ਜਿਸ ਤਰ੍ਹਾਂ ਬੱਚੀ ਤੜਫ਼-ਤੜਫ਼ ਕੇ ਮਰੀ, ਉਸੇ ਤਰ੍ਹਾਂ ਮਾਰਿਆ ਜਾਵੇ ਗੁਨਾਹਗਾਰ ਨੂੰ

03/15/2018 7:00:05 AM

ਪਰੀ ਦੇ ਹੱਤਿਆਰੇ ਨੂੰ ਪੀੜਤਾ ਦੀ ਮਾਂ ਨੇ ਕੀਤੀ ਸਜ਼ਾ ਦੇਣ ਦੀ ਮੰਗ
ਲੁਧਿਆਣਾ(ਮਹੇਸ਼)-ਮੇਰੀ ਨੰਨ੍ਹੀ ਜਿਹੀ ਪਰੀ ਮੇਰੇ ਜਿਗਰ ਦਾ ਟੁਕੜਾ ਸੀ, ਜੇਕਰ ਉਸਨੂੰ ਮਾਮੂਲੀ ਜਿਹੀ ਝਰੀਟ ਵੀ ਲੱਗਦੀ ਸੀ ਤਾਂ ਮੇਰਾ ਕਲੇਜਾ ਫਟ ਜਾਂਦਾ ਸੀ। ਉਹ ਤਾਂ ਹਮੇਸ਼ਾ ਚਹਿਕਦੀ ਰਹਿੰਦੀ ਸੀ। ਉਸਨੇ ਕਿਸੇ ਦਾ ਕੀ ਵਿਗਾੜਿਆ ਸੀ ਜੋ ਉਸ ਨੂੰ ਅਜਿਹੀ ਭਿਆਨਕ ਮੌਤ ਮਿਲੀ। ਮੇਰੀ ਫੁੱਲ ਜਿਹੀ ਬੱਚੀ ਕਿੰਨੀ ਰੋਈ ਹੋਵੇਗੀ। ਕਿੰਨਾ ਤੜਫੀ ਹੋਵੇਗੀ। ਉਸ ਦੇ ਗੁਨਾਹਗਾਰ ਨੇ ਤਾਂ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਮੇਰੀ ਕੇਵਲ ਇਕ ਹੀ ਮੰਗ ਹੈ ਕਿ ਜਿਸ ਤਰ੍ਹਾਂ ਮੇਰੀ ਬੱਚੀ ਨੂੰ ਤੜਫਾ-ਤੜਫਾ ਕੇ ਮਾਰਿਆ ਗਿਆ ਉਸੇ ਤਰ੍ਹਾਂ ਉਸ ਦੇ ਗੁਨਾਹਗਾਰ ਨੂੰ ਦਰਦਨਾਕ ਤੇ ਭਿਆਨਕ ਮੌਤ ਦਿੱਤੀ ਜਾਵੇ। ਉਸ ਦੀ ਮੌਤ ਨਾਲ ਹੀ ਮੇਰੀ ਬੱਚੀ ਦੀ ਆਤਮ ਨੂੰ ਸ਼ਾਂਤੀ  ਮਿਲ ਸਕਦੀ ਹੈ। ਇਹ ਕਹਿਣਾ ਹੈ ਕਿ 6 ਸਾਲ ਦੀ ਪਰੀ ਦੀ ਮਾਤਾ ਪ੍ਰਿਯੰਕਾ ਦਾ।
ਪ੍ਰਿਯੰਕਾ ਨੇ ਕਿਹਾ ਕਿ ਮੰਗਲਵਾਰ ਸ਼ਾਮ ਨੂੰ ਪਰੀ ਆਪਣੀਆਂ ਭੈਣਾਂ ਨਾਲ ਖੇਡ ਰਹੀ ਸੀ। ਪਹਿਲਾਂ ਪ੍ਰਮੋਦ ਉਸ ਨੂੰ ਖਾਣ ਲਈ ਮੂੰਗਫਲੀ ਦੇ ਕੇ ਗਿਆ। ਕੁਝ ਦੇਰ ਬਾਅਦ ਫਿਰ ਉਹ ਪਰਤ ਕੇ ਆਇਆ ਤੇ ਉਸ ਨੂੰ ਚਿੱਪਸ ਦੇ ਕੇ ਗਿਆ। ਮੈਂ ਵੀ ਇਹੀ ਸੋਚਿਆ ਸੀ ਕਿ ਉਹ ਪਰੀ ਨੂੰ ਆਪਣੀ ਬੱਚੀ ਦੀ ਤਰ੍ਹਾਂ ਮੰਨਦਾ ਹੈ ਪਰ ਮੈਨੂੰ ਨਹੀਂ ਪਤਾ ਸੀ ਕਿ ਮਾਸੂਮ ਜਿਹੇ ਦਿਸਣ ਵਾਲੇ ਚਿਹਰੇ ਦੇ ਪਿੱਛੇ ਇਕ ਖਤਰਨਾਕ ਭੇੜੀਆ ਛੁਪਿਆ ਹੋਇਆ ਹੈ, ਜਿਸ ਨੇ ਮੇਰੀ ਬੱਚੀ 'ਤੇ ਗੰਦੀ ਨਜ਼ਰ ਟਿਕਾਈ ਹੋਈ ਹੈ। ਜੇਕਰ ਮੈਨੂੰ ਥੋੜ੍ਹੀ ਜਿਹੀ ਭਿਣਕ ਲੱਗਦੀ ਤਾਂ ਉਹ ਆਪਣੀ ਬੇਟੀ ਨੂੰ ਪ੍ਰਮੋਦ ਨਾਲ ਕਦੇ ਨਾ ਭੇਜਦੀ। ਪ੍ਰਮੋਦ ਆਇਆ ਉਸ ਨੂੰ ਨੇੜੇ ਦੀ ਦੁਕਾਨ ਤੋਂ ਸਮੌਸਾ ਦਿਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਜਦੋਂ ਉਹ ਪਰੀ ਨੂੰ ਲੈ ਕੇ 15 ਮਿੰਟ ਤਕ ਵਾਪਸ ਨਾ ਆਇਆ ਤਾਂ ਉਸ ਦਾ ਮੱਥਾ ਠਣਕਿਆ। ਮੈਂ ਪਰੀ ਨੂੰ ਦੇਖਣ ਲਈ ਬਾਹਰ ਗਈ ਪਰ ਉਸ ਨੂੰ ਪਰੀ ਕਿਤੇ ਦਿਖਾਈ ਨਹੀਂ ਦਿੱਤੀ। ਉਹ ਭੱਜ ਕੇ ਉਸ ਦੁਕਾਨ 'ਤੇ ਗਈ ਜਿਥੇ ਸਮੌਸੇ ਮਿਲਦੇ ਹਨ। ਦੁਕਾਨਦਾਰ ਨੇ ਦੱਸਿਆ ਕਿ ਪ੍ਰਮੋਦ ਉਸਦੀ ਬੱਚੀ ਨੂੰ ਲੈ ਕੇ ਆਇਆ ਸੀ ਤੇ ਸਮੌਸਾ ਲੈ ਕੇ ਚਲਾ ਗਿਆ। ਦੁਕਾਨਦਾਰ ਨੇ ਵੀ ਇਸਦੀ ਗੱਲ ਦੀ ਪੁਸ਼ਟੀ ਕੀਤੀ ਹੈ।
ਜਿਵੇਂ-ਜਿਵੇਂ ਹਨੇਰਾ ਵਧਦਾ ਗਿਆ ਮੇਰਾ ਦਿਲ ਬੈਠਦਾ ਗਿਆ ਰਾਤ ਭਰ ਮੈਂ ਸੁੱਤੀ ਨਹੀਂ ਤੇ ਦਰਵਾਜ਼ੇ 'ਤੇ ਟਕਟਕੀ ਲਾ ਕੇ ਆਪਣੀ ਪਰੀ ਦੇ ਵਾਪਸ ਆਉਣ ਦੀ ਉਡੀਕ ਕਰਦੀ ਰਹੀ। ਸਵੇਰੇ 5 ਵਜੇ ਹੀ ਮੇਰਾ ਪਤੀ ਇਲਾਕੇ ਦੇ ਕੁਝ ਲੋਕਾਂ ਨੂੰ ਲੈ ਕੇ ਪਰੀ ਨੂੰ ਲੱਭਣ ਲਈ ਫਿਰ ਘਰੋਂ ਨਿਕਲ ਗਿਆ। ਕਰੀਬ 7.30 ਵਜੇ ਗਲੀ 'ਚ ਰੌਲਾ ਪੈ ਗਿਆ ਕਿ ਝਾੜੀਆਂ 'ਚ ਇਕ ਬੱਚੀ ਦੀ ਲਾਸ਼ ਪਈ ਹੈ।
ਮੈਂ ਭੱਜ ਕੇ ਉਥੇ ਗਈ। ਉਹ ਲਾਸ਼ ਮੇਰੀ ਪਰੀ ਦੀ ਸੀ। ਉਸਦੇ ਹੇਠਾਂ ਦਾ ਹਿੱਸਾ ਲਹੂ-ਲੁਹਾਨ ਸੀ। ਉਸਦੀ ਫਰਾਕ ਵੀ ਖੂਨ ਨਾਲ ਲਥਪਥ ਸੀ। ਉਸਦੀ ਹਾਲਤ ਦੇਖ ਕੇ ਮੇਰਾ ਕਲੇਜਾ ਮੂੰਹ ਨੂੰ ਆ ਗਿਆ। ਪ੍ਰਿਯੰਕਾ ਨੇ ਦੱਸਿਆ ਕਿ ਉਹ 6 ਮਹੀਨੇ ਪਹਿਲਾਂ ਹੀ ਆਪਣੀਆਂ ਬੱਚੀਆਂ ਨਾਲ ਪਿੰਡੋਂ ਲੁਧਿਆਣਾ ਆਈ ਸੀ।
ਸ਼ਹਿਰ ਦੇ ਚੌਰਾਹੇ 'ਚ ਫਾਂਸੀ 'ਤੇ ਲਟਕਾ ਦੇਣਾ ਚਾਹੀਦਾ ਅਜਿਹੇ ਅਪਰਾਧੀਆਂ ਨੂੰ
