ਹੁਸ਼ਿਆਰਪੁਰ ''ਚ ਕਰਫਿਊ ਵਰਗਾ ਮਾਹੌਲ, ਬੰਦ ਦਾ ਰਿਹਾ ਜ਼ਬਰਦਸਤ ਅਸਰ (ਤਸਵੀਰਾਂ)

08/13/2019 4:38:06 PM

ਹੁਸ਼ਿਆਰਪੁਰ (ਘੁੰਮਣ)— ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਮੰਦਰ ਨੂੰ ਤੋੜੇ ਜਾਣ ਦੇ ਸਬੰਧ 'ਚ ਰਵਿਦਾਸ ਭਾਈਚਾਰੇ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸਨੂੰ ਲੈ ਕੇ ਅੱਜ ਪੂਰੇ ਪੰਜਾਬ ਅੰਦਰ ਵੱਖ-ਵੱਖ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ, ਇਸੇ ਤਹਿਤ ਹੁਸ਼ਿਆਰਪੁਰ ਵਿਚ ਵੀ ਅੱਜ ਬੰਦ ਦਾ ਜ਼ਬਰਦਸਤ ਅਸਰ ਦੇਖਣ ਨੂੰ ਮਿਲਿਆ। ਜ਼ਿਲਾ ਪ੍ਰਸ਼ਾਸਨ ਵੱਲੋਂ ਅਹਿਤਿਆਤ ਵਜੋਂ ਜ਼ਿਲੇ ਭਰ ਦੀਆਂ ਸਿੱਖਿਆ ਸੰਸਥਾਵਾਂ ਪਹਿਲਾਂ ਹੀ ਬੰਦ ਰੱਖਣ ਦੇ ਆਦੇਸ਼ ਦੇ ਦਿੱਤੇ ਗਏ ਸਨ। ਵੱਖ-ਵੱਖ ਦਲਿਤ ਸੰਗਠਨਾਂ ਵੱਲੋਂ ਸ਼ਹਿਰ ਦੇ ਬਾਹਰਵਾਰ ਮੁੱਖ ਚੌਕਾਂ ਪ੍ਰਭਾਤ ਚੌਕ, ਜੱਸਾ ਸਿੰਘ ਰਾਮਗੜ੍ਹੀਆ ਚੌਕ, ਨਲੋਈਆਂ ਚੌਕ, ਚੰਡੀਗੜ੍ਹ ਬਾਈਪਾਸ, ਪੁਰਹੀਰਾਂ ਬਾਈਪਾਸ ਆਦਿ ਵਿਖੇ ਚੱਕਾ ਜਾਮ ਕਰਕੇ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ।

ਬੰਦ ਦੌਰਾਨ ਟਾਂਡਾ ਰੋਡ 'ਤੇ ਲੋਕਾਂ ਵੱਲੋਂ ਦਿੱਤੇ ਗਏ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਵਧੀਕੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਬਾ ਜੀ ਦੇ ਮੰਦਰ ਨੂੰ ਢਾਹ ਕੇ ਬਹੁਤ ਘਿਨਾਉਣੀ ਹਰਕਤ ਕੀਤੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਬੇਗਮਪੁਰਾ ਟਾਈਗਰ ਫੋਰਸ ਦੇ ਰਾਸ਼ਟਰੀ ਚੇਅਰਮੈਨ ਤਰਸੇਮ ਦੀਵਾਨਾ, ਕੌਮੀ ਪ੍ਰਧਾਨ ਅਸ਼ੋਕ ਸੱਲ੍ਹਣ, ਜਨਰਲ ਸਕੱਤਰ ਅਵਤਾਰ ਬਸੀ ਖਵਾਜੂ, ਤਾਰਾ ਚੰਦ, ਅਮਰਜੀਤ ਸੰਧੀ, ਜੁਝਾਰ ਸਿੰਘ, ਨਰੇਸ਼ ਬੱਧਣ, ਬੱਬੂ ਸਿੰਗੜੀਵਾਲਾ, ਨਿਤਿਸ਼ ਕੁਮਾਰ ਤੇ ਵੀਰਪਾਲ ਸਮੇਤ ਵੱਡੀ ਗਿਣਤੀ 'ਚ ਦਲਿਤ ਸੰਗਠਨਾਂ ਦੇ ਆਗੂ ਤੇ ਵਰਕਰ ਸ਼ਾਮਲ ਹੋਏ। ਸ਼ਹਿਰ 'ਚ ਰੋਸ ਮਾਰਚ ਵੀ ਕੱਢਿਆ ਗਿਆ। 

ਇਸ ਮੌਕੇ ਉਂਕਾਰ ਸਿੰਘ ਝੱਮਟ, ਮਨਿੰਦਰ ਸਿੰਘ ਸ਼ੇਰਪੁਰੀ ਤੇ ਹੋਰ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਮੰਦਿਰ ਨੂੰ ਢਾਹੇ ਜਾਣ ਦੀ ਘਿਨਾਉਣੀ ਹਰਕਤ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸਤੋਂ ਇਲਾਵਾ ਗਜ਼ਟਿਡ/ਨਾਨ ਗਜ਼ਟਿਡ ਐੱਸ. ਸੀ. ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਬਲਰਾਜ ਕੁਮਾਰ, ਤਹਿਸੀਲ ਪ੍ਰਧਾਨ ਡਾ. ਜਸਵੰਤ ਰਾਏ, ਜਨਰਲ ਸਕੱਤਰ ਜੋਧਾਮੱਲ ਅਤੇ ਜਰਨੈਲ ਸਿੰਘ ਸੀਕਰੀ ਆਦਿ ਦੀ ਅਗਵਾਈ 'ਚ ਫੈਡਰੇਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਕੋਰਟ ਰੋਡ 'ਤੇ ਗ੍ਰੀਨਵਿਊ ਪਾਰਕ ਦੇ ਕੋਲ ਰੋਸ ਰੈਲੀ ਕਰਕੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਸਨ। ਬੰਦ ਦੌਰਾਨ ਜ਼ਿਲੇ 'ਚ ਪੁਲਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਮੈਡੀਕਲ ਦੀਆਂ ਦੁਕਾਨਾਂ ਅਤੇ ਹਸਪਤਾਲ ਰਹੇ ਖੁੱਲ੍ਹੇ ਸ਼ਹਿਰ ਅੰਦਰ ਦਵਾਈਆਂ ਦੀਆਂ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ ਅਤੇ ਹਸਪਤਾਲ ਅਤੇ ਡਿਸਪੈਂਸਰੀਆਂ ਨੂੰ ਬੰਦ ਤੋਂ ਛੋਟ ਦਿੱਤੇ ਜਾਣ ਕਾਰਨ ਸਿਹਤ ਕੇਂਦਰਾਂ ਅਤੇ ਮੈਡੀਕਲ ਸਟੋਰਾਂ 'ਤੇ ਮਰੀਜਾਂ ਦਾ ਆਉਣਾ-ਜਾਣਾ ਬਣਿਆ ਰਿਹਾ।

shivani attri

This news is Content Editor shivani attri