RSS ਆਗੂ ਰਵਿੰਦਰ ਗੌਸਾਈ ਦੇ ਕਤਲ ਦੇ ਮਾਮਲੇ ਨੂੰ NIA ਦੇ ਹਵਾਲੇ ਕਰਨ ਸੰਬੰਧੀ ਫੈਸਲਾ ਸਹੀ : ਰਵਨੀਤ ਬਿੱਟੂ

10/20/2017 3:41:38 PM

ਲੁਧਿਆਣਾ (ਨਰਿੰਦਰ ਮਹਿੰਦਰੂ) — ਲੁਧਿਆਣਾ ਤੋਂ ਕਾਂਗਰਸੀ ਵਿਧਾਇਕ ਸੰਸਦ ਰਵਨੀਤ ਸਿੰਘ ਬਿੱਟੂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਆਰ.ਐੱਸ. ਐੱਸ. ਆਗੂ ਰਵਿੰਦਰ ਗੋਸਾਈ ਦੇ ਕਤਲ ਦੇ ਮਾਮਲੇ ਨੂੰ ਐੱਨ. ਆਈ. ਏ. ਦੇ ਹਵਾਲੇ ਕਰਨ ਸੰਬੰਧੀ ਫੈਸਲੇ ਨੂੰ ਸਹੀ ਕਰਾਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਕਤਲ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ, ਹਾਲਾਂਕਿ ਜਾਂਚ 'ਚ ਸਾਰੀਆਂ ਏਜੰਸੀਆਂ ਦਾ ਸਹਿਯੋਗ ਜ਼ਰੂਰੀ ਹੈ।
ਬਿੱਟੂ ਲੁਧਿਆਣਾ ਦੇ ਗੁਰੂ ਨਾਨਕ ਭਵਨ 'ਚ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਵਸ ਮੌਕੇ ਆਯੋਜਿਤ ਸੂਬਾ ਪੱਧਰੀ ਸਮਾਗਮ 'ਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਵਿਰੋਧੀਆਂ ਵਲੋਂ ਸਰਕਾਰ ਦੇ ਕਿਸਾਨਾਂ ਦਾ ਕਰਜ਼ ਮੁਆਫ ਕਰਨ ਦੇ ਫੈਸਲੇ ਨੂੰ ਲਾਲੀਪਾਪ ਦੱਸਣ 'ਤੇ ਬਿੱਟੂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਖੁਦ ਕਿਸਾਨਾਂ ਨੂੰ ਝੂਠੇ ਲਾਰਿਆਂ ਦਾ ਲਾਲੀਪਾਪ ਦੇ ਕੇ ਲੋਕਾਂ ਨੂੰ ਧੋਖਾ ਦਿੰਦੇ ਰਹੇ ਹਨ, ਜਦ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਜੋ ਕਿਸਾਨਾਂ ਨਾਲ ਵਾਅਦਾ ਕੀਤਾ ਸੀ, ਉਹ 9500 ਕਰੋੜ ਰੁਪਏ ਦੀ ਕਰਜ਼ ਮੁਆਫੀ ਦੇ ਕੇ ਪੂਰਾ ਕੀਤਾ ਹੈ।

ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਇਸ ਵਾਰ ਵੀ ਭਾਰੀ ਮਾਤਰਾ 'ਚ ਪਟਾਕੇ ਚਲੱਣ ਸੰਬੰਧੀ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਸ 'ਚ ਹੌਲੀ-ਹੌਲੀ ਕਮੀ ਆਵੇਗੀ ਤੇ ਇਸ ਵਾਰ ਆਮ ਤੌਰ ਦੇ ਮੁਕਾਬਲੇ ਘੱਟ ਪਟਾਕੇ ਚੱਲੇ ਹਨ।