​​​​​​​ਐੱਨ.ਆਈ.ਏ. ਨੇ ਕੈਨੇਡੀਅਨ ਅਤੇ ਸ਼ੇਰਾ ਨੂੰ ਲਿਆ ਪ੍ਰੋਡਕਸ਼ਨ ਵਾਰੰਟ ''ਤੇ

Tuesday, Dec 19, 2017 - 01:02 AM (IST)

​​​​​​​ਐੱਨ.ਆਈ.ਏ. ਨੇ ਕੈਨੇਡੀਅਨ ਅਤੇ ਸ਼ੇਰਾ ਨੂੰ ਲਿਆ ਪ੍ਰੋਡਕਸ਼ਨ ਵਾਰੰਟ ''ਤੇ

ਮੋਹਾਲੀ (ਕੁਲਦੀਪ)— ਆਰ. ਐੱਸ. ਐੱਸ. ਨੇਤਾ ਰਵਿੰਦਰ ਗੋਸਾਈਂ ਕਤਲ ਕੇਸ ਦੇ ਮੁਲਜ਼ਮਾਂ ਰਮਨਦੀਪ ਸਿੰਘ ਕੈਨੇਡੀਅਨ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਐੱਨ. ਆਈ. ਏ. ਨੇ ਹੁਣ ਖੰਨਾ ਦੇ ਪਿੰਡ ਜਗੇੜਾ ਵਿਚ ਡੇਰਾ ਪ੍ਰੇਮੀ ਪਿਤਾ-ਪੁੱਤਰ ਕਤਲ ਕੇਸ ਵਿਚ ਪੁੱਛਗਿਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲੈ ਲਿਆ ਹੈ। ਅੱਜ ਦੋਵਾਂ ਮੁਲਜ਼ਮਾਂ ਨੂੰ ਮੋਹਾਲੀ ਸਥਿਤ ਐੱਨ. ਆਈ. ਏ. ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਮਾਣਯੋਗ ਅਦਾਲਤ ਨੇ ਦੋਵਾਂ ਨੂੰ 3 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। 
ਜ਼ਿਕਰਯੋਗ ਹੈ ਕਿ ਖੰਨਾ ਦੇ ਪਿੰਡ ਜਗੇੜਾ ਵਿਚ 26 ਫਰਵਰੀ ਨੂੰ ਕਰੀਬ 65 ਸਾਲ ਦੇ ਸੱਤਪਾਲ ਕੁਮਾਰ ਅਤੇ ਉਸ ਦੇ ਪੁੱਤਰ ਰਮੇਸ਼ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਨਾਮ ਚਰਚਾ ਘਰ ਦੀ ਕੰਟੀਨ ਕੋਲ ਖੜ੍ਹੇ ਸਨ। ਐੱਨ. ਆਈ. ਏ. ਕੋਲ ਰਵਿੰਦਰ ਗੋਸਾਈਂ ਕਤਲ ਕੇਸ ਦੀ ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਇਸ ਕਤਲ ਕੇਸ ਵਿਚ ਆਪਣੀ ਸ਼ਮੂਲੀਅਤ ਮੰਨੀ ਸੀ। ਉਸ ਤੋਂ ਬਾਅਦ ਦੋਵੇਂ ਮੁਲਜ਼ਮ ਖੰਨਾ ਪੁਲਸ ਕੋਲ ਰਿਮਾਂਡ 'ਤੇ ਚੱਲ ਰਹੇ ਸਨ। ਹੁਣ ਜਗੇੜਾ ਵਾਲਾ ਕਤਲ ਕੇਸ 'ਚ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 3 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।  
ਇਹ ਵੀ ਗੱਲ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐੱਨ. ਆਈ. ਏ. ਗੈਂਗਸਟਰ ਧਰਮਿੰਦਰ ਗੁਗਨੀ ਤੋਂ ਵੀ ਪੁੱਛਗਿਛ ਕਰ ਚੁੱਕੀ ਹੈ। ਮੁਲਜ਼ਮਾਂ ਤੋਂ ਪੁੱਛਗਿਛ ਵਿਚ ਬੜੇ ਅਹਿਮ ਖੁਲਾਸੇ ਹੋ ਰਹੇ ਹਨ ਤੇ ਐੱਨ. ਆਈ. ਏ. ਸਾਰੇ ਮਾਮਲਿਆਂ ਦੀ ਬੜੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।


Related News