ਕੇਰਲ ਪੁਲਸ ਨੇ ਮਦਰ ਸੁਪਰੀਅਰ ਰਜੀਨਾ ਤੇ 3 ਪਾਦਰੀਆਂ ਕੋਲੋਂ ਕੀਤੀ ਪੁੱਛਗਿੱਛ (ਵੀਡੀਓ)

08/12/2018 3:15:24 PM

ਜਲੰਧਰ,   (ਕਮਲੇਸ਼)—  ਨੰਨ ਨਾਲ ਜਬਰ-ਜ਼ਨਾਹ ਦੇ ਦੋਸ਼ਾਂ ਵਿਚ ਘਿਰੇ ਬਿਸ਼ਪ ਮਾਮਲੇ ਵਿਚ  ਸ਼ਨੀਵਾਰ ਜਲੰਧਰ ਛਾਉਣੀ ਸਥਿਤ ਰੈਸਟ ਹਾਊਸ ਵਿਚ ਮਦਰ ਸੁਪਰੀਅਰ ਰਜੀਨਾ ਅਤੇ ਤਿੰਨ ਹੋਰ  ਪਾਦਰੀਆਂ ਕੋਲੋਂ 10 ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਪੰਜਾਬ ਪੁਲਸ ਨੂੰ ਇਸ ਦੌਰਾਨ  ਦੂਰ ਰੱਖਿਆ ਗਿਆ ਪਰ ਸੁਰੱਖਆ ਕਾਰਨਾਂ ਕਰਕੇ ਸੂਬਾਈ ਪੁਲਸ ਮੌਕੇ ’ਤੇ ਮੌਜੂਦ ਰਹੀ। 
ਦੱਸਣਯੋਗ  ਹੈ ਕਿ ਕੇਰਲ ਦੀ ਰਹਿਣ ਵਾਲੀ ਇਕ ਨੰਨ ਨੇ ਬਿਸ਼ਪ ਫ੍ਰੈਂਕੋ ਮੁਲੱਕਲ ’ਤੇ ਉਸ ਨਾਲ  13  ਵਾਰ ਜਬਰ-ਜ਼ਨਾਹ ਕਰਨ ਦੇ ਦੋਸ਼ ਲਾਏ ਸਨ। ਕੇਰਲ ਦੀ ਪੁਲਸ ਨੇ ਬਿਸ਼ਪ ਵਿਰੁੱਧ ਮਾਮਲਾ ਦਰਜ ਕਰ  ਲਿਆ ਸੀ। ਸ਼ਨੀਵਾਰ ਦੁਪਹਿਰ ਲਗਭਗ 12 ਵਜੇ ਕੇਰਲ ਪੁਲਸ ਦੀ ਟੀਮ  ਨੇ ਮਾਲ ਰੋਡ ਕੈਂਟ  ਸਥਿਤ ਵੱਡੇ ਚਰਚ ਦੇ ਸਾਹਮਣੇ ਬਣੇ ਰੈਸਟ ਹਾਊਸ ਵਿਚ ਪਹੁੰਚ ਕੇ ਪੁੱਛਗਿੱਛ ਦੀ ਆਪਣੀ  ਕਾਰਵਾਈ ਸ਼ੁਰੂ ਕੀਤੀ। ਕੇਰਲ ਦੀ ਪੁਲਸ ਨੇ ਮਦਰ ਸੁਪਰੀਅਰ ਰਜੀਨਾ ਅਤੇ ਤਿੰਨ ਹੋਰਨਾਂ  ਪਾਦਰੀਅਾਂ  ਕੋਲੋਂ 10 ਘੰਟੇ ਪੁੱਛਗਿੱਛ ਕੀਤੀ। ਬਿਸ਼ਪ ’ਤੇ ਦੋਸ਼ ਲਾਉਣ ਵਾਲੀ ਨੰਨ ਇਸ ਚਰਚ ਰੈਸਟ ਹਾਊਸ  ਦੀ ਇੰਚਾਰਜ ਰਹਿ ਚੁੱਕੀ ਹੈ। ਉਸਨੂੰ ਇਕ ਮਾਮਲੇ ਕਾਰਨ ਇੰਚਾਰਜ ਦੇ ਅਹੁਦੇ ਤੋਂ ਡਿਮੋਟ  ਕਰ ਦਿੱਤਾ ਗਿਆ ਸੀ।
