ਸਟੇਸ਼ਨ ''ਤੇ ਚੂਹਿਆਂ ਦਾ ਡਰ ਖਤਮ ਕਰਨ ਲਈ ਪੇਸਟ ਕੰਟਰੋਲ ਕੰਪਨੀ ਤੋਂ ਰੇਲਵੇ ਕਰਵਾਏਗਾ ਕੰਮ

12/18/2017 10:04:29 AM

ਲੁਧਿਆਣਾ (ਵਿਪਨ) : ਸਥਾਨਕ ਰੇਲਵੇ ਸਟੇਸ਼ਨ 'ਤੇ ਚੂਹਿਆਂ ਦਾ ਡਰ ਜਿੱਥੇ ਸਟਾਲ ਧਾਰਕਾਂ ਲਈ ਭਾਰੀ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ, ਉੱਥੇ ਰੇਲਵੇ ਪ੍ਰਸ਼ਾਸਨ ਨੂੰ ਵੀ ਇਹ ਖੂਬ ਨੁਕਸਾਨ ਪਹੁੰਚਾਉਂਦੇ ਹਨ। ਪਿਛਲੇ ਸਾਲ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਰੇਲ ਕਰਮਚਾਰੀਆਂ ਨੂੰ ਚੂਹਿਆਂ ਨਾਲ ਨਿਪਟਣ ਲਈ ਵਿਸ਼ੇਸ਼ ਸਿਖਲਾਈ ਵੀ ਦਿੱਤੀ ਸੀ ਪਰ ਇਸ ਵਾਰ ਇਸ ਕੰਮ ਨੂੰ ਅੰਜਾਮ ਦੇਣ ਲਈ ਰੇਲ ਪ੍ਰਸ਼ਾਸਨ ਕਿਸੇ ਨਿੱਜੀ ਪੇਸਟ ਕੰਟਰੋਲ ਕੰਪਨੀ ਦੀ ਸੇਵਾ ਲੈ ਸਕਦਾ ਹੈ। ਮਈ 2016 'ਚ ਫਿਰੋਜ਼ਪੁਰ ਮੰਡਲ ਦੇ ਤਿੰਨ ਸਟੇਸ਼ਨਾਂ 'ਤੇ ਚੂਹਿਆਂ ਵੱਲੋਂ ਪਹੁੰਚਾਏ ਜਾਣ ਵਾਲੇ ਨੁਕਸਾਨ ਨੂੰ ਰੋਕਣ ਲਈ ਰੇਲਵੇ ਪ੍ਰਸ਼ਾਸਨ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਜੀਵ ਵਿਗਿਆਨੀਆਂ ਵੱਲੋਂ ਤਿਆਰ ਕੀਤੀ ਗਈ ਚੂਹੇ ਮਾਰ ਦਵਾਈ ਤੇ ਉਸ ਦੀ ਵਰਤੋਂ ਲਈ ਰੇਲ ਕਰਮਚਾਰੀਆਂ ਨੂੰ ਦਿੱਤੀ ਗਈ ਵਿਸ਼ੇਸ਼ ਸਿਖਲਾਈ ਤਹਿਤ 10,000 ਦੇ ਕਰੀਬ ਚੂਹਿਆਂ ਨੂੰ ਲੁਧਿਆਣਾ ਤੇ ਜਲੰਧਰ ਰੇਲਵੇ ਸਟੇਸ਼ਨ 'ਤੇ ਇਕ ਮਹੀਨੇ ਦੇ ਅੰਦਰ ਮਾਰ ਦਿੱਤਾ ਗਿਆ ਸੀ ਪਰ ਸੂਤਰ ਦੱਸਦੇ ਹਨ ਕਿ ਇਸ ਵਾਰ ਪੀ. ਏ. ਯੂ. ਵੱਲੋਂ ਉਪਲੱਬਧ ਕਰਵਾਈ ਗਈ ਸਸਤੀ ਤਕਨੀਕ ਨੂੰ ਦੁਬਾਰਾ ਵਰਤਣ ਦੀ ਬਜਾਏ ਰੇਲ ਪ੍ਰਸ਼ਾਸਨ ਕਿਸੇ ਨਿੱਜੀ ਪੇਸਟ ਕੰਟਰੋਲ ਕੰਪਨੀ ਤੋਂ ਕੰਮ ਲੈਣ ਦੀ ਯੋਜਨਾ ਬਣਾ ਰਿਹਾ ਹੈ ਜੋ ਕਿ ਮਹਿੰਗੀ ਸਾਬਤ ਹੋ ਸਕਦੀ ਹੈ।