ਸਕੂਲ ’ਚ ਸਹੇਲੀ ਨੂੰ ਹੱਡਬੀਤੀ ਨਾ ਸੁਣਾਉਂਦੀ ਤਾਂ ਹੋਰ ਹੋਣਾ ਪੈਣਾ ਸੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ

08/04/2018 4:04:42 AM

ਲੁਧਿਆਣਾ(ਵਿੱਕੀ)-  ਪਿਤਾ ਅਤੇ ਦਾਦੇ ਦੀ ਹਵਸ ਦਾ ਸ਼ਿਕਾਰ ਬਣੀ 11 ਸਾਲਾ ਬੱਚੀ ਜੇ ਆਪਣੇ ਸਕੂਲ ’ਚ ਸਹੇਲੀ ਨੂੰ ਆਪਣੀ ਹੱਡਬੀਤੀ ਨਾ ਸੁਣਾਉਂਦੀ ਤਾਂ ਪਤਾ ਨਹੀਂ ਹੋਰ ਕਿੰਨਾ ਸਮਾਂ ਉਸ ਨੂੰ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਣਾ ਸੀ। ਉਸ ਦੇ ਪ੍ਰਿੰਸੀਪਲ ਤੇ ਨਵਚੇਤਨਾ ਬਾਲ ਭਲਾਈ ਕਮੇਟੀ ਵਲੋਂ ਉਕਤ ਮਾਮਲਾ ਪੁਲਸ ਕੋਲ ਉਠਾਉਣ ਕਾਰਨ ਉਹ ਇਸ ਦਲਦਲ ’ਚੋਂ ਬਾਹਰ ਨਿਕਲ ਸਕੀ।
ਨਾਂ ਬਦਲ ਕੇ ਨਵਾਂ ਬਣਵਾ ਦਿੱਤਾ ਆਧਾਰ ਕਾਰਡ
  ਵਿਦਿਆਰਥਣ ਮੁਤਾਬਕ ਉਸ ਨੇ ਆਪਣੀ ਤੀਜੀ ਕਲਾਸ ਤੱਕ ਦੀ ਪੜ੍ਹਾਈ ਹੁਸ਼ਿਆਰਪੁਰ ਅਤੇ ਚੌਥੀ  ਕਲਾਸ ਦੀ ਪੜ੍ਹਾਈ ਗੁਰਾਇਆ ਦੇ ਸਰਕਾਰੀ ਸਕੂਲ ਵਿਚ ਕੀਤੀ ਤੇ ਜਦ ਮਾਂ ਨੇ ਉਕਤ ਜੋੜੇ  ਕੋਲ  ਮੈਨੂੰ ਗੋਦ ਦਿੱਤਾ ਤਾਂ ਉਸ ਨੇ ਲੁਧਿਆਣਾ ਦੇ ਸਰਕਾਰੀ ਸਕੂਲ ਵਿਚ 5ਵੀਂ ਤੋਂ ਪੜ੍ਹਾਈ ਸ਼ੁਰੂ ਕੀਤੀ।  ਇਸ ਦੌਰਾਨ ਉਸ  ਨੂੰ  ਗੋਦ  ਲੈਣ  ਵਾਲੇ ਮਾਤਾ-ਪਿਤਾ ਨੇ ਉਸ ਦਾ ਨਾਂ ਵੀ ਬਦਲ ਦਿੱਤਾ ਅਤੇ ਨਵੇਂ ਨਾਂ ’ਤੇ  ਉਸ ਦਾ ਆਧਾਰ ਕਾਰਡ ਬਣਵਾ ਦਿੱਤਾ।
ਪੁਲਸ ਕਾਰਵਾਈ ਤੋਂ ਬਾਅਦ ਭੇਜਿਆ ਜਾਵੇਗਾ ਚਿਲਡਰਨ ਹੋਮ
ਚਾਈਲਡ ਵੈੱਲਫੇਅਰ ਕਮੇਟੀ ਦੇ ਚੇਅਰਮੈਨ ਅਤੇ ਰਿਟਾਇਰ ਪ੍ਰਸ਼ਾਸਨਿਕ ਅਧਿਕਾਰੀ ਜਤਿੰਦਰਪਾਲ  ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਮਾਮਲਾ ਆ ਚੁੱਕਿਆ ਹੈ ਅਤੇ ਉਨ੍ਹਾਂ ਦੀ ਟੀਮ ਨੇ ਵੀ  ਵਿਦਿਆਰਥਣ ਨੂੰ ਟੇਕਓਵਰ ਕਰ ਲਿਆ ਹੈ। ਫਿਲਹਾਲ ਪੁਲਸ ਆਪਣੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੀ ਕਾਰਵਾਈ ਹੋਣ ਦੇ ਬਾਅਦ ਵਿਦਿਆਰਥਣ ਨੂੰ ਚਿਲਡਰਨ ਹੋਮ ਭੇਜਿਆ  ਜਾਵੇਗਾ।
ਗੋਦ ਲੈਂਦੇ ਸਮੇਂ ਕਾਨੂੰਨੀ ਪ੍ਰਕਿਰਿਆ ਵਰਤੀ ਜਾਂ ਨਹੀਂ ਹੋਵੇਗੀ ਜਾਂਚ : ਐੱਸ. ਐੱਚ. ਓ.
ਥਾਣਾ ਇੰਚਾਰਜ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਨੂੰ ਗੋਦ ਲੈਂਦੇ ਸਮੇਂ ਉਕਤ ਦੋਸ਼ੀ  ਜੋੜੇ ਨੇ ਕਾਨੂੰਨੀ ਪ੍ਰਕਿਰਿਆ ਵਰਤੀ  ਜਾਂ ਨਹੀਂ ਪੁਲਸ ਇਸ ਬਾਰੇ ਵੀ ਜਾਂਚ ਕਰ ਰਹੀ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮਾਮਲੇ  ਨਾਲ ਜੁਡ਼ੇ ਹਰ ਪਹਿਲੂ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਤੱਥ ਵੀ  ਸਾਹਮਣੇ ਆ ਸਕਣ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। 
ਨਵਚੇਤਨਾ ਬਾਲ ਭਲਾਈ ਕਮੇਟੀ ਤੇ ਚਾਈਲਡ ਲਾਈਨ ਨੇ ਲਈ ਬੱਚੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ
  ਪ੍ਰਿੰਸੀਪਲ ਨੇ ਦੱਸਿਆ ਕਿ 11 ਸਾਲਾ ਬੱਚੀ ’ਤੇ ਹੋ ਰਹੇ ਇਸ ਜ਼ੁਲਮ ਸਬੰਧੀ ਉਨ੍ਹਾਂ ਨੇ  ਪੁਲਸ ’ਚ ਸ਼ਿਕਾਇਤ ਦੇਣ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਬਣਾਈ ਚਾਈਲਡ ਵੈੱਲਫੇਅਰ ਕਮੇਟੀ ਨੂੰ ਵੀ  ਮਾਮਲੇ ਦੀ ਜਾਣਕਾਰੀ ਦਿੱਤੀ। ਉਧਰ ਨਵਚੇਤਨਾ ਬਾਲ ਭਲਾਈ ਕਮੇਟੀ ਦੇ ਪ੍ਰਧਾਨ ਸੁਖਧੀਰ  ਸਿੰਘ ਸੇਖੋਂ ਕੋਲ ਵੀ ਮਾਮਲੇ ਦੀ ਸੂਚਨਾ ਪਹੁੰਚਦੇ ਹੀ ਉਨ੍ਹਾਂ ਨੇ ਚਾਈਲਡ ਲਾਈਨ ਦੇ  ਹੈਲਪਲਾਈਨ ਨੰਬਰ 1098 ’ਤੇ ਸੂਚਿਤ ਕੀਤਾ। ਸ਼ੁੱਕਰਵਾਰ ਨੂੰ ਸਕੂਲ ’ਚ ਜ਼ਿਲਾ ਬਾਲ ਸੁਰੱਖਿਆ  ਯੂਨਿਟ ਦੀ ਟੀਮ ਪੂਨਮ ਕੌਸ਼ਲ ਦੇ ਨਾਲ ਪੁੱਜੀ, ਜਿਨ੍ਹਾਂ ਨੇ ਵਿਦਿਆਰਥਣ ਦੇ ਬਿਆਨ ਦਰਜ  ਕੀਤੇ। ਨਵਚੇਤਨਾ ਬਾਲ ਭਲਾਈ ਕਮੇਟੀ ਦੇ ਪ੍ਰਮੁੱਖ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਦੀ  ਐੱਨ. ਜੀ. ਓ. ਵਲੋਂ ਵਿਦਿਆਰਥਣ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਚਾਈਲਡ  ਲਾਈਨ ਦੇ ਕੋਆਰਡੀਨੇਟਰ ਬਲਰਾਜ ਸਿੰਘ ਗਰੇਵਾਲ ਨੇ ਕਿਹਾ ਕਿ ਵਿਦਿਆਰਥਣ ਦੀ ਪਡ਼੍ਹਾਈ ਪੂਰੀ  ਕਰਵਾਉਣ ਲਈ ਪੂਰੇ ਇੰਤਜ਼ਾਮ ਕੀਤੇ ਜਾਣਗੇ। 


Related News