ਵਿਆਹ ਦਾ ਝਾਂਸਾ ਦੇ ਕੇ ਕੁੜੀ ਨਾਲ ਬਣਾਉਂਦਾ ਰਿਹਾ ਸਰੀਰਕ ਸਬੰਧ, ਫਿਰ ਘਰੋਂ ਭੱਜਿਆ

03/11/2024 1:33:09 PM

ਲੁਧਿਆਣਾ (ਗੌਤਮ) : ਦਰੇਸੀ ਇਲਾਕੇ ’ਚ ਇਕ ਨੌਜਵਾਨ ਵਿਆਹ ਦਾ ਝਾਂਸਾ ਦੇ ਕੇ ਕੁੜੀ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਜਦੋਂ ਕੁੜੀ ਨੇ ਨੌਜਵਾਨ ਨਾਲ ਵਿਆਹ ਕਰਵਾਉਣ ਲਈ ਕਿਹਾ ਤਾਂ ਨੌਜਵਾਨ ਨੇ ਇਨਕਾਰ ਕਰ ਦਿੱਤਾ ਅਤੇ ਘਰੋਂ ਭੱਜ ਗਿਆ। ਇਸ ’ਤੇ ਕੁੜੀ ਨੇ ਥਾਣਾ ਦਰੇਸੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਜਾਂਚ ਤੋਂ ਬਾਅਦ ਦੋਸ਼ੀ ਇਮਰਾਨ ਆਲਮ ਖ਼ਿਲਾਫ਼ ਜਬਰ-ਜ਼ਿਨਾਹ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਕੁੜੀ ਨੇ ਦੱਸਿਆ ਕਿ ਉਕਤ ਦੋਸ਼ੀ ਦਾ ਭਰਾ ਉਸ ਦੇ ਘਰ ਦੀ ਉੱਪਰਲੀ ਮੰਜ਼ਿਲ ’ਤੇ ਕਿਰਾਏ ’ਤੇ ਰਹਿੰਦਾ ਹੈ।

ਉਕਤ ਨੌਜਵਾਨ ਕਿਸੇ ਹੋਰ ਗਲੀ ’ਚ ਰਹਿੰਦਾ ਸੀ ਅਤੇ ਉਹ ਹਰ ਰੋਜ਼ ਆਪਣੇ ਭਰਾ ਦੇ ਘਰ ਖਾਣਾ ਖਾਣ ਆਉਂਦਾ ਸੀ, ਜਿਸ ਕਾਰਨ ਉਹ ਇਕ-ਦੂਜੇ ਦੇ ਦੋਸਤ ਬਣ ਗਏ ਅਤੇ ਵਟਸਐਪ ’ਤੇ ਵੀ ਚੈਟਿੰਗ ਕਰਦੇ ਰਹੇ। ਕਰੀਬ 6 ਮਹੀਨਿਆਂ ਤੋਂ ਉਕਤ ਨੌਜਵਾਨ ਉਸ ਨੂੰ ਵਿਆਹ ਦੇ ਬਹਾਨੇ ਆਪਣੇ ਕਮਰੇ ’ਚ ਲੈ ਗਿਆ ਅਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਪਰ ਉਹ ਇਸ ਗੱਲ ਦਾ ਵਿਰੋਧ ਕਰਦੀ ਰਹੀ। ਇਸ ਤੋਂ ਬਾਅਦ ਵੀ ਦੋਸ਼ੀ ਉਸ ਨੂੰ ਧਮਕੀਆਂ ਦੇ ਕੇ ਜ਼ਬਰਦਸਤੀ ਕਰਦਾ ਰਿਹਾ।

ਜਦੋਂ ਉਸ ਨੇ ਵਿਆਹ ਕਰਨ ਲਈ ਕਿਹਾ ਤਾਂ ਦੋਸ਼ੀ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਭੱਜ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਅਤੇ ਬਿਆਨ ਲਏ ਜਾ ਰਹੇ ਹਨ। ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਮੁਲਜ਼ਮ ਪੁਲਸ ਗ੍ਰਿਫ਼ਤ ਤੋਂ ਬਾਹਰ ਹੈ।
 

Babita

This news is Content Editor Babita