ਬੀਬਾ ਬਾਦਲ ਦੇ ਟਵੀਟ ''ਤੇ ਰਵਨੀਤ ਬਿੱਟੂ ਦਾ ਤਿੱਖਾ ਵਿਅੰਗ, ਇੰਝ ਦਿੱਤਾ ਜਵਾਬ

07/27/2021 1:20:44 PM

ਚੰਡੀਗੜ੍ਹ (ਟੱਕਰ) : ਖੇਤੀਬਾੜੀ ਕਾਲੇ ਕਾਨੂੰਨ ਦੇ ਵਿਰੋਧ ਵਿਚ ਸੰਸਦ ਦੇ ਬਾਹਰ ਬੀਤੇ ਦਿਨ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਪਾਰਟੀ ਦੇ ਐੱਮ. ਪੀਜ਼ ਅਤੇ ਰਾਜ ਸਭਾ ਮੈਂਬਰਾਂ ਨਾਲ ਟਰੈਕਟਰ ’ਤੇ ਪਹੁੰਚੇ ਅਤੇ ਬਿੱਲਾਂ ਖ਼ਿਲਾਫ਼ ਰੋਸ ਪ੍ਰਗਟਾਵਾ ਕੀਤਾ। ਕਾਂਗਰਸ ਦੇ ਇਸ ਪ੍ਰਦਰਸ਼ਨ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਐੱਮ. ਪੀ. ਬੀਬੀ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ ਦੀ ਟਰੈਕਟਰ ਵਾਲੀ ਤਸਵੀਰ ’ਤੇ ਟਵੀਟ ਕਰਦਿਆਂ ਕਿਹਾ ਕਿ ਜਦੋਂ ਸੰਸਦ ਵਿਚ ਖੇਤੀਬਾੜੀ ਕਾਲੇ ਕਾਨੂੰਨ ਖ਼ਿਲਾਫ਼ ਵੋਟਾਂ ਪੈ ਰਹੀਆਂ ਸਨ ਤਾਂ ਉਸ ਸਮੇਂ ਤੁਸੀਂ ਭੱਜ ਗਏ ਸੀ ਅਤੇ ਜਦੋਂ ਬਹਿਸ ਹੋ ਰਹੀ ਤਾਂ ਉਸ ਸਮੇਂ ਵੀ ਤੁਸੀਂ ਵਾਪਸ ਨਹੀਂ ਆਏ।

ਇਹ ਵੀ ਪੜ੍ਹੋ : ਕਾਂਗਰਸੀ ਸਰਪੰਚਣੀ ਦਾ ਪਤੀ ਜਿਊਂਦਾ ਮਿਲਿਆ, ਨਹਿਰ 'ਚ ਛਾਲ ਮਾਰਨ ਦੀ ਵੀਡੀਓ ਹੋਈ ਸੀ ਵਾਇਰਲ

ਬੀਬੀ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਤੁਹਾਡੀ ਕਾਂਗਰਸ ਪਾਰਟੀ ਨੇ ਵੀ ਚੋਣ ਮੈਨੀਫੈਸਟੋ ਵਿਚ ਖੇਤੀਬਾੜੀ ਤਿੰਨ ਕਾਨੂੰਨ ਲਾਗੂ ਕਰਨ ਦੀ ਗੱਲ ਆਖੀ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਲਾਗੂ ਕਰ ਦਿੱਤਾ ਸੀ ਅਤੇ ਤੁਸੀਂ ਸੋਚਦੇ ਹੋ ਕਿ ਕਿਸਾਨ ਮੂਰਖ ਹਨ। ਬੀਬੀ ਬਾਦਲ ਦੇ ਇਸ ਟਵੀਟ ’ਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੀ ਟਰੈਕਟਰ ਵਾਲੀ ਤਸਵੀਰ ਸਾਂਝੀ ਕੀਤੀ ਅਤੇ ਦੂਸਰਾ ਅਸੀਂ ਤਾਂ ਸ਼ੁਰੂ ਤੋਂ ਹੀ ਸੰਸਦ ਵਿਚ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਰਹੇ ਹਾਂ ਪਰ ਤੁਹਾਨੂੰ ਅਸੀਂ ਇਸ ਲਈ ਨਹੀਂ ਦਿਖਾਈ ਦਿੱਤੇ ਕਿਉਂਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਖੇਤੀਬਾੜੀ ਮੰਤਰੀ ਤੋਮਰ ਦੇ ਵਿਚਕਾਰ ਵਾਲੀ ਕੁਰਸੀ ’ਤੇ ਬੈਠ ਕੇ ਇਹ ਕਾਨੂੰਨ ਬਣੇ ਰਹੇ ਸੀ।

ਇਹ ਵੀ ਪੜ੍ਹੋ : ਘਰੇਲੂ ਗੈਸ ਖ਼ਪਤਕਾਰਾਂ ਲਈ ਚੰਗੀ ਖ਼ਬਰ, 100 ਜ਼ਿਲ੍ਹਿਆਂ 'ਚ ਸ਼ੁਰੂ ਹੋਈ ਇਹ ਸੇਵਾ

ਦੱਸਣਯੋਗ ਹੈ ਕਿ ਦੇਸ਼ ਵਿਚ ਜਦੋਂ ਤੋਂ ਕੇਂਦਰ ਸਰਕਾਰ ਨੇ ਖੇਤੀਬਾੜੀ ਕਾਲੇ ਕਾਨੂੰਨ ਪਾਸ ਕੀਤੇ ਹਨ, ਉਸ ਤੋਂ ਬਾਅਦ ਹੀ ਪੰਜਾਬ ਵਿਚ ਸਿਆਸਤ ਗਰਮਾਈ ਹੋਈ ਹੈ ਅਤੇ ਕਾਂਗਰਸ ਤੇ ਅਕਾਲੀ ਦਲ ਇੱਕ-ਦੂਜੇ ਉੱਪਰ ਦੂਸ਼ਣਬਾਜ਼ੀ ਕਰਦੇ ਆ ਰਹੇ ਹਨ ਕਿ ਇਹ ਕਾਨੂੰਨ ਲਾਗੂ ਕਰਵਾਉਣ ਵਿਚ ਉਨ੍ਹਾਂ ਦਾ ਯੋਗਦਾਨ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita