ਪਤਨੀ ਬਣਾ ਕੇ ਰੱਖਣ ਦਾ ਝਾਂਸਾ ਦੇ ਕੇ ਕਰਦਾ ਰਿਹਾ ਜਬਰ-ਜ਼ਨਾਹ

09/21/2017 8:06:24 AM

ਮੋਗਾ  (ਆਜ਼ਾਦ) - ਜ਼ਿਲੇ ਦੀ ਸਬ-ਡਵੀਜ਼ਨ ਬਾਘਾਪੁਰਾਣਾ ਨਿਵਾਸੀ ਇਕ ਔਰਤ ਨੇ ਇਕ ਵਿਅਕਤੀ 'ਤੇ ਉਸ ਨੂੰ ਆਪਣੀ ਪਤਨੀ ਬਣਾ ਕੇ ਰੱਖਣ ਦਾ ਝਾਂਸਾ ਦੇ ਕੇ ਕਥਿਤ ਤੌਰ 'ਤੇ ਉਸ ਦੇ ਨਾਲ ਕਈ ਸਾਲ ਤੱਕ ਜਬਰ-ਜ਼ਨਾਹ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤਾ ਨੇ ਦੱਸਿਆ ਕਿ ਮੇਰਾ ਪਹਿਲਾ ਵਿਆਹ ਗੁਰਚਰਨ ਸਿੰਘ ਨਿਵਾਸੀ ਬਾਘਾਪੁਰਾਣਾ ਨਾਲ ਧਾਰਮਿਕ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਮੇਰੇ ਤਿੰਨ ਬੱਚੇ ਹਨ। ਮੇਰਾ ਆਪਣੇ ਪਤੀ ਨਾਲ 2009 'ਚ ਤਲਾਕ ਹੋ ਗਿਆ ਸੀ। ਮੇਰੀ ਕਈ ਸਾਲਾਂ ਤੋਂ ਮੇਰੇ ਇਕ ਰਿਸ਼ਤੇਦਾਰ ਰਾਹੀਂ ਗੁਰਚਚਰਨ ਸਿੰਘ ਨਿਵਾਸੀ ਬਾਘਾਪੁਰਾਣਾ ਨਾਲ ਜਾਣ-ਪਛਾਣ ਸੀ। ਉਸ ਨੇ ਕਰੀਬ 15 ਸਾਲ ਪਹਿਲਾਂ ਕਿਹਾ ਕਿ ਮੇਰਾ ਆਪਣੇ ਪਤਨੀ ਕੁਲਵਿੰਦਰ ਕੌਰ ਨਾਲ ਤਲਾਕ ਹੋ ਗਿਆ ਹੈ ਅਤੇ ਤੁਸੀਂ ਵੀ ਆਪਣੇ ਪਤੀ ਨੂੰ ਤਲਾਕ ਦੇ ਦਿਓ ਅਤੇ ਮੈਂ ਤੈਨੂੰ ਅਤੇ ਤੇਰੇ ਬੱਚਿਆਂ ਨੂੰ ਆਪਣੇ ਕੋਲ ਰੱਖਾਂਗਾ, ਜਿਸ 'ਤੇ ਅਸੀਂ ਪਤੀ-ਪਤਨੀ ਦੇ ਤੌਰ 'ਤੇ ਇਕ-ਦੂਸਰੇ ਦੇ ਨਾਲ ਰਹਿਣ ਲੱਗੇ। ਉਸ ਨੇ ਮੇਰੇ ਨਾਲ ਕਈ ਵਾਰ ਸਰੀਰਕ ਸੰਬੰਧ ਬਣਾਏ।
ਮੇਰੇ ਵੱਲੋਂ ਇਨਕਾਰ ਕਰਨ 'ਤੇ ਉਸ ਨੇ ਜ਼ਬਰਦਸਤੀ ਵੀ ਕੀਤੀ ਅਤੇ ਕਿਹਾ ਕਿ ਮੈ ਤੈਨੂੰ ਆਪਣੀ ਪਤਨੀ ਬਣਾ ਕੇ ਰੱਖਣਾ ਹੈ। ਉਸ ਨੇ ਮੈਨੂੰ ਮਕਾਨ ਵੀ ਬਣਾ ਕੇ ਦਿੱਤਾ। ਬੀਤੀ 13 ਸਤੰਬਰ, 2017 ਨੂੰ ਕੁਲਵਿੰਦਰ ਕੌਰ, ਪਰਮਜੀਤ ਕੌਰ ਨਿਵਾਸੀ ਮਾੜੀ ਮੁਸਤਫਾ, ਹਰਜਿੰਦਰ ਸਿੰਘ ਅਤੇ ਗੁਰਚਰਨ ਸਿੰਘ, ਜਿਸ ਨੇ ਮੈਨੂੰ ਪਤਨੀ ਬਣਾ ਕੇ ਰੱਖਣ ਦਾ ਝਾਂਸਾ ਦਿੱਤਾ ਅਤੇ ਗੱਡੀ 'ਚ ਮੇਰਾ ਘਰੇਲੂ ਸਾਮਾਨ, ਫਰਿੱਜ, ਮੋਟਰਸਾਈਕਲ, ਕੰਪਿਊਟਰ ਆਦਿ ਤੋਂ ਇਲਾਵਾ ਹੋਰ ਸਾਮਾਨ ਚੁੱਕ ਕੇ ਲੈ ਗਏ। ਇਸ ਤਰ੍ਹਾਂ ਜਿੱਥੇ ਉਕਤ ਦੋਸ਼ੀ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ, ਉੱਥੇ ਹੀ ਦੂਸਰੇ ਦੋਸ਼ੀਆਂ ਨੇ ਉਸ ਨਾਲ ਮਿਲ ਕੇ ਮੇਰੇ ਘਰ ਦਾ ਸਾਰਾ ਸਾਮਾਨ ਵੀ ਚੋਰੀ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਾਘਾਪੁਰਾਣਾ ਦੇ ਇੰਚਾਰਜ ਇੰਸਪੈਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਸ਼ੀਆਂ ਖਿਲਾਫ ਜਬਰ-ਜ਼ਨਾਹ, ਚੋਰੀ, ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।