ਕੇਰਲ ਦੀ ਪੁਲਸ ਨੰਨ ਨਾਲ ਸਬੰਧਤ ਸਭ ਲੋਕਾਂ ਦੇ ਬਿਆਨ ਲੈ ਕੇ ਇਹ  ਜਾਣਨਾ ਚਾਹੁੰਦੀ ਹੈ ਕਿ ਉਸ ਵਲੋਂ ਲਾਏ ਗਏ ਦੋਸ਼ਾਂ ਵਿਚ ਕਿੰਨੀ ਸੱਚਾਈ ਹੈ। ਇਹ ਵੀ ਪਤਾ  ਲੱਗਾ ਹੈ ਕਿ ਜਲਦੀ ਹੀ ਬਿਸ਼ਪ ਕੋਲੋਂ ਵੀ ਕੇਰਲ ਦੀ ਪੁੱਛਗਿੱਛ ਕਰੇਗੀ। 
ਇਹ ਵੀ ਜਾਣਕਾਰੀ  ਮਿਲੀ ਹੈ ਕਿ ਸਭ ਦੇ ਬਿਆਨਾਂ ਦੀ ਵੀਡੀਓ ਰਿਕਾਰਡਿੰਗ ਕੀਤੀ ਜਾ ਰਹੀ ਹੈ ਤਾਂ ਜੋ ਬਾਅਦ  ਵਿਚ ਕਰਾਸ ਵੈਰੀਫਾਈ ਕੀਤਾ ਜਾ ਸਕੇ। ਸੂਤਰ ਦੱਸਦੇ ਹਨ ਕਿ ਨੰਨ ਵਲੋਂ ਪੁਲਸ ਨੂੰ ਸ਼ਿਕਾਇਤ  ਕਰਨ ਤੋਂ ਪਹਿਲਾਂ ਨੰਨ ਤੇ ਬਿਸ਼ਪ ਦਰਮਿਆਨ ਖਿਚੋਤਾਣ ਚੱਲ ਰਹੀ ਸੀ। ਕੇਰਲ  ਪੁਲਸ ਇਸ ਗੱਲ ਦੀ ਤਹਿ  ਤੱਕ ਜਾਣਾ ਚਾਹੁੰਦੀ ਹੈ ਅਤੇ ਇਸੇ ਕਾਰਨ ਨੰਨ ਅਤੇ ਬਿਸ਼ਪ ਨਾਲ ਸਬੰਧਤ ਹੋਰਨਾਂ ਵਿਅਕਤੀਆਂ  ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। 
ਨੰਨ ’ਤੇ ਦੋਸ਼ ਲਾਉਣ ਵਾਲੀ ਉਸਦੀ ਰਿਸ਼ਤੇਦਾਰ ਕੋਲੋਂ ਦਿੱਲੀ ’ਚ ਪੁੱਛਗਿੱਛ
ਚਰਚ  ਦੇ ਬੁਲਾਰੇ ਫਾਦਰ ਪੀਟਰ ਨੇ ਕਿਹਾ ਕਿ ਨੰਨ ਵਿਰੁੱਧ ਉਸ ਦੀ ਇਕ ਮਹਿਲਾ ਰਿਸ਼ਤੇਦਾਰ ਨੇ  ਬਿਸ਼ਪ ਫਰੈਂਕੋ ਨੂੰ ਇਕ ਸ਼ਿਕਾਇਤ ਦਿੱਤੀ ਸੀ ਜਿਸ ਵਿਚ ਔਰਤ ਨੇ ਨੰਨ ’ਤੇ ਦੋਸ਼ ਲਾਏ ਸਨ ਕਿ ਨੰਨ  ਦੇ ਉਸ ਦੇ ਪਤੀ ਨਾਲ ਨਾਜਾਇਜ਼ ਰਿਸ਼ਤੇ ਹਨ। ਇਸ ਕਾਰਨ ਨੰਨ ਵਿਰੁੱਧ ਇਕ ਜਾਂਚ ਕਮੇਟੀ ਵੀ  ਬੈਠੀ ਸੀ। ਫਾਦਰ ਪੀਟਰ ਦਾ ਕਹਿਣਾ ਸੀ ਕਿ ਨੰਨ ਨੇ ਇਸ ਮਾਮਲੇ ਨੂੰ ਦਬਾਉਣ ਲਈ ਬਿਸ਼ਪ  ਵਿਰੁੱਧ ਝੂਠੇ ਦੋਸ਼ ਲਾਏ ਸਨ। ਨੰਨ ਵਿਰੁੱਧ ਚਰਚ ਵਿਚ ਉੱਚ ਅਹੁਦਾ ਮੰਗਣ ਲਈ ਬਲੈਕਮੇਲ ਕਰਨ  ਦੇ ਵੀ ਦੋਸ਼ ਲੱਗੇ ਸਨ। ਜਲੰਧਰ ਪਹੁੰਚਣ ਤੋਂ ਪਹਿਲਾਂ ਕੇਰਲ ਦੀ ਪੁਲਸ ਨੇ ਨੰਨ ਦੀ ਇਕ  ਕਥਿਤ ਰਿਸ਼ਤੇਦਾਰ ਔਰਤ ਕੋਲੋਂ ਦਿੱਲੀ ਵਿਚ ਪੁੱਛਗਿੱਛ ਕੀਤੀ ਸੀ। ਇਹ ਪੁੱਛਗਿੱਛ ਇਸ ਕੇਸ  ਦਾ ਅਹਿਮ ਹਿੱਸਾ ਬਣ ਸਕਦੀ ਹੈ। ਉਂਝ ਅਜੇ ਤੱਕ ਕੇਰਲ ਦੀ ਪੁਲਸ ਨੇ ਦਿੱਲੀ ਨਾਲ ਜੁੜੀ  ਜਾਂਚ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। 

ਬਿਸ਼ਪ ਵੀ ਜਲੰਧਰ ਤੇ ਕੇਰਲ ਦੀ ਪੁਲਸ ਨੂੰ ਨੰਨ ਵਿਰੁੱਧ ਦੇ ਚੁੱਕੇ ਹਨ ਸ਼ਿਕਾਇਤ
ਦੱਸਣਯੋਗ  ਹੈ ਕਿ ਬਿਸ਼ਪ ’ਤੇ ਮਾਮਲਾ ਦਰਜ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੰਨ ਵਿਰੁੱਧ ਜਲੰਧਰ ਦੇ  ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੂੰ ਨੰਨ ਵਿਰੁੱਧ ਬਲੈਕਮੇਲਿੰਗ ਦੀ ਸ਼ਿਕਾਇਤ ਕੀਤੀ  ਸੀ ਜੋ ਏ. ਸੀ. ਪੀ. ਸਤਿੰਦਰ ਚੱਢਾ ਨੂੰ ਮਾਰਕ ਹੋਈ ਸੀ। ਅਜੇ ਤੱਕ ਇਸ ਸ਼ਿਕਾਇਤ ’ਤੇ ਕੋਈ  ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਬਿਸ਼ਪ ਨੇ ਨੰਨ ਵਿਰੁੱਧ ਕੇਰਲ ਪੁਲਸ ਨੂੰ ਉਸ (ਨੰਨ)  ਵਲੋਂ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਸ਼ਿਕਾਇਤ ਵੀ ਕੀਤੀ ਸੀ। ਜਾਣਕਾਰੀ ਮਿਲੀ ਹੈ ਕਿ ਉਕਤ  ਮਾਮਲੇ ਵਿਚ ਕੇਰਲ ਪੁਲਸ ਨੰਨ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ ਅਤੇ ਹੁਣ ਉਸ ਸ਼ਿਕਾਇਤ  ਨੂੰ ਸਾਰੀ ਜਾਂਚ ਪ੍ਰਕਿਰਿਆ ਵਿਚ ਸ਼ਾਮਲ ਕੀਤਾ ਜਾਏਗਾ। 

