ ਕਿਸਾਨਾਂ ਦਾ ਮਾਸਟਰ ਪਲਾਨ, ਗੁਰਨਾਮ ਚਢੂਨੀ ਨੇ ਆਖੀਆਂ ਵੱਡੀਆਂ ਗੱਲਾਂ

ਨੋਟ- ਕੀ ਕਿਸਾਨਾਂ ਵਲੋਂ ਕੀਤੀ ਗਈ ਇਸ ਕਾਰਵਾਈ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh