ਰਵਨੀਤ ਬਿੱਟੂ ਦਾ ਅਕਾਲੀ ਦਲ ''ਤੇ ਪਲਟਵਾਰ ਕਿਹਾ, ਆਪਣੇ ਕਾਰਜਕਾਲ ''ਚ ਲੁਧਿਆਣਾ-ਦਿੱਲੀ ਫਲਾਈਟ ਕਿਉਂ ਨਹੀਂ ਸ਼ੁਰੂ ਕਰਵਾ ਸਕੇ ਅਕਾਲੀ

Monday, Sep 04, 2017 - 08:46 AM (IST)

ਲੁਧਿਆਣਾ (ਬਹਿਲ) — ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ 2017 ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਅਕਾਲੀ-ਭਾਜਪਾ ਗੱਠਜੋੜ ਦਾ ਰਿਪੋਰਟ ਕਾਰਡ ਦੇਖ ਕੇ ਹੀ ਉਨ੍ਹਾਂ ਨੂੰ ਨਕਾਰਿਆ ਸੀ, ਜਿਸ ਪਾਰਟੀ ਜਾਂ ਲੀਡਰਸ਼ਿਪ ਦਾ ਆਪਣਾ ਰਿਪੋਰਟ ਕਾਰਡ ਜ਼ੀਰੋ ਹੈ, ਉਹ ਭਲਾ ਲੋਕਾਂ ਵੱਲੋਂ ਜਤਾਏ ਨੇਤਾਵਾਂ ਨੂੰ ਆਪਣਾ ਰਿਪੋਰਟ ਕਾਰਡ ਦਿਖਾਉਣ ਦੀ ਨਸੀਹਤ ਕਿਵੇਂ ਦੇ ਸਕਦਾ ਹੈ।
ਐੱਮ. ਪੀ. ਬਿੱਟੂ ਨੇ ਕਿਹਾ ਕਿ ਜਿਨ੍ਹਾਂ ਅਕਾਲੀ ਲੀਡਰਾਂ ਦਾ ਆਪਣਾ ਰਿਕਾਰਡ ਕਈ ਵਾਰ ਹਾਰਨ ਦਾ ਹੈ, ਉਹ ਅਜਿਹੇ ਬਿਆਨ ਜਾਰੀ ਕਰਨ ਤੋਂ ਪਹਿਲਾਂ ਖੁਦ ਦੀ ਜਾਂਚ ਕਰਨ। ਲੋਕਾਂ ਵੱਲੋਂ ਨਕਾਰਨ ਦੀ ਵਜ੍ਹਾ ਨਾਲ ਚੋਣਾਂ ਵਿਚ ਉਨ੍ਹਾਂÎ ਨੂੰ ਤੀਸਰੇ ਦਰਜੇ ਦੀ ਪਾਰਟੀ ਬਣਨਾ ਪਿਆ ਹੈ। ਜਦ ਕਿ ਕਾਂਗਰਸ ਸਰਕਾਰ ਨੇ ਪੂਰਨ ਬਹੁਮਤ ਹਾਸਲ ਕੀਤਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਸਾਹਨੇਵਾਲ ਏਅਰਪੋਰਟ ਤੋਂ ਕਾਫੀ ਸਮਾਂ ਪਹਿਲਾਂ ਉਡਾਣਾਂ ਸ਼ੁਰੂ ਹੋ ਜਾਣੀਆਂ ਸਨ ਪਰ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਇਸ ਸਬੰਧੀ ਐਗਰੀਮੈਂਟ ਸਾਈਨ ਕਰਨ ਵਿਚ ਉਤਸ਼ਾਹ ਨਹੀਂ ਦਿਖਾਇਆ, ਜਿਸ ਤਹਿਤ ਘਾਟੇ ਵਾਲੀਆਂ ਉਡਾਣਾਂ ਦੇ ਨੁਕਸਾਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਵੱਲੋਂ ਲਈ ਜਾਣੀ ਸੀ।
ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਜ੍ਹਾ ਨਾਲ ਸਾਹਨੇਵਾਲ ਏਅਰਪੋਰਟ ਤੋਂ ਚੱਲ ਰਹੀਆਂ ਉਡਾਣਾਂ ਬੰਦ ਕਰਵਾ ਕੇ ਬਠਿੰਡਾ ਤੋਂ ਫਲਾਈਟ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹੁਣ ਕਾਂਗਰਸ ਸਰਕਾਰ ਨੇ ਸੱਤਾ ਸੰਭਾਲਣ ਦੇ ਨਾਲ ਹੀ ਲੁਧਿਆਣਾ-ਦਿੱਲੀ ਫਲਾਈਟ ਸ਼ੁਰੂ ਕਰਵਾ ਕੇ ਸਾਹਨੇਵਾਲ ਏਅਰਪੋਰਟ ਨੂੰ ਦੁਬਾਰਾ ਏਅਰ ਮੈਪ 'ਤੇ ਲਿਆਂਦਾ ਹੈ। ਅਕਾਲੀ ਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ। 
ਬਿੱਟੂ ਨੇ ਅਕਾਲੀ ਲੀਡਰਸ਼ਿਪ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਇਸ ਸੱਚਾਈ ਨੂੰ ਸਵੀਕਾਰ ਕਰਨ ਕਿ ਜਨਤਾ ਨੇ ਉਨ੍ਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਉਹ ਹੁਣ ਪੰਜਾਬ ਸਰਕਾਰ ਨੂੰ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦੇਣ।


Related News