ਰੈਸਟ ਹਾਊਸ ਕੋਲ ਭੀੜ ਦੇਖ ਕੇ ਫੌਜ ਦੇ ਅਫਸਰ ਵੀ ਪੁੱਜੇ
ਬਿਸ਼ਪ  ਮਾਮਲੇ ਨੂੰ ਕਵਰ ਕਰਨ ਲਈ ਚਰਚ ਦੇ ਰੈਸਟ ਹਾਊਸ ਦੇ ਬਾਹਰ ਮੀਡੀਆ  ਵਾਲਿਆਂ ਅਤੇ ਉਨ੍ਹਾਂ ਦੀਆਂ ਮੋਟਰ ਗੱਡੀਆਂ ਦੀ ਬਹੁਤ ਭੀੜ ਸੀ। ਇਸ ਕਾਰਨ ਕੈਂਟ ਦੇ ਆਰਮੀ ਹੈੱਡਕੁਆਰਟਰ ਤੱਕ  ਸੂਚਨਾ ਪਹੁੰਚੀ ਕਿ ਕੈਂਟ ਦੀ ਮਾਲ ਰੋਡ ’ਤੇ ਬਹੁਤ ਭੀੜ ਲੱਗੀ ਹੋਈ ਹੈ। ਫੌਜ ਦੇ ਅਧਿਕਾਰੀ  ਤੁਰੰਤ ਸਰਗਰਮ ਹੋ ਗਏ ਅਤੇ ਮੌਕੇ ’ਤੇ ਟੀਮ ਭੇਜੀ ਗਈ। ਟੀਮ ਨੇ ਮੌਕੇ ’ਤੇ ਪਹੁੰਚ ਕੇ  ਸਾਰੀ ਜਾਣਕਾਰੀ ਲਈ। ਉਸ ਤੋਂ ਬਾਅਦ ਫੌਜ ਦੀ ਟੀਮ ਦੇ ਕੁਝ ਮੈਂਬਰ ਉਥੇ ਹੀ ਤਾਇਨਾਤ ਹੋ  ਗਏ। 


ਮਾਮਲਾ ਦਰਜ ਹੋਣ ਪਿੱਛੋਂ ਬਿਸ਼ਪ ’ਤੇ ਨੰਨ ਨੂੰ ਲਾਲਚ ਦੇਣ ਦੇ ਵੀ ਲੱਗੇ ਸਨ ਦੋਸ਼
ਨੰਨ  ਵਲੋਂ ਬਿਸ਼ਪ ’ਤੇ ਜਬਰ-ਜ਼ਨਾਹ ਦੇ ਲਾਏ ਗਏ ਦੋਸ਼ਾਂ ਪਿੱਛੋਂ ਬਿਸ਼ਪ ਵਿਰੁੱਧ ਕੇਰਲ ਪੁਲਸ ਨੇ  ਮਾਮਲਾ ਦਰਜ ਕੀਤਾ ਸੀ। ਉਸ ਤੋਂ ਕੁਝ ਸਮੇਂ ਬਾਅਦ ਬਿਸ਼ਪ ’ਤੇ ਨੰਨ ਨੂੰ ਜ਼ਮੀਨ ਦਾ ਲਾਲਚ ਦੇ  ਕੇ ਮਾਮਲੇ ਨੂੰ ਰਫਾ ਦਫਾ ਕਰਨ ਦੇ ਵੀ ਦੋਸ਼ ਲੱਗੇ ਸਨ। ਇਸ ਸਬੰਧੀ ਇਕ ਆਡੀਓ ਵਾਇਰਲ  ਹੋਇਆ ਸੀ, ਜਿਸ ਮੁਤਾਬਕ ਇਕ ਵਿਅਕਤੀ ਚਰਚ ਦੀ ਸੀਨੀਅਰ ਨੰਨ ਨੂੰ ਕਹਿੰਦਾ ਹੈ ਕਿ ਜੇ ਉਹ  ਬਿਸ਼ਪ ਵਿਰੁੱਧ ਲੱਗੇ ਦੋਸ਼ਾਂ ਨੂੰ ਵਾਪਸ ਲੈ ਲੈਂਦੀ ਹੈ ਤਾਂ ਇਸਦੇ ਬਦਲੇ ਉਸਨੂੰ ਕਈ ਏਕੜ  ਜ਼ਮੀਨ ਦਿੱਤੀ ਜਾਵੇਗੀ। ਇਸ ਆਡੀਓ ਦੀ ਪੁਸ਼ਟੀ ਨਹੀਂ ਹੋ ਸਕੀ ਸੀ। ਚਰਚ ਦੇ ਪ੍ਰਤੀਨਿਧੀਆਂ ਨੇ  ਵੀ ਉਕਤ ਦੋਸ਼ਾਂ ਨੂੰ ਇਕ ਸਿਰਿਓਂ ਰੱਦ ਕੀਤਾ ਸੀ।