ਸੰਨਿਆਸ ਨਗਰ ਦੇ ਰਹਿਣ ਵਾਲੇ ਵਿਨੇ ਜੈਨ, ਰਜਿੰਦਰ ਕੌਰ, ਯੋਗੇਸ਼ ਕੁਮਾਰ, ਰਾਮ ਕੁਮਾਰ ਆਦਿ ਦਾ ਕਹਿਣਾ ਹੈ ਕਿ ਅਜਿਹੇ ਅਪਰਾਧੀਆਂ ਨੂੰ ਸ਼ਹਿਰ ਦੇ ਚੌਰਾਹੇ 'ਚ ਫਾਂਸੀ 'ਤੇ ਲਟਕਾ ਦੇਣਾ ਚਾਹੀਦਾ ਹੈ। ਤਾਂ ਹੀ ਪ੍ਰਮੋਦ ਵਰਗੇ ਅਪਰਾਧੀਆਂ ਦੇ ਦਿਲਾਂ 'ਚ ਕਾਨੂੰਨ ਦਾ ਡਰ ਪੈਦਾ ਹੋਵੇਗਾ ਅਤੇ ਅਜਿਹੇ ਘਿਨਾਉਣੇ ਅਪਰਾਧ 'ਤੇ ਪਾਬੰਦੀ ਲੱਗੇਗੀ। ਅਜਿਹੀਆਂ ਘਟਨਾਵਾਂ ਜਿਥੇ ਇਕ ਪਾਸੇ ਸਮਾਜ ਨੂੰ ਸ਼ਰਮਸ਼ਾਰ ਕਰਦੀਆਂ ਹਨ ਉਥੇ ਦਹਿਸ਼ਤ ਫੈਲਾਉਂਦੀਆਂ ਹਨ। ਅਜਿਹੇ ਅਪਰਾਧ ਦੇ ਗੁਨਾਹਗਾਰਾਂ ਨੂੰ ਕੇਵਲ ਇਕ ਹੀ ਸਜ਼ਾ ਹੋਣੀ ਚਾਹੀਦੀ ਹੈ ਤੇ ਉਹ ਹੈ ਮੌਤ। ਮੌਤ ਦੀ ਸਜ਼ਾ ਹੀ ਅਜਿਹੇ ਅਪਰਾਧੀਆਂ ਦੇ ਦਿਲਾਂ 'ਚ ਖੌਫ ਪੈਦਾ ਕਰ ਸਕਦੀ ਹੈ। ਅਜਿਹੇ ਲੋਕ ਸਮਾਜ ਲਈ ਖਤਰਨਾਕ ਹੁੰਦੇ ਹਨ। ਜੋ ਕਿਸੇ ਵੀ ਸਮੇਂ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕਾਨੂੰਨ 'ਚ ਕਈ ਕਮੀਆਂ ਹਨ, ਜਿਨ੍ਹਾਂ ਦਾ ਫਾਇਦਾ ਉਠਾ ਕੇ ਅਜਿਹੇ ਅਪਰਾਧੀ ਬੜੀ ਹੀ ਆਸਾਨੀ ਨਾਲ ਬਚ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਮਾਮਲਿਆਂ ਨੂੰ ਜਲਦੀ ਤੋਂ ਜਲਦੀ ਨਿਪਟਾ ਕੇ ਪੀੜਤ ਪਰਿਵਾਰ ਨੂੰ ਇਨਸਾਨ ਦਿਵਾਉਣਾ ਬੇਹੱਦ ਜ਼ਰੂਰੀ ਹੈ। ਕਿਉਂਕਿ ਦੇਰੀ ਨਾਲ ਮਿਲਿਆ ਇਨਸਾਫ ਵੀ ਇਨਸਾਫ ਨਹੀਂ ਹੁੰਦਾ।
ਪੁਲਸ ਹਰਕਤ 'ਚ ਆਉਂਦੀ ਤਾਂ ਬਚ ਸਕਦੀ ਸੀ ਪਰੀ ਦੀ ਜਾਨ
ਵਾਰਦਾਤ ਦੇ ਬਾਅਦ ਜਿਸ ਤਰ੍ਹਾਂ ਪੁਲਸ ਹਰਕਤ 'ਚ ਆਈ ਤੇ ਦੋਸ਼ੀ ਨੂੰ ਫੜ ਲਿਆ, ਜੇਕਰ ਉਸੇ ਤਰ੍ਹਾਂ ਦੀ ਕਾਰਵਾਈ ਪੁਲਸ ਮੰਗਲਵਾਰ ਰਾਤ ਨੂੰ ਕਰਦੀ ਤਾਂ ਸ਼ਾਇਦ ਪਰੀ ਦੀ ਜਾਨ ਬਚ ਜਾਂਦੀ। ਜਦੋਂ ਪਰੀ ਦਾ ਕੁਝ ਪਤਾ ਨਹੀਂ ਲੱਗਾ ਤਾਂ ਉਸ ਦੇ ਪਿਤਾ ਸ਼ਿਵ ਪ੍ਰਸ਼ਾਦ ਨੇ ਰਾਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਉਨ੍ਹਾਂ ਕੋਲ ਬੇਟੀ ਨੂੰ ਲੱਭਣ ਦੀ ਫਰਿਆਦ ਕੀਤੀ। ਉਦੋਂ ਪੁਲਸ ਨੇ ਇਸ ਮਾਮਲੇ ਨੂੰ ਨਰਮੀ ਨਾਲ ਲਿਆ। ਸ਼ਿਵ ਨੇ ਦੱਸਿਆ ਕਿ ਰਾਤ 11.30 ਵਜੇ ਉਹ ਬਸਤੀ ਜੋਧੇਵਾਲ ਥਾਣੇ ਆਪਣੀ ਸ਼ਿਕਾਇਤ ਲੈ ਕੇ ਗਿਆ ਸੀ ਪ੍ਰੰਤੂ ਪੁਲਸ ਨੇ ਕੋਈ ਗੰਭੀਰਤਾ ਨਹੀਂ ਦਿਖਾਈ, ਜਿਸ ਕਾਰਨ ਉਹ ਵਾਪਸ ਆ ਗਿਆ।
ਰੇਪ ਕਰਕੇ ਲਾਸ਼ ਖਾਲੀ ਪਲਾਟ 'ਚ ਸੁੱਟੀ
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਰੀ ਨਾਲ ਦੋਸ਼ੀ ਨੇ ਕਿਸੇ ਹੋਰ ਥਾਂ ਜਾ ਕੇ ਰੇਪ ਕੀਤਾ ਤੇ ਫਿਰ ਹੱਤਿਆ ਕਰਨ ਦੇ ਬਾਅਦ ਉਸਦੀ ਲਾਸ਼ ਖਾਲੀ ਪਲਾਟ 'ਚ ਸੁੱਟ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਯਾਦ ਹੈ ਕਿ ਉਨ੍ਹਾਂ ਨੇ ਪਰੀ ਨੂੰ ਲੱਭਣ ਸਮੇਂ ਆਲੇ-ਦੁਆਲੇ ਦੇ ਪਲਾਟ ਦੀ ਵੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਸੀ, ਪਰ ਪਰੀ ਉਨ੍ਹਾਂ ਨੂੰ ਕਿਤੇ ਦਿਖਾਈ ਨਹੀਂ ਦਿਖੀ। ਫਿਰ ਅੱਜ ਸਵੇਰੇ ਉਸਦੀ ਲਾਸ਼ ਸੜਕ ਨਾਲ ਲਗਦੀਆਂ ਝਾੜੀਆਂ 'ਚ ਮਿਲੀ।
ਬਕਸੇ 'ਚ ਲੁਕ ਕੇ ਬੈਠਾ ਸੀ ਦੋਸ਼ੀ
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਪ੍ਰਮੋਦ ਇਕ ਇਮਾਰਤ 'ਚ ਰੱਖੇ ਹੋਏ ਬਕਸੇ 'ਚ ਲੁਕ ਕੇ ਬੈਠਾ ਸੀ। ਹਾਲਾਂਕਿ ਪੁਲਸ ਨੇ ਉਸ ਇਮਾਰਤ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਪਰ ਪੁਲਸ ਉਸ ਨੂੰ ਨਹੀਂ ਲੱਭ ਸਕੀ ਤੇ ਖਾਲੀ ਹੱਥ ਵਾਪਸ ਆ ਗਈ ਪਰ ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਦੋਸ਼ੀ ਉਸੇ ਇਮਾਰਤ 'ਚ ਹੈ। ਜਦੋਂ ਉਨ੍ਹਾਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਉਹ ਇਕ ਬਕਸੇ 'ਚ ਲੁਕਿਆ ਹੋਇਆ ਸੀ। ਜਿਸ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।