ਔਰਤ ਨੂੰ ਨਸ਼ੀਲੀ ਚੀਜ਼ ਪਿਲਾਕੇ ਕੀਤਾ ਜਬਰ-ਜ਼ਨਾਹ

06/08/2019 6:52:05 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)— ਬਰਨਾਲਾ ਦੀ ਰਹਿਣ ਵਾਲੀ ਇਕ ਔਰਤ ਨੂੰ ਨਸ਼ੇ ਵਾਲੀ ਚੀਜ਼ ਪਿਲਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਸੂਚਨਾ ਮਿਲੀ ਹੈ। ਇਸ ਤੋਂ ਬਾਅਦ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਰਣੀਕੇ ਪਿੰਡ 'ਚ ਨਹਿਰ ਦੇ ਪੁਲ ਕੋਲ ਸੁੱਟ ਦਿੱਤਾ ਗਿਆ। ਰਾਹਗੀਰਾਂ ਨੇ ਉਸ ਔਰਤ ਨੂੰ ਚੁੱਕਿਆ। 

ਔਰਤ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਬੰਧੀ ਮੈਂ ਥਾਣਾ ਸਿਟੀ 2 ਬਰਨਾਲਾ 'ਚ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਅਜੇ ਤੱਕ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਔਰਤ ਕਰਮਜੀਤ ਕੌਰ (ਕਾਲਪਨਿਕ ਨਾਮ) ਨੇ ਦੱਸਿਆ ਕਿ ਉਸ ਦਾ ਵਿਆਹ 5 ਸਾਲ ਪਹਿਲਾਂ ਬਰਨਾਲਾ ਵਿਖੇ ਹੋਇਆ ਸੀ। ਉਸ ਦੀ ਇਕ ਛੋਟੀ ਬੱਚੀ ਹੈ। 5 ਜੂਨ ਨੂੰ ਉਸ ਦੀ ਭੂਆ ਦੀ ਲੜਕੀ ਦਾ ਫੋਨ ਆਇਆ ਕਿ ਉਸ ਨੂੰ ਕੋਈ ਕੰਮ ਹੈ ਉਹ ਪਿੰਡ ਹਸਨਪੁਰ ਆ ਜਾਵੇ। ਅੱਗੇ ਪੀੜਤਾ ਨੇ ਕਿਹਾ ਕਿ ਉਸ ਦੀ ਭੂਆ ਨੇ ਕਿਹਾ ਕਿ ਉਹ ਆਪਣੇ ਲੜਕਿਆਂ ਨੂੰ ਉਸ ਨੂੰ ਲੈਣ ਲਈ ਭੇਜ ਰਹੀ ਹੈ।

