ਰਾਸ਼ਨ ਘਪਲੇ ਦੇ ਮਾਮਲੇ ਨੂੰ ਲੈ ਕੇ ਮਨੋਰੰਜਨ ਕਾਲੀਆ ਦੀ ਮੋਦੀ ਨੂੰ ਚਿੱਠੀ, ਕੀਤੀ ਇਹ ਮੰਗ

08/01/2020 12:45:49 PM

ਜਲੰਧਰ (ਗੁਲਸ਼ਨ)— ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪੰਜਾਬ 'ਚ ਕੇਂਦਰ ਸਰਕਾਰ ਵੱਲੋਂ ਭੇਜੇ ਸਰਕਾਰੀ ਰਾਸ਼ਨ ਦੀ ਵੰਡ 'ਚ ਹੋਈਆਂ ਗੜਬੜੀਆਂ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਕਾਲੀਆ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਸਰਕਾਰ ਵੱਲੋਂ ਲੋੜਵੰਦਾਂ ਦੀ ਮਦਦ ਲਈ ਰਾਸ਼ਨ ਵੰਡਣਾ ਸ਼ੁਰੂ ਕੀਤਾ ਗਿਆ ਸੀ ਪਰ ਉਸ ਦੀ ਵੰਡ 'ਚ ਕਈ ਗੜਬੜੀਆਂ ਹੋਈਆਂ, ਜਿਸ ਕਾਰਨ ਸਰਕਾਰੀ ਅਨਾਜ ਲੋੜਵੰਦਾਂ ਤੱਕ ਨਹੀਂ ਪਹੁੰਚਿਆ। ਅੱਜ ਵੀ ਅਜਿਹੇ ਕਈ ਲੋਕ ਹਨ, ਜਿਹੜੇ ਅਜੇ ਤੱਕ ਸਰਕਾਰੀ ਰਾਸ਼ਨ ਤੋਂ ਵਾਂਝੇ ਹਨ।

ਇਹ ਵੀ ਪੜ੍ਹੋ: ਬਿਨਾਂ ਟੋਕਨ ਦੇ ਕੰਮ ਕਰਵਾਉਣ ਪਹੁੰਚੇ SHO 'ਤੇ ਭੜਕੀ ਬੀਬੀ ਨੇ ਸੁਣਾਈਆਂ ਖਰੀਆਂ-ਖਰੀਆਂ, ਵੀਡੀਓ ਵਾਇਰਲ

ਕਾਲੀਆ ਨੇ ਕਿਹਾ ਕਿ ਤਾਲਾਬੰਦੀ ਤੋਂ ਬਾਅਦ ਵੀ ਇਕ ਹੋਟਲ ਦੀ ਲਾਬੀ 'ਚੋਂ ਸਰਕਾਰੀ ਰਾਸ਼ਨ ਮਿਲਣਾ ਇਸ ਦੀ ਇਕ ਉਦਾਹਰਣ ਹੈ, ਜਦਕਿ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਇਕ ਚੈਨਲ 'ਤੇ ਲਾਈਵ ਡਿਬੇਟ ਦੌਰਾਨ ਦਾਅਵਾ ਕੀਤਾ ਸੀ ਕਿ ਸਰਕਾਰੀ ਰਾਸ਼ਨ ਪੂਰੀ ਤਰ੍ਹਾਂ ਵੰਡਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਰਾਸ਼ਨ ਲਈ ਫੂਡ ਸਪਲਾਈ ਮਹਿਕਮੇ ਨੂੰ ਨੋਡਲ ਏਜੰਸੀ ਨਿਯੁਕਤ ਕੀਤਾ ਗਿਆ ਹੈ। ਰਾਸ਼ਨ ਵੰਡਣ ਦੀ ਜ਼ਿੰਮੇਵਾਰੀ ਵੀ ਮਹਿਕਮੇ ਦੇ ਅਧਿਕਾਰੀਆਂ ਦੀ ਹੈ ਪਰ ਕਾਂਗਰਸੀ ਆਗੂ ਇਸ ਨੂੰ ਸਿਰਫ ਆਪਣੇ ਚਹੇਤਿਆਂ ਨੂੰ ਵੰਡ ਰਹੇ ਹਨ।

​​​​​​​ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਦਿਲਬਾਗ ਪਤੀਸੇ ਵਾਲਿਆਂ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ

ਕਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 70725 ਮੀਟਰਿਕ ਟਨ ਅਨਾਜ ਅਤੇ 10 ਹਜ਼ਾਰ ਮੀਟਰਿਕ ਟਨ ਦਾਲਾਂ ਪੰਜਾਬ ਨੂੰ ਭੇਜੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ 24.69 ਲੱਖ ਰਾਸ਼ਨ ਦੇ ਪੈਕੇਟ ਵੰਡੇ ਜਾਣ ਦਾ ਰਿਕਾਰਡ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਦਿੱਤਾ ਹੈ, ਜਦਕਿ ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਕੰਟਰੋਲ ਰੂਮ ਕੋਲ ਇਨ੍ਹਾਂ 'ਚੋਂ 10 ਲੱਖ ਪੈਕੇਟਾਂ ਦਾ ਹਿਸਾਬ ਵੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ:  ਡਿਊਟੀ ਦੌਰਾਨ ਪੰਜਾਬ ਹੋਮ ਗਾਰਡ ਦੇ ਮੁਲਾਜ਼ਮ ਨੇ ਖੁਦ ਨੂੰ ਮਾਰੀ ਗੋਲੀ, ਧੀਆਂ ਨੇ ਜਤਾਇਆ ਕਤਲ ਦਾ ਖਦਸ਼ਾ
ਇਹ ਵੀ ਪੜ੍ਹੋ​​​​​​​:  ਪੰਜਾਬ ਸਰਕਾਰ ਵੱਲੋਂ ਅਨਲਾਕ-3 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ

shivani attri

This news is Content Editor shivani attri