ਪੀੜਤਾ ਨੇ ਕਿਹਾ ਕਿ ਭੂਆ ਦੀ ਲੜਕੀ ਦੇ ਫੋਨ ਮਗਰੋਂ ਮੈਂ ਉਸਦੇ ਦੋਵੇਂ ਲੜਕਿਆਂ ਨਾਲ ਮੋਟਰਸਾਈਕਲ 'ਤੇ ਬੈਠਕੇ ਪਿੰਡ ਹਸਨਪੁਰ ਚਲੀ ਗਈ ਅਤੇ ਉਹ ਮੈਨੂੰ ਆਪਣੇ ਘਰ ਲੈ ਗਏ। ਇਸ ਮਗਰੋਂ ਉਹ ਮੈਨੂੰ ਆਪਣੀ ਮਾਸੀ ਦੇ ਘਰ ਲੈ ਗਏ। ਉੱਥੇ ਉਨ੍ਹਾਂ ਨੇ ਮੈਨੂੰ ਲੱਸੀ ਪੀਣ ਦੇ ਲਈ ਦਿੱਤੀ। ਲੱਸੀ ਪੀ ਕੇ ਮੈਂ ਬੇਹੋਸ਼ ਜਿਹੀ ਹੋ ਗਈ। ਬੇਹੋਸ਼ੀ ਦੀ ਹਾਲਤ 'ਚ ਉਨ੍ਹਾਂ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਉੱਥੇ ਮੈਨੂੰ ਕੁੱਟਿਆ ਮਾਰਿਆ ਗਿਆ ਅਤੇ ਧਮਕੀਆਂ ਵੀ ਦਿੱਤੀਆਂ। ਉਹ ਮੈਨੂੰ ਛੱਡਣ ਦੇ ਲਈ ਹਸਨਪੁਰ ਬੱਸ ਸਟੈਂਡ ਆ ਗਏ ਮੈਂ ਬੇਹੋਸ਼ੀ ਦੀ ਹਾਲਤ 'ਚ ਸੀ। ਉੱਥੇ ਲੋਕਾਂ ਨੇ ਵੀਡੀਓ ਆਦਿ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਉਹ ਫਿਰ ਆਪਣੇ ਘਰ ਵਾਪਸ ਲੈ ਆਏ ਤੇ ਮੈਨੂੰ ਗੱਡੀ 'ਚ ਬਿਠਾਕੇ ਜੋਧਪੁਰ 'ਚ ਆਪਣੇ ਜਾਣਕਾਰਾਂ ਦੇ ਘਰ ਸੁੱਟ ਆਏ, ਜਿਸ ਘਰ 'ਚ ਉਹ ਮੈਨੂੰ ਛੱਡਕੇ ਆਏ ਸਨ ਉਹ ਮੈਨੂੰ ਰਣੀਕੇ ਦੇ ਨਹਿਰ ਪੁਲ ਦੇ ਕੋਲ ਸੁੱਟ ਗਏ। ਜਿੱਥੇ ਮੈਂ ਬੇਹੋਸ਼ ਜਿਹੀ ਪਈ ਸੀ ਮੇਰੀ ਛੋਟੀ ਬੱਚੀ ਰੋ ਰਹੀ ਸੀ। ਬੱਚੀ ਨੂੰ ਰੋਂਦਿਆਂ ਦੇਖਕੇ ਰਾਹਗੀਰ ਉੱਥੇ ਰੁਕ ਗਏ। ਉਨ੍ਹਾਂ ਬੱਚੀ ਅਤੇ ਮੈਨੂੰ ਚੁੱਕਿਆ ਅਤੇ ਮੈਂ ਹਸਪਤਾਲ 'ਚ ਦਾਖਲ ਹੋਈ ਹਾਂ। ਅੱਜ ਵੀ ਮੈਨੂੰ ਕੁਝ ਥੋੜ੍ਹਾ ਜਿਹਾ ਹੋਸ਼ ਆਇਆ ਹੈ। ਉਸ ਨੇ ਕਿਹਾ ਕਿ ਮੈਂ ਇਸ ਸਬੰਧੀ ਥਾਣੇ 'ਚ ਵੀ ਰਿਪੋਰਟ ਦਰਜ ਕਰਵਾਈ ਹੈ। ਪਰ ਅਜੇ ਤੱਕ ਮੈਨੂੰ ਇਨਸਾਫ ਨਹੀਂ ਮਿਲਿਆ। ਪੀੜਤਾ ਦੇ ਪਤੀ ਨੇ ਵੀ ਇਨਸਾਫ ਦੀ ਗੁਹਾਰ ਲਾਈ ਹੈ। ਜਦੋਂ ਇਸ ਸਬੰਧੀ ਥਾਣਾ ਸਿਟੀ 2 ਦੇ ਐੱਸ.ਐੱਚ.ਓ. ਸਾਹਿਬ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਸ ਸਥਾਨ 'ਤੇ ਇਹ ਘਟਨਾ ਹੋਈ ਉਹ ਇਲਾਕਾ ਥਾਣਾ ਸਦਰ ਧੂਰੀ ਦੇ ਅਧੀਨ ਹੈ। ਉੱਥੇ ਹਸਪਤਾਲ ਦਾ ਰੁੱਕਾ ਚਲਾ ਗਿਆ ਹੈ। ਜਦੋਂ ਇਸ ਸਬੰਧੀ ਥਾਣਾ ਸਦਰ ਧੂਰੀ ਦੇ ਐੱਸ.ਐੱਚ.ਓ. ਹਰਵਿੰਦਰ ਸਿੰਘ ਖਹਿਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਪੀੜਤ ਔਰਤ ਦੇ ਬਿਆਨ ਦਰਜ ਕਰਨ ਦੇ ਲਈ ਹਸਪਤਾਲ 'ਚ ਆਏ ਸੀ। ਪਰ ਡਾਕਟਰਾਂ ਨੇ ਉਸ ਔਰਤ ਨੂੰ ਫਿੱਟ ਕਰਾਰ ਨਹੀਂ ਦਿੱਤਾ, ਜਿਸ ਕਾਰਨ ਅਸੀਂ ਉਸਦੇ ਬਿਆਨ ਦਰਜ ਨਹੀਂ ਕਰ ਸਕੇ। ਉਸਦੇ ਪਰਿਵਾਰਕ ਮੈਂਬਰਾਂ ਦੇ ਅਸੀਂ ਬਿਆਨ ਦਰਜ ਕਰ ਲਏ ਹਨ ਤੇ ਮਾਮਲੇ ਦੀ ਅਸੀਂ ਜਾਂਚ ਕਰ ਰਹੇ ਹਾਂ। ਔਰਤ ਦੇ ਫਿੱਟ ਹੋਣ 'ਤੇ ਉਸ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

Baljit Singh

This news is Content Editor Baljit Singh